11.2 C
Toronto
Saturday, October 25, 2025
spot_img
Homeਭਾਰਤਪੁਲਵਾਮਾ ਹਮਲੇ ਦਾ ਮਾਸਟਰ ਮਾਈਂਡ ਮੁਕਾਬਲੇ 'ਚ ਹਲਾਕ

ਪੁਲਵਾਮਾ ਹਮਲੇ ਦਾ ਮਾਸਟਰ ਮਾਈਂਡ ਮੁਕਾਬਲੇ ‘ਚ ਹਲਾਕ

ਸ੍ਰੀਨਗਰ : ਲੰਘੀ 14 ਫਰਵਰੀ ਨੂੰ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਦਾ ਮਾਸਟਰ ਮਾਈਂਡ ਦੱਖਣੀ ਕਸ਼ਮੀਰ ਦੇ ਤਰਾਲ ਇਲਾਕੇ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਮਾਰਿਆ ਗਿਆ। ਜੈਸ਼-ਏ-ਮੁਹੰਮਦ ਨਾਲ ਸਬੰਧਤ ਮ੍ਰਿਤਕ ਅੱਤਵਾਦੀ ਦੀ ਪਛਾਣ ਮੁਦਾਸਿਰ ਅਹਿਮਦ ਖ਼ਾਨ (23) ਵਜੋਂ ਹੋਈ ਹੈ। ਤਰਾਲ ਦੇ ਪਿੰਗਲਿਸ਼ ਇਲਾਕੇ ਵਿਚ ਹੋਏ ਮੁਕਾਬਲੇ ਵਿਚ ਖ਼ਾਨ ਤੋਂ ਇਲਾਵਾ ਇਕ ਹੋਰ ਅੱਤਵਾਦੀ ਵੀ ਮਾਰਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਇਹ ਮੁਕਾਬਲਾ ਐਤਵਾਰ ਸ਼ਾਮ ਨੂੰ ਸ਼ੁਰੂ ਹੋਇਆ ਸੀ ਤੇ ਸੋਮਵਾਰ ਸਵੇਰੇ ਤੱਕ ਜਾਰੀ ਰਿਹਾ। ਦੂਜੇ ਅੱਤਵਾਦੀ ਦੀ ਸ਼ਨਾਖ਼ਤ ਨਹੀਂ ਹੋ ਸਕੀ। ਇਸ ਤੋਂ ਪਹਿਲਾਂ ਉਸ ਦੇ ਜੈਸ਼-ਏ-ਮੁਹੰਮਦ ਦਾ ਕਾਰਕੁਨ ਸੱਜਾਦ ਭੱਟ ਹੋਣ ਦਾ ਦਾਅਵਾ ਕੀਤਾ ਗਿਆ ਸੀ, ਜਿਸ ਦੀ ਕਾਰ ਪੁਲਵਾਮਾ ਹਮਲੇ ਲਈ ਵਰਤੀ ਗਈ ਸੀ। ਭੱਟ ਦੇ ਭਰਾ ਨੇ ਮ੍ਰਿਤਕ ਦੀ ਦੇਹ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ ਕਿਉਂਕਿ ਇਹ ਕਾਫ਼ੀ ਸੜ ਚੁੱਕੀ ਸੀ ਤੇ ਪਛਾਣੀ ਨਹੀਂ ਜਾ ਰਹੀ ਸੀ। ਜਦਕਿ ਖ਼ਾਨ ਦੇ ਪਰਿਵਾਰ ਨੇ ਉਸ ਦੀ ਮ੍ਰਿਤਕ ਦੇਹ ਸਵੀਕਾਰ ਕਰ ਲਈ ਹੈ। ਫ਼ੌਜ, ਸੂਬਾ ਪੁਲਿਸ ਤੇ ਨੀਮ ਫ਼ੌਜੀ ਬਲਾਂ ਵੱਲੋਂ ਕਾਹਲੀ ਵਿਚ ਸੱਦੀ ਗਈ ਸਾਂਝੀ ਮੀਡੀਆ ਕਾਨਫ਼ਰੰਸ ਮੌਕੇ 15 ਕੋਰ ਦੇ ਜੀਓਸੀ ਕੰਵਲ ਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਖ਼ਾਨ ਸੀਆਰਪੀਐੱਫ ਦੇ ਕਾਫ਼ਲੇ ‘ਤੇ ਕੀਤੇ ਗਏ ਹਮਲੇ ਦਾ ‘ਮੁੱਖ ਸਾਜ਼ਿਸ਼ਕਰਤਾ’ ਸੀ। ਜੰਮੂ ਕਸ਼ਮੀਰ ਵਿਚ ਸੀਆਰਪੀਐੱਫ ਦੇ ਇੰਸਪੈਕਟਰ ਜਨਰਲ ਜੁਲਫ਼ੀਕਾਰ ਹਸਨ ਨੇ ਕਿਹਾ ਕਿ ਮੁਦਾਸਿਰ ਅਹਿਮਦ ਖ਼ਾਨ ਉਰਫ਼ ‘ਮੁਹੰਮਦ ਭਾਈ’ ਮੁਕਾਬਲੇ ਵਿਚ ਮਾਰੇ ਗਏ ਦੋ ਅੱਤਵਾਦੀਆਂ ਵਿਚੋਂ ਇਕ ਹੈ ਹਾਲਾਂਕਿ ਉਨ੍ਹਾਂ ਇਸ ਮੁਕਾਬਲੇ ਨੂੰ ਸੁਰੱਖਿਆ ਬਲਾਂ ਦੀ ਮੌਤ ਦਾ ‘ਬਦਲਾ’ ਲੈਣ ਦੀ ਕਾਰਵਾਈ ਮੰਨਣ ਤੋਂ ਟਾਲਾ ਵੱਟਿਆ ਤੇ ਕਿਹਾ ਕਿ ਉਹ ਸ਼ਾਂਤੀ ਦੇ ਹਾਮੀ ਹਨ। ਲੈਫ਼ਟੀਨੈਂਟ ਜਨਰਲ ਢਿੱਲੋਂ ਨੇ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਵੱਖ-ਵੱਖ ਮੁਕਾਬਲਿਆਂ ਵਿਚ 18 ਅੱਤਵਾਦੀ ਮਾਰੇ ਗਏ ਹਨ। ਸੀਆਰਪੀਐੱਫ ਦੇ ਕਾਫ਼ਲੇ ਵਿਚ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਕਾਰ ਮਾਰ ਕੇ ਆਤਮਘਾਤੀ ਹਮਲਾ ਕਰਨ ਵਾਲਾ ਆਦਿਲ ਲਗਾਤਾਰ ਖ਼ਾਨ ਦੇ ਸੰਪਰਕ ‘ਚ ਸੀ।

RELATED ARTICLES
POPULAR POSTS