ਕਿਹਾ : ਕਿਸਾਨਾਂ ਦੀਆਂ ਭਾਵਨਾਵਾਂ ਨਾਲ ਨਾ ਖੇਡੇ ਮੋਦੀ ਸਰਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਸਰਕਾਰ ਦੀ ਝੋਨੇ ਦੀ ਖਰੀਦ ਨੀਤੀ ਖਿਲਾਫ਼ ਸੰਘਰਸ਼ ਨੂੰ ਤਿੱਖਾ ਕਰਦਿਆਂ ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਓ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਸਵਾਲ ਕੀਤਾ ਹੈ ਕਿ ਕੀ ਕੇਂਦਰ ਸਰਕਾਰ ਸੂਬੇ ’ਚੋਂ ਝੋਨਾ ਖਰੀਦੇਗੀ ਜਾਂ ਨਹੀਂ। ਕੇਸੀਆਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨਾਕਾਮ ਰਹੀ ਤਾਂ ਉਹ ਇਸ ਅੰਦੋਲਨ ਨੂੰ ਦੇਸ਼ ਭਰ ਵਿੱਚ ਲੈ ਕੇ ਜਾਣਗੇ। ਤਿਲੰਗਾਨਾ ਭਵਨ ਵਿੱਚ ਟੀਆਰਐੱਸ ਆਗੂਆਂ ਨਾਲ ਧਰਨੇ ’ਤੇ ਬੈਠੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਨਾ ਖੇਡੋ, ਉਨ੍ਹਾਂ ਕੋਲ ਸਰਕਾਰ ਦਾ ਤਖ਼ਤਾ ਪਲਟਣ ਦੀ ਤਾਕਤ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕੋਈ ਭਿਖਾਰੀ ਨਹੀਂ ਹਨ, ਉਨ੍ਹਾਂ ਨੂੰ ਆਪਣੀ ਜਿਣਸ ਦਾ ਘੱਟੋ-ਘੱਟ ਸਮਰਥਨ ਮੁੱਲ ਮੰਗਣ ਦਾ ਪੂਰਾ ਹੱਕ ਹੈ। ਰਾਓ ਨੇ ਕਿਹਾ ਮੈਂ ਮੋਦੀ ਜੀ ਤੇ ਪਿਊਸ਼ ਗੋਇਲ ਨੂੰ ਬੇਨਤੀ ਕਰਦਾ ਹਾਂ ਕਿ ਸੂਬੇ ਦੀ ਝੋਨੇ ਦੀ ਖਰੀਦ ਸਬੰਧੀ ਮੰਗ ਦਾ 24 ਘੰਟਿਆਂ ਵਿੱਚ ਜਵਾਬ ਦੇਣ। ਇਸ ਮਗਰੋਂ ਅਸੀਂ ਭਵਿੱਖੀ ਰਣਨੀਤੀ ਬਾਰੇ ਫੈਸਲਾ ਲਵਾਂਗੇ। ਉਧਰ ਭਾਰਤੀ ਕਿਸਾਨ ਯੂਨੀਅਨ ਦੇ ਮੁੱਖ ਬੁਲਾਰੇ ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕੀਤੀ ਤੇ ਮੁੱਖ ਮੰਤਰੀ ਰਾਓ ਨਾਲ ਇਕਮੁੱਠਤਾ ਦਾ ਇਜ਼ਹਾਰ ਕੀਤਾ।