ਅਹਿਮਦਾਬਾਦ : ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਦੋਸ਼ ਲਗਾਇਆ ਕਿ ਉਹ ਆਪਣੀਆਂ ਨਾਕਾਮੀਆਂ ਤੇ ਲਗਾਤਾਰ ਬੋਲੇ ਝੂਠਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਕੌਮੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਨਾਲ ਖਿਲਵਾੜ ਕਰ ਰਹੇ ਹਨ ਤੇ ਕਾਂਗਰਸ ਹੁਣ ਭਾਜਪਾ ਨੂੰ ਲੋਕਾਂ ਨੂੰ ਮੁੜ ਮੂਰਖ ਬਣਾਉਣ ਨਹੀਂ ਦੇਵੇਗੀ। ਪ੍ਰਧਾਨ ਮੰਤਰੀ ਮੋਦੀ ਦੇ ਪਿੱਤਰੀ ਸੂਬੇ ਤੋਂ ਲੋਕਾਂ ਨੂੰ ਸੁਨੇਹਾ ਦਿੰਦਿਆਂ ਕਾਂਗਰਸ ਨੇ ਕਿਹਾ ਕਿ ਉਹ ਚੋਣਾਂ ਦੌਰਾਨ ਬਿਹਤਰ ਤਬਦੀਲੀ ਤੇ ਦੇਸ਼ ਦੀ ਵਿਗੜੀ ਆਰਥਿਕਤਾ ਸੁਧਾਰਨ ਲਈ ਲੋਕਾਂ ਤੱਕ ਪਹੁੰਚ ਕਰੇਗੀ। ਕਾਂਗਰਸ ਨੇ ਇੱਥੇ ਸਾਬਰਮਤੀ ਆਸ਼ਰਮ ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਪਾਸ ਕੀਤੇ ਗਏ ਮਤੇ ਤਹਿਤ ਪ੍ਰਧਾਨ ਮੰਤਰੀ ‘ਤੇ ਇਹ ਹਮਲਾ ਬੋਲਿਆ ਗਿਆ। ਇਸ ਮੀਟਿੰਗ ਵਿਚ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਅਹਿਮਦ ਪਟੇਲ, ਗੁਲਾਮ ਨਬੀ ਆਜ਼ਾਦ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਪਾਰਟੀ ਦੇ ਸਾਰੇ ਸੀਨੀਅਰ ਆਗੂ ਹਾਜ਼ਰ ਸਨ। ਕਾਂਗਰਸ ਨੇ ਨਾਲ ਹੀ ਸਾਰੀਆਂ ਲੋਕਤੰਤਰਿਕ ਤਾਕਤਾਂ ਨੂੰ ਇੱਕਜੁੱਟ ਹੋ ਕੇ ਭਾਜਪਾ ਖ਼ਿਲਾਫ਼ ਡਟਣ ਲਈ ਕਿਹਾ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ, ‘ਮਹਾਤਮਾ ਗਾਂਧੀ ਦੇ ਇਤਿਹਾਸਕ ਦਾਂਡੀ ਮਾਰਚ ਦੀ ਵਰ੍ਹੇਗੰਢ ਮੌਕੇ ਕਾਂਗਰਸ ਵਰਕਿੰਗ ਕਮੇਟੀ ਨੇ ਆਰਐੱਸਐੱਸ/ਭਾਜਪਾ ਦੀ ਫਾਸੀਵਾਦੀ, ਨਫਰਤ ਤੇ ਵੰਡ ਪਾਉਣ ਵਾਲੀ ਵਿਚਾਰਧਾਰਾ ਨੂੰ ਹਰਾਉਣ ਦਾ ਅਹਿਦ ਲਿਆ ਹੈ। ਇਸ ਕੋਸ਼ਿਸ਼ ਵਿਚ ਹਰ ਕੁਰਬਾਨੀ ਛੋਟੀ ਹੈ। ਇਹ ਲੜਾਈ ਜਿੱਤੀ ਜਾਵੇਗੀ।’
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …