ਤਿੰਨ ਦਲਿਤ ਭੈਣਾਂ ‘ਤੇ ਸੁੱਟਿਆ ਤੇਜ਼ਾਬ, ਇੱਕ ਦੀ ਹਾਲਤ ਗੰਭੀਰ
ਗੌਂਡਾ/ਬਿਊਰੋ ਨਿਊਜ਼
ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕੀਤੇ ਗਏ ਸਾਰੇ ਦਾਅਵਿਆਂ ਦੀ ਪੋਲ ਖੁੱਲ੍ਹ ਚੁੱਕੀ ਹੈ। ਔਰਤਾਂ ਵਿਰੁੱਧ ਜ਼ੁਲਮ ਦੀ ਇੱਕ ਹੋਰ ਘਟਨਾ ਗੌਂਡਾ ਵਿੱਚ ਵਾਪਰੀ। ਇੱਥੇ ਤਿੰਨ ਦਲਿਤ ਭੈਣਾਂ ‘ਤੇ ਤੇਜ਼ਾਬ ਨਾਲ ਹਮਲਾ ਕੀਤਾ ਗਿਆ। ਤੇਜ਼ਾਬ ਦੇ ਹਮਲੇ ਵਿੱਚ ਤਿੰਨੇ ਭੈਣਾਂ ਸੜ ਗਈਆਂ, ਜਦਕਿ ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਤੇਜ਼ਾਬੀ ਹਮਲੇ ਦੀ ਇਹ ਸਨਸਨੀਖੇਜ਼ ਘਟਨਾ ਪਰਸਪੁਰ ਖੇਤਰ ਦੇ ਪਿੰਡ ਪੇਸਕਾ ਦੀ ਹੈ। ਇਹ ਤਿੰਨੋਂ ਭੈਣਾਂ ਘਰ ਦੀ ਛੱਤ ‘ਤੇ ਸੁੱਤੀਆਂ ਹੋਈਆਂ ਸਨ। ਰਾਤ ਦੇ ਕਰੀਬ ਦੋ ਵਜੇ ਤਿੰਨੋਂ ਚੀਕਦੇ ਹੋਏ ਹੇਠਾਂ ਉੱਤਰੀਆਂ ਤਾਂ ਉਨ੍ਹਾਂ ਦੇ ਪਿਤਾ ਨੇ ਦੇਖਿਆ ਕਿ ਧੀਆਂ ਦਾ ਚਿਹਰਾ ਝੁਲਸ ਗਿਆ ਸੀ। ਬਾਅਦ ਵਿੱਚ ਪਤਾ ਲੱਗਿਆ ਕਿ ਬੇਟੀਆਂ ‘ਤੇ ਤੇਜ਼ਾਬ ਸੁੱਟਿਆ ਗਿਆ ਹੈ।