ਮੈਟਰੋ ’ਚ ਸ਼ਰਾਬ ਪੀਣ ’ਤੇ ਰੋਕ ਰਹੇਗੀ ਜਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਮੈਟਰੋ ਵਿਚ ਸਫਰ ਕਰਨ ਵਾਲੇ ਯਾਤਰੀ ਹੁਣ ਆਪਣੇ ਸਮਾਨ ਦੇ ਨਾਲ ਸ਼ਰਾਬ ਦੀਆਂ ਦੋ ਬੋਤਲਾਂ ਵੀ ਲਿਜਾ ਸਕਣਗੇ, ਪਰ ਮੈਟਰੋ ਵਿਚ ਸ਼ਰਾਬ ਪੀਣ ’ਤੇ ਪਾਬੰਦੀ ਜਾਰੀ ਰਹੇਗੀ। ਇਸ ਲਈ ਦਿੱਲੀ ਮੈਟਰੋ ਰੇਲ ਪ੍ਰਬੰਧਨ ਨੇ ਅੱਜ ਸ਼ੁੱਕਰਵਾਰ ਨੂੰ ਆਪਣੀ ਮਨਜੂਰੀ ਦੇ ਦਿੱਤੀ ਹੈ। ਹਾਲਾਂਕਿ ਇਸ ਲਈ ਜੋ ਇਕ ਛੋਟੀ ਜਿਹੀ ਸ਼ਰਤ ਰੱਖੀ ਗਈ ਹੈ, ਉਹ ਇਹ ਹੈ ਕਿ ਬੋਤਲਾਂ ’ਤੇ ਸੀਲ ਲੱਗੀ ਹੋਣੀ ਚਾਹੀਦੀ ਹੈ। ਜਾਣਕਾਰੀ ਅਨੁਸਾਰ ਮੈਟਰੋ ਵਿਚ ਆਪਣੇ ਨਾਲ ਸ਼ਰਾਬ ਲਿਜਾਣ ਦੀ ਇਹ ਸਹੂਲਤ ਇਸ ਤੋਂ ਪਹਿਲਾਂ ਸਿਰਫ ਦਿੱਲੀ ਮੈਟਰੋ ਦੀ ਏਅਰਪੋਰਟ ਐਕਸਪ੍ਰੈਸ ਲਾਈਨ ’ਤੇ ਹੀ ਉਪਲਬਧ ਸੀ, ਪਰ ਮੁੜ ਪਾਬੰਦੀਆਂ ਵਾਲੀ ਸੂਚੀ ਦੀ ਸਮੀਖਿਆ ਤੋਂ ਬਾਅਦ ਡੀ.ਐਮ.ਆਰ.ਸੀ. ਨੇ ਹੁਣ ਇਸ ਨੂੰ ਬਾਕੀ ਸਾਰੀਆਂ ਲਾਈਨਾਂ ’ਤੇ ਵੀ ਲਾਗੂ ਕਰਨ ਦੀ ਮਨਜੂਰੀ ਦੇ ਦਿੱਤੀ ਹੈ। ਡੀ.ਐਮ.ਆਰ.ਸੀ. ਦੇ ਪਿ੍ਰੰਸੀਪਲ ਐਗਜ਼ੀਕਿਊਟਿਵ ਡਾਇਰੈਕਟਰ ਕਾਰਪੋਰੇਟ ਕਮਿਊਨੀਕੇਸ਼ਨ ਅਨੁਜ ਦਿਆਲ ਵਲੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਦੱਸਿਆ ਗਿਆ ਕਿ ਪਹਿਲਾਂ ਦੇ ਨਿਰਦੇਸ਼ ਅਨੁਸਾਰ ਏਅਰਪੋਰਟ ਐਕਸਪ੍ਰੈਸ ਲਾਈਨ ਨੂੰ ਛੱਡ ਕੇ ਦਿੱਲੀ ਮੈਟਰੋ ਵਿਚ ਸ਼ਰਾਬ ਲਿਜਾਉਣ ’ਤੇ ਪਾਬੰਦੀ ਸੀ। ਹਾਲਾਂਕਿ ਬਾਅਦ ਵਿਚ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ ਅਤੇ ਡੀ.ਐਮ.ਆਰ.ਸੀ. ਦੇ ਅਧਿਕਾਰੀਆਂ ਦੀ ਇਕ ਕਮੇਟੀ ਵਲੋਂ ਸੂਚੀ ਦੀ ਸਮੀਖਿਆ ਕਰਨ ਤੋਂ ਬਾਅਦ ਸੋਧ ਸੂਚੀ ਅਨੁਸਾਰ ਹੁਣ ਏਅਰਪੋਰਟ ਐਕਸਪ੍ਰੈਸ ਲਾਈਨ ’ਤੇ ਲਾਗੂ ਪ੍ਰਬੰਧਾਂ ਦੇ ਅਨੁਸਾਰ ਹੀ ਦਿੱਲੀ ਮੈਟਰੋ ’ਚ ਹੀ ਹੁਣ ਯਾਤਰੀਆਂ ਨੂੰ ਪ੍ਰਤੀ ਵਿਅਕਤੀ ਸ਼ਰਾਬ ਦੀਆਂ ਦੋ ਸੀਲਬੰਦ ਬੋਤਲਾਂ ਲਿਜਾਉਣ ਦੀ ਮਨਜੂਰੀ ਦੇ ਦਿੱਤੀ ਗਈ ਹੈ।