ਰੋਹਿਤ ਵੇਮੁੱਲਾ ਜਾਂਚ ਕਮੇਟੀ ਦੇ ਮਾਮਲੇ ‘ਤੇ ਹੋਇਆ ਹੰਗਾਮਾ, ਸਦਨ ਦੀ ਕਾਰਵਾਈ ‘ਚ ਵਾਰ-ਵਾਰ ਅੜਿੱਕਾ
ਨਵੀਂ ਦਿੱਲੀ/ਬਿਊਰੋ ਨਿਊਜ਼
ਬਜਟ ਇਜਲਾਸ ਦੇ ਪਹਿਲੇ ਕੰਮਕਾਜੀ ਦਿਨ ਹੀ ਰਾਜ ਸਭਾ ਵਿਚ ਹੁਕਮਰਾਨ ਅਤੇ ਵਿਰੋਧੀ ਧਿਰ ਆਹਮੋ-ਸਾਹਮਣੇ ਆ ਗਏ। ਦਲਿਤ ਖੋਜਾਰਥੀ ਰੋਹਿਤ ਵੇਮੁੱਲਾ ਦੀ ਖੁਦਕੁਸ਼ੀ ਦੇ ਮਾਮਲੇ ਵਿਚ ਬਸਪਾ ਮੁਖੀ ਮਾਇਆਵਤੀ ਅਤੇ ਮਨੁੱਖੀ ਵਸੀਲਿਆੲ ਬਾਰੇ ਵਿਕਾਸ (ਐਚਆਰਡੀ) ਮੰਤਰੀ ਸਮ੍ਰਿਤੀ ਇਰਾਨੀ ਵਿਚ ਤਿੱਖੀਆਂ ਸ਼ਬਦੀ ਝੜਪਾਂ ਦੇਖਣ ਨੂੰ ਮਿਲੀਆਂ। ਸਦਨ ਦੀ ਕਾਰਵਾਈ ਵਿਚ ਵਾਰ-ਵਾਰ ਅੜਿੱਕਾ ਪੈਂਦਾ ਰਿਹਾ ਅਤੇ ਅਖੀਰ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ। ਉਧਰ ਲੋਕ ਸਭਾ ਵਿਚ ਭਾਜਪਾ ਨੇ ਖੱਬੇ ਪੱਖੀਆਂ ਅਤੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਕਰੜੇ ਹੱਥੀਂ ਲਿਆ।
ਮਾਇਆਵਤੀ ਨੇ ਸਰਕਾਰ ‘ਤੇ ਦੋਸ਼ ਲਾਇਆ ਕਿ ਉਹ ਵੇਮੁੱਲਾ ਦੇ ਮੁੱਦੇ ਨੂੰ ਅਣਗੌਲਿਆਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਐਚਆਰਡੀ ਮੰਤਰੀ ਨੇ ਪਲਟਵਾਰ ਕਰਦਿਆਂ ਕਿਹਾ ਕਿ ਵਿਰੋਧੀ ਧਿਰ ‘ਮ੍ਰਿਤਕ ਬੱਚੇ’ (ਰੋਹਿਤ) ਨੂੰ ਸਿਆਸੀ ਹਥਿਆਰ ਅਤੇ ਰਣਨੀਤੀ ਵਜੋਂ ਵਰਤ ਰਹੀ ਹੈ। ਮਾਇਆਵਤੀ ਨੇ ਵੇਮੁੱਲਾ ਘਟਨਾ ਨੂੰ ’25 ਕਰੋੜ ਦਲਿਤਾਂ’ ਦਾ ਨਿਰਾਦਰ ਕਰਾਰ ਦਿੰਦਿਆਂ ਦੋ ਕੇਂਦਰੀ ਮੰਤਰੀਆਂ ਅਤੇ ਹੈਦਰਾਬਾਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਅਸਤੀਫ਼ੇ ਮੰਗੇ। ਉਨ੍ਹਾਂ ਕਿਹਾ, ”ਜਦੋਂ ਦੀ ਕੇਂਦਰ ਵਿਚ ਭਾਜਪਾ ਸਰਕਾਰ ਬਣੀ ਹੈ, ਆਰਐਸਐਸ ਦੀ ਵਿਚਾਰਧਾਰਾ ਨੂੰ ਥੋਪਣ ਲਈ ਨਾਪਾਕ ਇਰਾਦਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਰੋਹਿਤ ਵੱਲੋਂ ਖੁਦਕੁਸ਼ੀ ਦਾ ਇਕੱਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਯੂਪੀਏ ਸਰਕਾਰ ਵੇਲੇ ਵੀ ਕਈ ਦਲਿਤ ਵਿਦਿਆਰਥੀਆਂ ਨੇ ਖੁਦਕੁਸ਼ੀਆਂ ਕੀਤੀਆਂ ਸਨ।” ਜਾਂਚ ਕਮੇਟੀ ਵਿਚ ਦਲਿਤ ਮੈਂਬਰ ਨੂੰ ਸ਼ਾਮਲ ਕਰਨ ਦੀ ਮੰਗ ਬਾਬਤ ਬਸਪਾ ਮੁਖੀ ਨੇ ਕਿਹਾ ਕਿ ਐਨਡੀਏ ਸਰਕਾਰ ਨਾਗਪੁਰ (ਆਰਐਸਐਸ) ਤੋਂ ਸੰਕੇਤ ਦੀ ਉਡੀਕ ਕਰ ਰਹੀ ਹੈ।
ਬਸਪਾ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਨਾਅਰੇਬਾਜ਼ੀ ਦਰਮਿਆਨ ਐਚਆਰਡੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਵਿਰੋਧੀ ਧਿਰ ਮ੍ਰਿਤਕ ਬੱਚੇ (ਰੋਹਿਤ) ਨੂੰ ਸਿਆਸੀ ਹਥਿਆਰ ਬਣਾ ਕੇ ਵਰਤ ਰਹੀ ਹੈ। ਉਸ ਨੇ ਵਿਰੋਧੀ ਧਿਰ ਨੂੰ ਕਿਹਾ ਕਿ ਉਹ ਇਸ ਮੁੱਦੇ ‘ਤੇ ਤੁਰੰਤ ਬਹਿਸ ਸ਼ੁਰੂ ਕਰੇ। ਮਾਇਆਵਤੀ ਵੱਲੋਂ ਵਾਰ-ਵਾਰ ਕੀਤੀ ਜਾ ਰਹੀ ਮੰਗ ‘ਤੇ ਇਰਾਨੀ ਨੇ ਕਿਹਾ, ”ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹਾਂ। ਪਹਿਲਾਂ ਤੁਸੀਂ ਬਹਿਸ ਦੀ ਇਜਾਜ਼ਤ ਦਿਉ। ਤੁਸੀਂ ਮੇਰੇ ਨਾਲੋਂ ਸੀਨੀਅਰ ਹੋ। ਤੁਸੀਂ ਵੀ ਇਸਤਰੀ ਹੋ। ਜੇਕਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਜਵਾਬ ਦੇਣ ਲਈ ਤਿਆਰ ਹਾਂ। ਜੇਕਰ ਤੁਸੀਂ ਮੇਰੇ ਜਵਾਬ ਤੋਂ ਸੰਤੁਸ਼ਟ ਨਾ ਹੋਏ ਤਾਂ ਮੈਂ ਆਪਣਾ ਸਿਰ ਕਲਮ ਕਰ ਕੇ ਤੁਹਾਡੇ ਚਰਨਾਂ ਵਿਚ ਰੱਖ ਦੇਵਾਂਗੀ।”
ਭਾਰਤ ਦੀ ਵਿਕਾਸ ਗਾਥਾ ਵਿਚ ਖੱਬੇ-ਪੱਖੀ ‘ਪ੍ਰੇਤ’ ਵਾਂਗ: ਭਾਜਪਾ
ਭਾਜਪਾ ਨੇ ਲੋਕ ਸਭਾ ਵਿਚ ਖੱਬੇ-ਪੱਖੀ ਪਾਰਟੀਆਂ ਨੂੰ ਕਰਾਰੇ ਹੱਥੀਂ ਲੈਂਦਿਆਂ ਦੋਸ਼ ਲਾਇਆ ਕਿ ਭਾਰਤ ਦੀ ਵਿਕਾਸ ਗਾਥਾ ਵਿਚ ਉਹ ‘ਪ੍ਰੇਤ’ ਵਾਂਗ ਹਨ। ਮੰਨਿਆ ਜਾ ਰਿਹਾ ਹੈ ਕਿ ਕੇਰਲਾ ਵਿਚ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਭਾਜਪਾ ਵੱਲੋਂ ਖੱਬੇ-ਪੱਖੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਦਿੱਤੇ ਗਏ ਭਾਸ਼ਨ ‘ਤੇ ਧੰਨਵਾਦ ਮਤੇ ‘ਤੇ ਬੋਲਦਿਆਂ ਭਾਜਪਾ ਮੈਂਬਰ ਮੀਨਾਕਸ਼ੀ ਲੇਖੀ ਨੇ ਕਿਹਾ, ”ਜਦੋਂ ਅਸੀਂ ਬੱਚੇ ਸੀ ਤਾਂ ਪਰੀ ਕਥਾਵਾਂ ਵਿਚ ਪ੍ਰੇਤ ਜਾਂ ਡਾਇਣ ਨੂੰ ਦੇਖਦੇ ਸੀ। ਬਸ ਉਨ੍ਹਾਂ ਵਾਂਗ ਹੀ ਹਰੇਕ ਵਿਕਾਸ ਗਾਥਾ ਵਿਚ ਪ੍ਰੇਤ ਹਨ।”
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …