ਵੱਖ-ਵੱਖ ਰਾਜਾਂ ਤੋਂ 50 ਹਜ਼ਾਰ ਤੋਂ ਵੱਧ ਕਿਸਾਨ ਪਹੁੰਚੇ
ਲਖਨਊ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ’ਚ ਲੰਘੀ 3 ਅਕਤੂਬਰ ਨੂੰ ਭਾਜਪਾ ਆਗੂਆਂ ਵੱਲੋਂ ਕੀਤੀ ਗਈ ਹਿੰਸਾ ’ਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਯਾਦ ਵਿਚ ਅੰਤਿਮ ਅਰਦਾਸ ਸਮਾਗਮ ਕਰਵਾਇਆ ਗਿਆ। ਅੱਜ ਦੇ ਇਸ ਅੰਤਿਮ ਅਰਦਾਸ ਸਮਾਗਮ ਵਿਚ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਉਤਰ ਪ੍ਰਦੇਸ਼ ਆਦਿ ਰਾਜਾਂ ਦੇ 50 ਹਜ਼ਾਰ ਤੋਂ ਵੱਧ ਕਿਸਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਲਈ ਪਹੁੰਚੇ। ਸ਼ਰਧਾਂਜਲੀ ਸਮਾਗਮ ’ਚ ਸ਼ਾਮਲ ਹੋਣ ਲਈ ਜਾ ਰਹੇ ਕਿਸਾਨਾਂ ਨੂੰ ਰਸਤੇ ਵਿਚ ਥਾਂ-ਥਾਂ ’ਤੇ ਨਾਕੇ ਲਗਾ ਕੇ ਵੀ ਰੋਕਣ ਦਾ ਯਤਨ ਵੀ ਕੀਤਾ। ਅੰਤਿਮ ਅਰਦਾਸ ਮੌਕੇ ਕਿਸਾਨ ਆਗੂਆਂ ਨੇ ਪੰਜ ਵੱਡੇ ਐਲਾਨ ਵੀ ਕੀਤੇ ਜਿਨ੍ਹਾਂ ਵਿਚ ਸਭ ਤੋਂ ਪਹਿਲਾਂ 14 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੂਰੇ ਦੇਸ਼ ਵਿਚ ਪੁਤਲੇ ਫੂਕੇ ਜਾਣਗੇ, ਦੂਜਾ 18 ਅਕਤੂਬਰ ਨੂੰ ਰੇਲਾਂ ਰੋਕੀਆਂ ਜਾਣਗੀਆਂ, ਤੀਜਾ 24 ਅਕਤੂਬਰ ਨੂੰ ਦੇਸ਼ ਦੀਆਂ ਪ੍ਰਮੁੱਖ ਨਦੀਆਂ ਵਿਚ ਸ਼ਹੀਦਾਂ ਦੀਆਂ ਅਸਥੀਆਂ ਨੂੰ ਜਲ੍ਹ ਪ੍ਰਵਾਹ ਕੀਤਾ ਜਾਵੇਗਾ, ਚੌਥਾ ਸ਼ਹੀਦ ਕਿਸਾਨਾਂ ਦਾ ਸ਼ਹੀਦੀ ਸਮਾਰਕ ਬਣਾਇਆ ਜਾਵੇਗਾ ਅਤੇ ਪੰਜਵਾਂ 26 ਅਕਤੂਬਰ ਨੂੰ ਲਖਨਊ ’ਚ ਮਹਾਂਪੰਚਾਇਤ ਹੋਵੇਗੀ। ਇਸ ਮੌਕੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਪੁਲਿਸ ਆਰੋਪੀਆਂ ਖਿਲਾਫ਼ ਬੜੇ ਨਰਮ ਰਵੱਈਏ ਨਾਲ ਪੇਸ਼ ਆ ਰਹੀ ਹੈ ਕਿਉਂਕਿ ਮੰਤਰੀ ਦੇ ਰਹਿਮੋ-ਕਰਮ ’ਤੇ ਰਹਿਣ ਵਾਲੇ ਪੁਲਿਸ ਅਧਿਕਾਰੀ ਆਰੋਪੀਆਂ ਤੋਂ ਸਖਤੀ ਕਿਵੇਂ ਪੁੱਛਗਿੱਛ ਕਰਨ। ਉਨ੍ਹਾਂ ਕਿਹਾ ਕਿ ਜਦੋਂ ਮੰਤਰੀ ਦਾ ਪੁੱਤਰ ਜੇਲ੍ਹ ’ਚ ਨਹੀਂ ਜਾਂਦਾ ਅਤੇ ਵਿਜੇ ਮਿਸ਼ਰਾ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇ ਦਿੰਦਾ ਉਦੋਂ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਅੰਮਿਤ ਅਰਦਾਸ ਮੌਕੇ ਕਿਸਾਨ ਆਗੂ ਰਾਕੇਸ਼ ਟਿਕੈਤ, ਡਾ. ਦਰਸ਼ਨ ਪਾਲ, ਪ੍ਰੋ. ਮਨਜੀਤ ਆਦਿ ਆਗੂਆਂ ਤੋਂ ਇਲਾਵਾ ਕਾਂਗਰਸੀ ਆਗੂ ਰਾਹੁਲ ਗਾਂਧੀ, ਪਿ੍ਰਯੰਕਾ ਗਾਂਧੀ, ਰਾਸ਼ਟਰੀ ਲੋਕ ਦਲ ਦੇ ਆਗੂ ਜਯੰਤ ਚੌਧਰੀ, ਬਲਵੰਤ ਸਿੰਘ ਰਾਮੂਵਾਲੀਆ ਸਮੇਤ ਕਈ ਆਗੂ ਵੀ ਪਹੁੰਚੇ ਪ੍ਰੰਤੂ ਉਨ੍ਹਾਂ ਨੂੰ ਮੰਚ ਤੋਂ ਬੋਲਣ ਨਹੀਂ ਦਿੱਤਾ ਗਿਆ।