ਕਿਹਾ ; ਭਾਰਤੀ ਅਰਥਚਾਰਾ ਵਿਕਾਸ ਤੇ ਤਰੱਕੀ ਦੇ ਰਾਹ ਉੱਤੇ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤੀ ਅਰਥਚਾਰਾ ਤੇਜ਼ੀ ਨਾਲ ਤਰੱਕੀ ਦੇ ਰਾਹ ‘ਤੇ ਅੱਗੇ ਵੱਧ ਰਿਹਾ ਹੈ, ਜਿਸ ਕਰਕੇ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਏ ਹਨ। ਨੌਜਵਾਨਾਂ ਨੂੰ 51 ਹਜ਼ਾਰ ਨਿਯੁਕਤੀ ਪੱਤਰ ਵੰਡਣ ਲਈ ਰੱਖੇ ਰੁਜ਼ਗਾਰ ਮੇਲੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਟੋਮੋਬਾਈਲ, ਫਾਰਮਾ, ਸੈਰ-ਸਪਾਟਾ ਤੇ ਫੂਡ ਪ੍ਰੋਸੈਸਿੰਗ ਸੈਕਟਰਾਂ ਦੇ ਤੇਜ਼ ਰਫ਼ਤਾਰ ਨਾਲ ਅੱਗੇ ਵਧਣ ਦੀਆਂ ਸੰਭਾਵਨਾਵਾਂ ਹਨ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਖੁੱਲ੍ਹਣਗੇ। ਮੋਦੀ ਵੱਲੋਂ ਵਰਚੁਅਲੀ ਸੰਬੋਧਨ ਕੀਤੇ ਰੁਜ਼ਗਾਰ ਮੇਲੇ ਵਿਚ ਦੇਸ਼ ਭਰ ਵਿਚ 45 ਥਾਵਾਂ ਤੋਂ ਕੇਂਦਰੀ ਨੀਮ ਫੌਜੀ ਬਲਾਂ, ਨਾਰਕੋਟਿਕਸ ਕੰਟਰੋਲ ਬਿਊਰੋ ਤੇ ਦਿੱਲੀ ਪੁਲੀਸ ਦੇ ਨਵੇਂ ਐਂਪੁਆਇੰਟੀ ਸ਼ਾਮਲ ਹੋਏ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਭ ਤੋਂ ਤੇਜ਼ੀ ਨਾਲ ਵਿਕਸਤ ਹੁੰਦੇ ਅਰਥਚਾਰੇ ਵਜੋਂ ਉਭਰਿਆ ਹੈ ਤੇ ਇਸ ਦਹਾਕੇ ਵਿਚ ਜਲਦੀ ਹੀ ਇਹ ਵਿਸ਼ਵ ਦੇ ਸਿਖਰਲੇ ਤਿੰਨ ਅਰਥਚਾਰਿਆਂ ਵਿਚ ਸ਼ਾਮਲ ਹੋਵੇਗਾ ਅਤੇ ਇਸ ਦਾ ਫਾਇਦਾ ਆਮ ਆਦਮੀ ਨੂੰ ਹੋਵੇਗਾ। ਉਨ੍ਹਾਂ ਕਿਹਾ, ”ਕਿਸੇ ਵੀ ਅਰਥਚਾਰੇ ਦੇ ਵਿਕਾਸ ਲਈ ਜ਼ਰੂਰੀ ਹੈ ਕਿ ਹਰ ਖੇਤਰ ਵਿਚ ਵਿਕਾਸ ਹੋਵੇ। ਖੁਰਾਕ ਸੈਕਟਰ ਤੋਂ ਫਾਰਮਾਸਿਊਟੀਕਲਜ਼, ਪੁਲਾੜ ਤੋਂ ਸਟਾਰਟ-ਅੱਪਸ, ਜਦੋਂ ਹਰੇਕ ਸੈਕਟਰ ਤਰੱਕੀ ਕਰੇਗਾ,ਉਦੋਂ ਅਰਥਚਾਰਾ ਵੀ ਅੱਗੇ ਵਧੇਗਾ।” ਮੋਦੀ ਨੇ ਕਿਹਾ ਕਿ ਸਾਲ 2030 ਤੱਕ ਇਕੱਲੇ ਸੈਰ-ਸਪਾਟਾ ਸੈਕਟਰ ਤੋਂ ਹੀ ਅਰਥਚਾਰੇ ਵਿਚ 20 ਲੱਖ ਕਰੋੜ ਰੁਪਏ ਦਾ ਯੋਗਦਾਨ ਪੈਣ ਦੀ ਉਮੀਦ ਸੀ ਤੇ ਇਹ ਖੇਤਰ 13-14 ਕਰੋੜ ਨਵੇਂ ਰੁਜ਼ਗਾਰ ਪੈਦਾ ਕਰਨ ਦੇ ਸਮਰੱਥ ਹੈ। ਮੋਦੀ ਨੇ ਫਾਰਮਾਸਿਊਟੀਕਲ ਇੰਡਸਟਰੀ ਦੀ ਮਿਸਾਲ ਦੇ ਹਵਾਲੇ ਨਾਲ ਕਿਹਾ ਕਿ ਮੌਜੂਦਾ ਸਮੇਂ ਇਹ ਸੈਕਟਰ 4 ਲੱਖ ਕਰੋੜ ਰੁਪਏ ਦਾ ਹੈ ਤੇ ਅਗਲੇ ਸੱਤ ਸਾਲਾਂ ਵਿਚ ਇਸ ਦੇ ਵਧ ਕੇ 10 ਲੱਖ ਕਰੋੜ ਰੁਪਏ ਹੋਣ ਦੀ ਆਸ ਹੈ। ਉਨ੍ਹਾਂ ਕਿਹਾ, ”ਇਸ ਦਾ ਕੀ ਮਤਲਬ ਹੈ? ਇਸ ਦਾ ਅਰਥ ਹੈ ਕਿ ਇਸ ਦਹਾਕੇ ਵਿੱਚ ਫਾਰਮਾ ਸਨਅਤ ਨੂੰ ਬਹੁਤ ਸਾਰੇ ਨੌਜਵਾਨਾਂ ਦੀ ਲੋੜ ਹੈ। ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।” ਉਨ੍ਹਾਂ ਯੂਪੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਅਪਰਾਧ ਦੀ ਦਰ ਘਟਣ ਨਾਲ ਨਿਵੇਸ਼ ਦੇ ਮੌਕੇ ਵਧਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਨੌਂ ਸਾਲਾਂ ਵਿੱਚ ਸਰਕਾਰ ਵੱਲੋਂ ਕੀਤੇ ਯਤਨਾਂ ਸਦਕਾ ਤਬਦੀਲੀ ਦਾ ਇਕ ਨਵਾਂ ਯੁੱਗ ਵੇਖਿਆ ਜਾ ਸਕਦਾ ਹੈ।
ਕਾਂਗਰਸ ਵੱਲੋਂ ਰੁਜ਼ਗਾਰ ਮੇਲਾ ਢਕਵੰਜ ਕਰਾਰ
ਨਵੀਂ ਦਿੱਲੀ : ਕਾਂਗਰਸ ਨੇ ਦੇਸ਼ ਵਿੱਚ ਕਥਿਤ ਰੁਜ਼ਗਾਰ ਦੇ ਮੌਕੇ ਘਟਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੁਕਤਾਚੀਨੀ ਕੀਤੀ ਹੈ। ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੀ ਦਿੱਖ ਨੂੰ ਬਚਾਉਣ ਤੇ ‘ਅਗਾਮੀ ਲੋਕ ਸਭਾ ਚੋਣਾਂ ਦਾ ਸੇਕ’ ਮਹਿਸੂਸ ਕਰਨ ਮਗਰੋਂ ਹੀ ਰੁਜ਼ਗਾਰ ਮੇਲੇ ਕਰਨ ਲੱਗੇ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਰੁਜ਼ਗਾਰ ਮੇਲਿਆਂ ਨੂੰ ‘ਈਐੱਮਆਈ- ਐਂਪਟੀ ਮੈਨੀਪੁਲੇਟਿਵ ਇੰਸਟਾਲਮੈਂਟਸ (ਖਾਲੀ ਕਪਟੀ ਕਿਸ਼ਤਾਂ) ਕਰਾਰ ਦਿੱਤਾ। ਉਨ੍ਹਾਂ ਕਿਹਾ, ”ਮੋਦੀ ਜੀ ਸਾਲਾਨਾ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਈਐੱਮਆਈ’ਜ਼ ਦੀ ਸ਼ਕਲ ਵਿੱਚ ਸਾਡੇ ਨੌਜਵਾਨਾਂ ਨੂੰ ਕੁਝ ਹਜ਼ਾਰਾਂ ਨਿਯੁਕਤੀ ਪੱਤਰ ਵੰਡ ਰਹੇ ਹਨ। ਮੋਦੀ ਜੀ, ਜੇ ਤੁਹਾਨੂੰ ਨੌਜਵਾਨਾਂ ਦੇ ਭਵਿੱਖ ਬਾਰੇ ਥੋੜ੍ਹੀ ਵੀ ਫਿਕਰ ਹੈ ਤਾਂ ਤੁਸੀਂ ਇਸ ਪੀਆਰ ਸਟੰਟ ਵਿਚ ਸ਼ਾਮਲ ਹੋ ਕੇ ਨੌਜਵਾਨਾਂ ਦੀਆਂ ਇੱਛਾਵਾਂ ਨਾਲ ਨਾ ਖੇਡਦੇ। ਦੇਸ਼ ਦੇ ਨੌਜਵਾਨਾਂ ਨੇ ਭਾਜਪਾ ਦੇ ਝੂਠ, ਢਕਵੰਜ ਤੇ ਧੋਖੇ ਨੂੰ ਪਛਾਣ ਲਿਆ ਹੈ, ਅਤੇ ਉਹ ਯਕੀਨੀ ਤੌਰ ‘ਤੇ ਮੋਦੀ ਸਰਕਾਰ ਨੂੰ 2024 ਵਿੱਚ ਬਾਹਰ ਦਾ ਰਾਹ ਵਿਖਾਉਣਗੇ।” ਉਧਰ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਰੁਜ਼ਗਾਰ ਮੇਲਿਆਂ ਨੂੰ ‘ਸਭ ਤੋਂ ਵੱਡੇ ਜੁਮਲੇ’ ਕਰਾਰ ਦਿੱਤਾ।