-4.6 C
Toronto
Wednesday, December 3, 2025
spot_img
Homeਭਾਰਤਕੇਂਦਰ ਵਲੋਂ ਬਰਾਮਦ ਤੇ ਰੀਅਲ ਅਸਟੇਟ ਲਈ 70 ਹਜ਼ਾਰ ਕਰੋੜ ਰੁਪਏ ਦਾ...

ਕੇਂਦਰ ਵਲੋਂ ਬਰਾਮਦ ਤੇ ਰੀਅਲ ਅਸਟੇਟ ਲਈ 70 ਹਜ਼ਾਰ ਕਰੋੜ ਰੁਪਏ ਦਾ ਪੈਕੇਜ

ਵਿੱਤ ਮੰਤਰੀ ਦਾ ਦਾਅਵਾ – ਰਾਹਤਾਂ ਦੇ ਐਲਾਨ ਨਾਲ ਅਰਥਚਾਰੇ ‘ਚ ਆਵੇਗਾ ਸੁਧਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬਰਾਮਦ ਅਤੇ ਰੀਅਲ ਅਸਟੇਟ ਸੈਕਟਰ ਨੂੰ ਹੁਲਾਰਾ ਦੇਣ ਲਈ 70 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਪੈਕੇਜ ਦਾ ਐਲਾਨ ਕੀਤਾ ਹੈ। ਭਾਰਤੀ ਅਰਚਥਾਰੇ ਨੂੰ ਮੰਦੀ ਦੀ ਮਾਰ ‘ਚੋਂ ਕੱਢਣ ਲਈ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਕੇਂਦਰ ਵੱਲੋਂ ਰਾਹਤਾਂ ਦੀ ਤੀਜੀ ਕਿਸ਼ਤ ਜਾਰੀ ਕੀਤੀ ਗਈ ਹੈ। ਸੀਤਾਰਾਮਨ ਨੇ ਦਾਅਵਾ ਕੀਤਾ ਕਿ ਇਨ੍ਹਾਂ ਕਦਮਾਂ ਨਾਲ ਅਰਥਚਾਰੇ ਨੂੰ ਉਭਾਰਨ ‘ਚ ਸਹਾਇਤਾ ਮਿਲੇਗੀ ਅਤੇ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ‘ਚ ਵਿਕਾਸ ਦਰ ‘ਚ ਸੁਧਾਰ ਆਵੇਗਾ। ਖਾਸ ਸੈਕਟਰਾਂ ਨੂੰ ਮੰਦੀ ਤੋਂ ਉਭਾਰਨ ਲਈ ਤੀਜੇ ਵੱਡੇ ਕਦਮਾਂ ਦਾ ਐਲਾਨ ਕਰਦਿਆਂ ਵਿੱਤ ਮੰਤਰੀ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਜਿਹੜੇ ਹਾਊਸਿੰਗ ਪ੍ਰਾਜੈਕਟ ਦਿਵਾਲੀਆ ਹੋਣ ਤੋਂ ਬਚ ਗਏ ਹਨ ਜਾਂ ਜਿਨ੍ਹਾਂ ਨੂੰ ਮਾੜੇ ਕਰਜ਼ਿਆਂ ਦੀ ਸੂਚੀ ‘ਚ ਨਹੀਂ ਰੱਖਿਆ ਗਿਆ ਹੈ, ਉਨ੍ਹਾਂ ਲਈ 20 ਹਜ਼ਾਰ ਕਰੋੜ ਰੁਪਏ ਦਾ ਫੰਡ ਸਥਾਪਤ ਕੀਤਾ ਜਾਵੇਗਾ। ਇਸ ‘ਚੋਂ ਅੱਧੀ ਰਕਮ ਸਰਕਾਰ ਦੇਵੇਗੀ। ਇਸ ਦੇ ਨਾਲ ਹਾਊਸਿੰਗ ਫਾਇਨਾਂਸ ਕੰਪਨੀਆਂ ਨੂੰ ਵਿਦੇਸ਼ਾਂ ਤੋਂ ਫੰਡ ਉਗਰਾਹੁਣ ਲਈ ਨੇਮਾਂ ‘ਚ ਰਾਹਤ ਦਿੱਤੀ ਜਾਵੇਗੀ ਜਦਕਿ ਹਾਊਸਿੰਗ ਬਿਲਡਿੰਗ ਐਡਵਾਂਸ ‘ਤੇ ਵਿਆਜ ਦਰ ਘਟਾ ਦਿੱਤੀ ਗਈ ਹੈ ਜਿਸ ਦਾ ਲਾਹਾ ਸਰਕਾਰੀ ਮੁਲਾਜ਼ਮਾਂ ਨੂੰ ਹੋਵੇਗਾ। ਸੀਤਾਰਾਮਨ ਨੇ ਕਿਹਾ ਕਿ ਵਿਸ਼ੇਸ਼ ਪੂੰਜੀ ਫੰਡ ਦਾ ਲਾਭ ਘਰ ਖ਼ਰੀਦਣ ਵਾਲੇ ਕਰੀਬ ਸਾਢੇ ਤਿੰਨ ਲੱਖ ਲੋਕਾਂ ਨੂੰ ਹੋਵੇਗਾ। ਬਰਾਮਦਕਾਰਾਂ ਨੂੰ ਅਦਾ ਕੀਤੇ ਗਏ ਟੈਕਸਾਂ ਦੀ ਪੂਰਤੀ ਲਈ ਨਵੀਂ ਯੋਜਨਾ ਦਾ ਐਲਾਨ ਕੀਤਾ ਗਿਆ ਹੈ ਅਤੇ ਇਹ ਜਨਵਰੀ 2020 ਤੋਂ ਲਾਗੂ ਹੋਵੇਗੀ। ਬਰਾਮਦ ਉਤਪਾਦਾਂ ‘ਤੇ ਟੈਕਸ ਅਤੇ ਡਿਊਟੀ ‘ਚ ਛੋਟ (ਆਰਓਡੀਟੀਈਪੀ) ਨਾਮ ਦੀ ਇਸ ਯੋਜਨਾ ਨਾਲ ਖ਼ਜ਼ਾਨੇ ‘ਤੇ ਅੰਦਾਜ਼ਨ 50 ਹਜ਼ਾਰ ਕਰੋੜ ਰੁਪਏ ਦਾ ਬੋਝ ਪਵੇਗਾ। ਬਰਾਮਦਕਾਰਾਂ ਲਈ ਹੋਰ ਸਹੂਲਤਾਂ ਦਾ ਐਲਾਨ ਕਰਦਿਆਂ ਮੰਤਰੀ ਨੇ ਕਿਹਾ ਕਿ ਜੀਐੱਸਟੀ ਤਹਿਤ ਇਨਪੁਟ ਟੈਕਸ ਕਰੈਡਿਟ ਲਈ ਪੂਰੀ ਤਰ੍ਹਾਂ ਨਾਲ ਇਲੈਕਟ੍ਰਾਨਿਕ ਰਿਫੰਡ ਪ੍ਰਣਾਲੀ ਅਪਣਾਈ ਜਾਵੇਗੀ ਜੋ ਇਸ ਮਹੀਨੇ ਦੇ ਅਖੀਰ ਤਕ ਸ਼ੁਰੂ ਹੋ ਜਾਵੇਗੀ। ਬਰਾਮਦ ਕਰਜ਼ਾ ਗਾਰੰਟੀ ਨਿਗਮ (ਈਸੀਜੀਸੀ) ਬੀਮਾ ਯੋਜਨਾ ਦਾ ਘੇਰਾ ਵਧਾਏਗਾ। ਇਸ ਕਦਮ ਨਾਲ ਸਰਕਾਰ ‘ਤੇ ਸਾਲਾਨਾ 1700 ਕਰੋੜ ਰੁਪਏ ਦਾ ਬੋਝ ਪਵੇਗਾ। ਰਿਜ਼ਰਵ ਬੈਂਕ ਵੱਲੋਂ 36 ਹਜ਼ਾਰ ਕਰੋੜ ਰੁਪਏ ਤੋਂ 68 ਹਜ਼ਾਰ ਕਰੋੜ ਰੁਪਏ ਦਾ ਵਾਧੂ ਬਰਾਮਦ ਕਰਜ਼ਾ ਵੀ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੁਬਈ ਸ਼ਾਪਿੰਗ ਮੇਲੇ ਦੀ ਤਰਜ਼ ‘ਤੇ ਵਿਸ਼ਾਲ ਸ਼ਾਪਿੰਗ ਮੇਲੇ ਦਾ ਐਲਾਨ ਵੀ ਕੀਤਾ। ਇਹ ਮੇਲੇ ਮਾਰਚ ‘ਚ ਭਾਰਤ ‘ਚ ਚਾਰ ਥਾਵਾਂ ‘ਤੇ ਲਾਏ ਜਾਣਗੇ ਜੋ ਜਵਾਹਰ ਰਤਨ, ਗਹਿਣਿਆਂ, ਦਸਤਕਾਰੀ, ਯੋਗ, ਸੈਰ ਸਪਾਟਾ, ਕੱਪੜੇ ਅਤੇ ਚਮੜੇ ਆਦਿ ਵਸਤਾਂ ‘ਤੇ ਆਧਾਰਿਤ ਹੋਣਗੇ।

RELATED ARTICLES
POPULAR POSTS