Breaking News
Home / ਭਾਰਤ / ਯੂਪੀ ‘ਚ ਸਮਾਜਵਾਦੀ ਪਾਰਟੀ ਦੇ ਸਾਈਕਲ ‘ਤੇ ਚੜ੍ਹੀ ਕਾਂਗਰਸ

ਯੂਪੀ ‘ਚ ਸਮਾਜਵਾਦੀ ਪਾਰਟੀ ਦੇ ਸਾਈਕਲ ‘ਤੇ ਚੜ੍ਹੀ ਕਾਂਗਰਸ

Akilesh copy copyਸਮਾਜਵਾਦੀ ਪਾਰਟੀ 298 ਤੇ ਕਾਂਗਰਸ 105 ਸੀਟਾਂ ‘ਤੇ ਲੜੇਗੀ ਚੋਣ
ਲਖਨਊ/ਬਿਊਰੋ ਨਿਊਜ਼
ਸੀਟਾਂ ਨੂੰ ਲੈ ਕੇ ਕੁਝ ਦਿਨਾਂ ਤੋਂ ਚੱਲ ਰਹੇ ਤਣਾਅ ਨੂੰ ਖ਼ਤਮ ਕਰਦਿਆਂ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਨੂੰ ਅੰਤਮ ਰੂਪ ਦੇ ਦਿੱਤਾ। ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਵੇਂ ਪਾਰਟੀਆਂ ਦੇ ਆਗੂਆਂ ਨੇ ਦੱਸਿਆ ਕਿ ਸਮਾਜਵਾਦੀ ਪਾਰਟੀ 298 ਅਤੇ ਕਾਂਗਰਸ 105 ਸੀਟਾਂ ‘ਤੇ ਚੋਣ ਲੜੇਗੀ। ਯੂਪੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜ ਬੱਬਰ ਨੇ ਕਿਹਾ ਕਿ ਹਫ਼ਤੇ ਦੇ ਅੰਦਰ ਘੱਟੋ-ਘੱਟ ਸਾਂਝੇ ਪ੍ਰੋਗਰਾਮ ਦਾ ਖਰੜਾ ਤਿਆਰ ਕਰ ਲਿਆ ਜਾਏਗਾ। ਦੋਵੇਂ ਪਾਰਟੀਆਂ ਦਰਮਿਆਨ ਪਿਛਲੇ ਕਈ ਦਿਨਾਂ ਤੋਂ ਸੀਟਾਂ ਦੀ ਵੰਡ ਨੂੰ ਲੈ ਕੇ ਰੇੜਕਾ ਚੱਲ ਰਿਹਾ ਸੀ ਅਤੇ ਕੋਈ ਵੀ ਧਿਰ ਘੱਟ ਸੀਟਾਂ ਲੈਣ ਲਈ ਨਹੀਂ ਮੰਨ ਰਹੀ ਸੀ। ਸੀਨੀਅਰ ਕਾਂਗਰਸ ਆਗੂ ਅਹਿਮਦ ਪਟੇਲ ਨੇ ਪਹਿਲਾਂ ਟਵੀਟ ਕਰਕੇ ਦੱਸਿਆ ਸੀ ਕਿ ਅਖਿਲੇਸ਼, ਪ੍ਰਿਅੰਕਾ ਗਾਂਧੀ ਅਤੇ ਹੋਰ ਆਗੂਆਂ ਦਰਮਿਆਨ ਸੀਟਾਂ ਸਬੰਧੀ ਵਿਚਾਰ ਵਟਾਂਦਰਾ ਹੋ ਰਿਹਾ ਹੈ। ਆਰਜੇਡੀ ਪ੍ਰਧਾਨ ਲਾਲੂ ਪ੍ਰਸਾਦ ਅਤੇ ਤ੍ਰਿਣਮੂਲ ਕਾਂਗਰਸ ਮੁਖੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ઠਮਮਤਾ ਬੈਨਰਜੀ ਨੇ ਸਮਝੌਤਾ ਹੋਣ ‘ਤੇ ਆਸ ਜਤਾਈ ਹੈ ਕਿ ਸੂਬੇ ਵਿਚ ਫਿਰਕੂ ਤਾਕਤਾਂ ਨੂੰ ਹਾਰ ਮਿਲੇਗੀ।
ਸਮਾਜਵਾਦੀ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਜਾਰੀ: ਸਮਾਜਵਾਦੀ ਪਾਰਟੀ ਨੇ ਉੱਤਰ ਪ੍ਰਦੇਸ਼ ਦੇ ਚੌਤਰਫ਼ਾ ਵਿਕਾਸ ਲਈ ਚੋਣ ਮਨੋਰਥ ਪੱਤਰ ਵਿਚ ਕਈ ਯੋਜਨਾਵਾਂ ਦੇ ਵਾਅਦੇ ਕੀਤੇ ਹਨ। ‘ਕਾਮ ਬੋਲਤਾ ਹੈ’ ਦੇ ਨਾਅਰੇ ਹੇਠ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਪਾਰਟੀ ਪ੍ਰਧਾਨ ਦੀ ਹੈਸੀਅਤ ਵਜੋਂ ਚੋਣ ਮਨੋਰਥ ਪੱਤਰ ਜਾਰੀ ਕੀਤਾ। ઠਮੈਨੀਫੈਸਟੋ ਵਿਚ ਲੈਪਟਾਪ ਵੰਡਣ, ਕੰਨਿਆ ਵਿਦਿਆ ਧਨ, ਸਮਾਜਵਾਦੀ ਪੈਨਸ਼ਨ, ਪੂਰਵਾਂਚਲ ਐਕਸਪ੍ਰੈਸਵੇਅ ਬਣਾਉਣ ਅਤੇ ਜਨੇਸ਼ਵਰ ਮਿਸ਼ਰਾ ਆਦਰਸ਼ ਪਿੰਡ ਸਥਾਪਤ ਕੀਤੇ ਜਾਣ ਦੇ ਵਾਅਦੇ ਕੀਤੇ ਗਏ ਹਨ। ਅਖਿਲੇਸ਼-ਮਾਇਆਵਤੀ ਮਿਹਣੋਂ ਮਿਹਣੀ: ਅਖਿਲੇਸ਼ ਯਾਦਵ ਨੇ ਬਸਪਾ ‘ਤੇ ਵਰ੍ਹਦਿਆਂ ਕਿਹਾ ਕਿ ਪਹਿਲਾਂ ਬਣੀ ਸਰਕਾਰ ‘ਪੱਥਰਾਂ ਵਾਲੀ ਸਰਕਾਰ’ ਸੀ। ਉਨ੍ਹਾਂ ਕਿਹਾ ਕਿ ਉਸ ਸਰਕਾਰ ਨੇ ਸਿਰਫ਼ ਹਾਥੀਆਂ ਦੇ ਬੁੱਤ ਹੀ ਲਾਉਣ ਦਾ ਕੰਮ ਕੀਤਾ ਅਤੇ ਹੁਣ ਵੀ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਸੂਬੇ ਵਿਚ ਵੱਡੇ-ਵੱਡੇ ਹਾਥੀਆਂ ਦੇ ਬੁੱਤ ਲਾ ਦਿੱਤੇ ਜਾਣਗੇ। ਉਧਰ ਬਸਪਾ ਮੁਖੀ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਦੇ ਮੈਨੀਫੈਸਟੋ ਨੂੰ ਰਸਮੀ ਅਤੇ ਪ੍ਰਚਾਰ ਸ਼ੋਸ਼ਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਸੂਬੇ ਲਈ ਕੁਝ ਵੀ ਨਹੀਂ ਕੀਤਾ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …