ਧਰਤੀ ਦੇ ਪੰਧ ‘ਚ ਚੰਦਰਯਾਨ-2 ਸਫਲਤਾ ਨਾਲ ਸਥਾਪਿਤ, ਚੰਦਰਮਾ ‘ਤੇ ਪਹੁੰਚਣ ਵਾਲਾ ਚੌਥਾ ਦੇਸ਼ ਬਣੇਗਾ ਭਾਰਤ
ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼)/ਬਿਊਰੋ ਨਿਊਜ਼ : ‘ਅਰਬਾਂ ਸੁਪਨਿਆਂ ਨੂੰ ਚੰਦਰਮਾ ਤੱਕ ਲਿਜਾਣ’ ਦੇ ਇਰਾਦੇ ਨਾਲ ਭਾਰਤ ਨੇ ਆਪਣੇ ਦੂਜੇ ਚੰਦਰਮਾ ਮਿਸ਼ਨ ਤਹਿਤ ਚੰਦਰਯਾਨ-2 ਨੂੰ ਸੋਮਵਾਰ ਨੂੰ ਇਥੇ ਤਾਕਤਵਾਰ ਰਾਕੇਟ ਜੀਐੱਸਐੱਲਵੀ-ਐੱਮਕੇ3-ਐੱਮ1 ਜ਼ਰੀਏ ਸਫ਼ਲਤਾ ਨਾਲ ਪੁਲਾੜ ਪੰਧ ‘ਤੇ ਸਥਾਪਤ ਕਰ ਦਿੱਤਾ।
ਜੀਓਸ੍ਰਿੰਕਰੋਨਸ ਸੈਟੇਲਾਈਟ ਲਾਂਚ ਵਾਹਨ ਨੇ ਦੁਪਹਿਰ 2:43 ਵਜੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਬੱਦਲਵਾਈ ਦਰਮਿਆਨ ਪੁਲਾੜ ਲਈ ਉਡਾਣ ਭਰੀ। 16 ਮਿੰਟਾਂ ਮਗਰੋਂ ਰਾਕੇਟ ਨੇ 3850 ਕਿਲੋ ਵਜ਼ਨੀ ਚੰਦਰਯਾਨ-2 ਨੂੰ ਧਰਤੀ ਦੇ ਪੰਧ ‘ਤੇ ਪਾ ਦਿੱਤਾ। ਮਿਸ਼ਨ ਦੀ ਸਫ਼ਲਤਾ ਭਾਰਤੀ ਪੁਲਾੜ ਖੋਜ ਕੇਂਦਰ (ਇਸਰੋ) ਲਈ ਵੱਡੀ ਰਾਹਤ ਹੈ। ਯਾਦ ਰਹੇ ਕਿ ਚੰਦਰਯਾਨ-2 ਨੇ ਪਹਿਲਾਂ 15 ਜੁਲਾਈ ਨੂੰ ਪੁਲਾੜ ਲਈ ਉਡਾਣ ਭਰਨੀ ਸੀ, ਪਰ ਐਨ ਆਖਰੀ ਘੰਟੇ ਤਕਨੀਕੀ ਨੁਕਸ ਕਰਕੇ, ਲਾਂਚ ਨੂੰ ਅੱਗੇ ਪਾਉਣਾ ਪਿਆ ਸੀ।
978 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਮਿਸ਼ਨ ਪੁਲਾੜ ਖੋਜ ਦੇ ਖੇਤਰ ਵਿੱਚ ਭਾਰਤ ਦੀ ਵੱਡੀ ਪੁਲਾਂਘ ਹੈ। ਭਾਰਤ ਚੰਨ ਦੀ ਸਤਹਿ ‘ਤੇ ਰੋਵਰ (ਤੁਰਦਾ ਫਿਰਦਾ ਵਾਹਨ) ਉਤਾਰਨ ਵਾਲਾ ਚੌਥਾ ਮੁਲਕ ਬਣ ਜਾਏਗਾ। ਇਸ ਤੋਂ ਪਹਿਲਾਂ ਚੀਨ, ਰੂਸ ਤੇ ਅਮਰੀਕਾ ਇਹ ਮੀਲਪੱਥਰ ਕਾਇਮ ਕਰ ਚੁੱਕੇ ਹਨ। ਇਸਰੋ ਦੇ ਮੁਖੀ ਕੇ.ਸ਼ਿਵਨ ਦੀ ਅਗਵਾਈ ਵਿੱਚ ਵਿਗਿਆਨੀਆਂ ਨੇ ਇਸ ਪੂਰੇ ਲਾਂਚ ਪ੍ਰੋਗਰਾਮ ਨੂੰ ਪੂਰੀ ਨੀਝ ਨਾਲ ਵੇਖਿਆ ਤੇ ਰਾਕੇਟ ਦੀ ਉਡਾਣ ਦਾ ਅਹਿਮ ਪੜਾਅ ਪੂਰਾ ਹੋਣ ਮਗਰੋਂ ਤਾੜੀਆਂ ਨਾਲ ਇਕ ਦੂਜੇ ਨੂੰ ਵਧਾਈ ਦਿੱਤੀ। ਚੰਦਰਯਾਨ-2 ਮਿਸ਼ਨ ਦੀ ਸਫ਼ਲ ਉਡਾਣ ਮਗਰੋਂ ਇਸਰੋ ਮੁਖੀ ਨੇ ਕਿਹਾ, ‘ਇਹ ਭਾਰਤ ਦੇ ਚੰਦਰਮਾ ਵੱਲ ਇਤਿਹਾਸਕ ਸਫ਼ਰ ਦੀ ਸ਼ੁਰੂਆਤ ਹੈ। ਪਹਿਲਾਂ ਵਿਉਂਤੀ ਉਡਾਣ ਵਿਚ ਐਨ ਆਖਰੀ ਮੌਕੇ ਤਕਨੀਕੀ ਨੁਕਸ ਪੈਣ ਤੋਂ ਬਾਅਦ ਅਸੀਂ ਜ਼ੋਰਦਾਰ ਵਾਪਸੀ ਕੀਤੀ ਹੈ। ਉਪ-ਗ੍ਰਹਿ ਦੇ ਚੰਦਰਮਾ ਨੇੜੇ ਪੁੱਜਣ ਤੋਂ ਪਹਿਲਾਂ ਅਗਲੇ ਡੇਢ ਮਹੀਨੇ ਸਾਡੇ ਲਈ ਕਾਫ਼ੀ ਅਹਿਮ ਹਨ।’
ਇਸਰੋ ਨੇ ਕਿਹਾ ਕਿ 43.43 ਮੀਟਰ ਲੰਮਾ ਤਿੰਨ ਪੜਾਅ ਵਾਲਾ ਰਾਕੇਟ ਜੀਐੱਸਐੱਲਵੀ-ਐੱਮਕੇ3-ਐੱਮ1, ਜਿਸ ਨੂੰ ਵੱਧ ਤੋਂ ਵੱਧ ਪੇਅਲੋਡ ਲਿਜਾਣ ਦੀ ਸਮਰੱਥਾ ਕਰਕੇ ਬਾਹੂਬਲੀ ਵੀ ਕਿਹਾ ਜਾਂਦਾ ਹੈ, ਨੇ ਚੰਦਰਯਾਨ-2 ਨੂੰ ਸਫ਼ਲਤਾ ਨਾਲ ਧਰਤੀ ਦੇ ਗ੍ਰਹਿ ਪੰਧ ‘ਤੇ ਪਾ ਦਿੱਤਾ। ਚੰਦਰਯਾਨ-2 ਤਿੰਨ ਹਿੱਸਿਆਂ ਵਾਲਾ ਪੁਲਾੜੀ ਜਹਾਜ਼ ਹੈ, ਜਿਸ ਵਿੱਚ ਓਰਬਿਟਰ, ਲੈਂਡਰ ਤੇ ਰੋਵਰ ਸ਼ਾਮਲ ਹਨ। ਚੰਦਰਮਾ ਦੀ ਸਤਹਿ ‘ਤੇ ਉਤਰਨ ਤੋਂ ਪਹਿਲਾਂ ਪੁਲਾੜੀ ਜਹਾਜ਼ ਵੱਲੋਂ 15 ਅਹਿਮ ਮਸ਼ਕਾਂ ਨੂੰ ਪੂਰਾ ਕੀਤਾ ਜਾਵੇਗਾ। ਚੰਦਰਯਾਨ-2 ਦੇ ਸਤੰਬਰ ਦੇ ਪਹਿਲੇ ਹਫ਼ਤੇ 6 ਸਤੰਬਰ ਜਾਂ 7 ਸਤੰਬਰ ਨੂੰ ਵੱਡੇ ਤੜਕੇ ਚੰਦਰਮਾ ‘ਤੇ ਉਤਰਨ ਦੀ ਸੰਭਾਵਨਾ ਹੈ।
ਵਿਗਿਆਨੀਆਂ ਮੁਤਾਬਕ ਲੈਂਡਰ, ਚੰਦਰਮਾ ਦੇ ਦੱਖਣੀ ਪੋਲ ਖੇਤਰ ਵਿੱਚ ਸਾਫ਼ਟ ਲੈਂਡਿੰਗ ਕਰੇਗਾ, ਜਿੱਥੇ ਅਜੇ ਤਕ ਕੋਈ ਮੁਲਕ ਨਹੀਂ ਪੁੱਜ ਸਕਿਆ। ਉਪ-ਗ੍ਰਹਿ ਦੇ ਪੁਲਾੜ ਪੰਧ ‘ਤੇ ਸਥਾਪਤ ਹੋਣ ਮਗਰੋਂ ਵਿਗਿਆਨੀਆਂ ਵੱਲੋਂ ਅਗਲੇ 48 ਦਿਨਾਂ ਤੱਕ ਮਿਸ਼ਨ ਦੇ ਵੱਖ-ਵੱਖ ਪੜਾਵਾਂ ‘ਤੇ ਕੰਮ ਕਰਦਿਆਂ ਲੜੀਵਾਰ ਕਈ ਮਸ਼ਕਾਂ ਨੂੰ ਪੂਰਾ ਕੀਤਾ ਜਾਵੇਗਾ। ਪੁਲਾੜ ਏਜੰਸੀ ਨੇ ਕਿਹਾ ਕਿ ਲਾਂਚ ਨੂੰ ਨਵੇਂ ਸਿਰੇ ਤੋਂ ਵਿਉਂਤਣ ਕਰਕੇ ਚੰਦਰਯਾਨ ਨੂੰ ਧਰਤੀ ਦੇ ਪੰਧ ‘ਤੇ 17 ਦੀ ਥਾਂ ਹੁਣ 23 ਦਿਨਾਂ ਲਈ ਰਹਿਣਾ ਪਏਗਾ। ਇਹ ਪੜਾਅ ਮੁਕੰਮਲ ਹੋਣ ਮਗਰੋਂ ਪੁਲਾੜੀ ਜਹਾਜ਼ ਦਾ ਪੰਧ 1.05 ਲੱਖ ਕਿਲੋਮੀਟਰ ਤੱਕ ਵੱਧ ਜਾਵੇਗਾ ਤੇ ਅਗਲੇ ਦੋ ਦਿਨਾਂ ਵਿਚ ਇਹ ਲੂਨਰ ਟਰਾਂਸਫਰ ਟਰਾਜੈਕਟਰੀ ਵਿਚ ਹੋਵੇਗਾ, ਜੋ ਕਿ ਚੰਦਰਮਾ ਦੇ ਬਿਲਕੁਲ ਨੇੜੇ ਹੈ। ਲੈਂਡਰ ਨੂੰ ਵਿਕਰਮ ਜਦੋਂ ਕਿ ਰੋਵਰ ਨੂੰ ਪ੍ਰਗਿਆਨ ਦਾ ਨਾਂ ਦਿੱਤਾ ਗਿਆ ਹੈ। ਲੈਂਡਰ ਪਹਿਲਾਂ ਚੰਦ ਦੀ ਸਤਹਿ ‘ਤੇ ਉਤਰੇਗਾ ਜਦੋਂਕਿ ਰੋਵਰ ਮਗਰੋਂ ਇਸ ਦੀ ਸਤਹਿ ‘ਤੇ ਇਧਰ ਉਧਰ ਘੁੰਮ ਕੇ ਤਸਵੀਰਾਂ ਲਏਗਾ। ਲੈਂਡਰ ਵਿਕਰਮ ਦਾ ਨਾਂ ਭਾਰਤੀ ਪੁਲਾੜ ਖੋਜ ਪ੍ਰੋਗਰਾਮ ਦੇ ਪਿਤਾਮਾ ਡਾ. ਵਿਕਰਮ ਏ. ਸਾਰਾਭਾਈ ਦੇ ਨਾਮ ‘ਤੇ ਰੱਖਿਆ ਗਿਆ ਹੈ। 27 ਕਿਲੋ ਵਜ਼ਨੀ ਪ੍ਰਗਿਆਨ ਦਾ ਸੰਸਕ੍ਰਿਤ ਵਿਚ ਅਰਥ ਸਿਆਣਪ ਹੈ ਤੇ ਛੇ ਟਾਇਰਾਂ ਵਾਲੇ ਰੋਬੋਟਿਕ ਵਾਹਨ ਦਾ ਮੁੱਖ ਕੰਮ ਚੰਦ ਦੀ ਸਤਹਿ ਤੋਂ ਜਾਣਕਾਰੀ ਇਕੱਤਰ ਕਰਨਾ ਹੋਵੇਗਾ। ਚੰਦਰਯਾਨ-2 ਨੇ ਇਸਰੋ ਦੇ ਚੰਦ ਵੱਲ ਪਹਿਲੇ ਸਫ਼ਲ ਮਿਸ਼ਨ ਚੰਦਰਯਾਨ-1 ਤੋਂ ਗਿਆਰਾਂ ਸਾਲਾਂ ਮਗਰੋਂ ਉਡਾਣ ਭਰੀ ਹੈ।
ਚੰਦਰਯਾਨ-2 ਦੀ ਸਫ਼ਲ ਉਡਾਣ ਵਿਗਿਆਨ ਵਿਚ ਨਵੇਂ ਦਿਸਹੱਦਿਆਂ ਨੂੰ ਸਰ ਕਰਨ ਦੀ ਮਿਸਾਲ : ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ-2 ਦੀ ਸਫ਼ਲ ਉਡਾਣ ਨੂੰ ਵਿਗਿਆਨ ਦੇ ਖੇਤਰ ਵਿੱਚ ਨਵੀਆਂ ਸਰਹੱਦਾਂ ਨੂੰ ਸਰ ਕਰਨ ਦੀ ਭਾਰਤੀ ਵਿਗਿਆਨੀਆਂ ਦੀ ਮੁਹਾਰਤ ਤੇ 130 ਕਰੋੜ ਭਾਰਤੀਆਂ ਦੇ ਦ੍ਰਿੜ ਸੰਕਲਪ ਦੀ ਮਿਸਾਲ ਦੱਸਿਆ ਹੈ। ਮੋਦੀ ਨੇ ਲੜੀਵਾਰ ਟਵੀਟ ਕਰਦਿਆਂ ਕਿਹਾ ਕਿ ਅੱਜ ਹਰ ਭਾਰਤੀ ਬੇਹੱਦ ਮਾਣ ਮਹਿਸੂਸ ਕਰ ਰਿਹਾ ਹੈ। ਚੰਦਰਯਾਨ-2 ਵਿੱਚ ਵਰਤੀ ਭਾਰਤੀ ਪ੍ਰਣਾਲੀ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘ਦਿਲੋਂ ਵੀ ਭਾਰਤੀ, ਹਿੰਮਤ ਤੇ ਜੋਸ਼ ਪੱਖੋ ਵੀ ਭਾਰਤੀ। ਚੰਦਰਯਾਨ-2 ਵਰਗੀਆਂ ਕੋਸ਼ਿਸ਼ਾਂ ਸਾਡੇ ਹੋਣਹਾਰ ਨੌਜਵਾਨਾਂ ਨੂੰ ਵਿਗਿਆਨ, ਸਿਖਰਲੇ ਮਿਆਰ ਦੀ ਖੋਜ ਤੇ ਕਾਢ ਲਈ ਹੋਰ ਹੱਲਾਸ਼ੇਰੀ ਦੇਣਗੇ। ਚੰਦਰਯਾਨ ਦਾ ਧੰਨਵਾਦ, ਭਾਰਤ ਦੇ ਚੰਦਰਮਾ ਪ੍ਰੋਗਰਾਮ ਨੂੰ ਅਹਿਮ ਹੁਲਾਰਾ ਮਿਲੇਗਾ।’ ਉਨ੍ਹਾਂ ਕਿਹਾ, ‘ਇਹ ਮਿਸ਼ਨ ਆਪਣੇ ਆਪ ਵਿਚ ਨਿਵੇਕਲਾ ਹੈ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …