Breaking News
Home / ਭਾਰਤ / ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦਾ ਦਿਹਾਂਤ

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦਾ ਦਿਹਾਂਤ

ਸਾਰੀਆਂ ਰਾਜਨੀਤਕ ਪਾਰਟੀਆਂ ਵਲੋਂ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਮੁੱਖ ਮੰਤਰੀ ਵਜੋਂ 15 ਸਾਲ ਲਗਾਤਾਰ ਰਾਜ ਕਰਨ ਵਾਲੀ ਦਿੱਲੀ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਸ਼ੀਲਾ ਦੀਕਸ਼ਿਤ ਦਾ ਸ਼ਨੀਵਾਰ ਨੂੰ ਐਸਕਾਰਟਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦਾ ਐਤਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਸਰਕਾਰ ਕਰ ਦਿੱਤਾ ਗਿਆ। ਉਹ 81 ਸਾਲਾਂ ਦੇ ਸਨ। ਉਹ ਆਪਣੇ ਪਿੱਛੇ ਪੁੱਤਰ ਸੰਦੀਪ ਦੀਕਸ਼ਤ ਤੇ ਧੀ ਲਤਿਕਾ ਸੱਯਦ ਤੇ ਭਰਿਆ ਪਰਿਵਾਰ ਛੱਡ ਗਈ ਹੈ। ਦੀਕਸ਼ਿਤ ਨੂੰ ਬਾਅਦ ਦੁਪਹਿਰ ਸਵਾ ਤਿੰਨ ਵਜੇ ਦੇ ਕਰੀਬ ਦਿਲ ਦਾ ਦੌਰਾ ਪਿਆ ਤੇ ਉਨ੍ਹਾਂ ਨੂੰ ਵੈਂਟੀਲੇਟਰ ਉਪਰ ਰੱਖਿਆ ਗਿਆ ਪਰ 3.55 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਦੀਕਸ਼ਿਤ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਪਰ ਬਚਾਇਆ ਨਾ ਜਾ ਸਕਿਆ। ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਤੇ ਪਹਿਲਾਂ ਵੀ ਉਨ੍ਹਾਂ ਦੇ ਅਪਰੇਸ਼ਨ ਹੋ ਚੁੱਕੇ ਸਨ। ਪੰਜਾਬ ਦੇ ਕਪੂਰਥਲਾ ਦੇ ਵਿੱਚ 31 ਮਾਰਚ 1938 ਨੂੰ ਜਨਮੀ ਸ਼ੀਲਾ ਨੇ ਸਿੱਖਿਆ ਦਿੱਲੀ ਦੇ ਜੀਸਸ ਐਂਡ ਮੇਰੀ ਸਕੂਲ ਤੋਂ ਸ਼ੁਰੂ ਕੀਤੀ ਤੇ ਫਿਰ ਮਿਰਾਂਡਾ ਹਾਊਸ ਤੋਂ ਐੱਮਏ. ਕੀਤੀ। ਉਨ੍ਹਾਂ ਦਾ ਵਿਆਹ ਕਾਂਗਰਸੀ ਆਗੂ ਉਮਾ ਸ਼ੰਕਰ ਦੀਕਸ਼ਿਤ ਦੇ ਆਈਏਐੱਸ ਪੁੱਤਰ ਵਿਨੋਦ ਦੀਕਸ਼ਿਤ ਨਾਲ ਹੋਇਆ। 1984 ਵਿੱਚ ਉਹ ਕਨੌਜ ਤੋਂ ਲੋਕ ਸਭਾ ਲਈ ਚੁਣੀ ਗਈ ਸੰਸਦੀ ਕਾਰਜ ਮੰਤਰੀ ਬਣੀ ਫਿਰ ਪ੍ਰਧਾਨ ਮੰਤਰੀ ਦਫ਼ਤਰ ਦੀ ਰਾਜ ਮੰਤਰੀ ਵੀ ਬਣੀ। ਉਹ 1998 ਤੋਂ ਲੈ ਕੇ 2013 ਤਕ ਦਿੱਲੀ ਦੀ ਲਗਾਤਾਰ ਤਿੰਨ ਵਾਰ ਮੁੱਖ ਮੰਤਰੀ ਰਹੀ ਪਰ 2013 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਅਰਵਿੰਦ ਕੇਜਰੀਵਾਲ ਤੋਂ ਹਾਰ ਗਈ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਸੰਸਦ ਦੇ ਸਪੀਕਰ ਓਮ ਬਿਰਲਾ ਨੇ ਪੂਰਬੀ ਨਿਜ਼ਾਮੂਦੀਨ ਸਥਿਤ ਰਿਹਾਇਸ਼ ‘ਤੇ ਪਹੁੰਚ ਕੇ ਮਰਹੂਮ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਭੇਟ ਕੀਤੀ। ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਦਿਹਾਂਤ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸੀ ਨੇਤਾ ਰਾਹੁਲ ਗਾਂਧੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਕੈਪਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਬਾਦਲ ਤੋਂ ਇਲਾਵਾ ਹੋਰ ਪ੍ਰਮੁੱਖ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਰਾਜਧਾਨੀ ਦੇ ਕੀਤੇ ਵਿਕਾਸ ਕੰਮਾਂ ਲਈ ਦਿੱਲੀ ਦੀ ਜਨਤਾ ਸ੍ਰੀਮਤੀ ਦੀਕਸ਼ਿਤ ਨੂੰ ਹਮੇਸ਼ਾ ਯਾਦ ਰੱਖੇਗੀ। ਉਪ-ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਨੇ ਉਨ੍ਹਾਂ ਨੂੰ ਇੱਕ ਵਧੀਆ ਪ੍ਰਸ਼ਾਸਕ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਰਾਹੀਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ੍ਰੀਮਤੀ ਦੀਕਸ਼ਿਤ ਨੇ ਦਿੱਲੀ ਦੇ ਵਿਕਾਸ ਲਈ ਜ਼ਿਕਰਯੋਗ ਯੋਗਦਾਨ ਪਾਇਆ। ਸ਼ੀਲਾ ਦੀਕਸ਼ਿਤ ਨੂੰ ‘ਕਾਂਗਰਸ ਦੀ ਪਿਆਰੀ ਧੀ’ ਦੱਸਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਉਹ ਦੁਖੀ ਹਨ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਨੇ ਇੱਕ ਵੱਡੀ ਨੇਤਾ ਗੁਆ ਦਿੱਤੀ ਹੈ ਜੋ ਕਾਂਗਰਸ ਨੂੰ ਸਮਰਪਿਤ ਸੀ।
ਸ਼ੀਲਾ ਦੀਕਸ਼ਤ ਨੇ ਕਪੂਰਥਲਾ ‘ਚ ਗੁਜ਼ਾਰਿਆ ਸੀ ਬਚਪਨ
ਜਲੰਧਰ : ਸ਼ੀਲਾ ਦੀਕਸ਼ਿਤ ਦੇ ਦਿਹਾਂਤ ਦੀ ਖ਼ਬਰ ਸੁਣਦਿਆਂ ਹੀ ਉਸ ਦਾ ਨਾਨਕਾ ਸ਼ਹਿਰ ਕਪੂਰਥਲਾ ਸੋਗ ਵਿੱਚ ਡੁੱਬ ਗਿਆ। ਕਪੂਰਥਲਾ ਵਿੱਚ ਆਪਣੇ ਨਾਨਕਿਆਂ ਦੇ ਘਰ 1938 ਵਿੱਚ ਜਨਮੀ ਸ਼ੀਲਾ ਨੇ ਛੇਵੀਂ ਤੱਕ ਪੜ੍ਹਾਈ ਪੁੱਤਰੀ ਪਾਠਸ਼ਾਲਾ ਵਿੱਚ ਕੀਤੀ ਸੀ, ਜਿੱਥੇ ਉਸ ਦੀ ਨਾਨੀ ਲੱਜਾਵਤੀ ਪ੍ਰਿੰਸੀਪਲ ਸੀ। ਉਨ੍ਹਾਂ ਦਾ ਘਰ ਸਿਵਲ ਹਸਪਤਾਲ ਦੇ ਸਾਹਮਣੇ ਪੈਂਦੇ ਪਰਮਜੀਤ ਗੰਜ ਵਿੱਚ ਸੀ ਅਤੇ ਸ਼ੀਲਾ ਦੇ ਨਾਨਾ ਜੀ ਉਦੋਂ ਕਪੂਰਥਲਾ ਦੇ ਪਹਿਲੇ ਸਿਵਲ ਸਰਜਨ ਸਨ। ਉਨ੍ਹਾਂ ਦੇ ਹਵੇਲੀਨੁਮਾ ਪੁਰਾਣੇ ਘਰ ਨੂੰ ਹੁਣ ਤਾਲਾ ਲੱਗਿਆ ਹੋਇਆ ਹੈ। ਸ਼ੀਲਾ ਦੀਕਸ਼ਿਤ ਦੇ ਮਾਮਾ ਵਿਸ਼ਵਨਾਥਪੁਰੀ ਦਾ ਕੁਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ ਤੇ ਉਨ੍ਹਾਂ ਦੇ ਨੂੰਹ-ਪੁੱਤਰ ਦਿੱਲੀ ਜਾ ਵਸੇ ਹਨ। ਸਾਲ 2004 ਵਿੱਚ ਦਿੱਲੀ ਦੀ ਮੁੱਖ ਮੰਤਰੀ ਹੁੰਦਿਆਂ ਜਦੋਂ ਸ਼ੀਲਾ ਦੀਕਸ਼ਿਤ ਕਪੂਰਥਲਾ ਦੇ ਪੁੱਤਰੀ ਪਾਠਸ਼ਾਲਾ ਦੇ ਸਮਾਗਮ ਵਿੱਚ ਆਈ ਸੀ ਤਾਂ ਉਸ ਨੇ ਉਨ੍ਹਾਂ ਕਮਰਿਆਂ ਦੇ ਬੈਂਚਾਂ ‘ਤੇ ਬੈਠ ਕੇ ਦੇਖਿਆ ਸੀ, ਜਿਨ੍ਹਾਂ ਵਿੱਚ ਉਹ ਬਾਲ ਉਮਰੇ ਪੜ੍ਹਿਆ ਕਰਦੀ ਸੀ। ਉਦੋਂ ਸ਼ੀਲਾ ਦੀਕਸ਼ਿਤ ਨੇ ਸਾਰਾ ਦਿਨ ਸਕੂਲ ਵਿੱਚ ਬਤੀਤ ਕੀਤਾ ਸੀ ਅਤੇ ਉਹ ਸਾਰੇ ਕਮਰਿਆਂ ਵਿੱਚ ਗਈ ਸੀ, ਜਿਨ੍ਹਾਂ ਨਾਲ ਉਸ ਦੀਆਂ ਯਾਦਾਂ ਜੁੜੀਆਂ ਹੋਈਆਂ ਸਨ।

Check Also

ਦਿੱਲੀ ਹਾਈ ਕੋਰਟ ਨੇ ਸੁਨੀਤਾ ਕੇਜਰੀਵਾਲ ਨੂੰ ਨੋਟਿਸ ਕੀਤਾ ਜਾਰੀ

ਕਿਹਾ : ਸ਼ੋਸ਼ਲ ਮੀਡੀਆ ਤੋਂ ਕੇਜਰੀਵਾਲ ਦਾ ਆਪਣੀ ਪੈਰਵੀ ਕਰਨ ਵਾਲਾ ਵੀਡੀਓ ਹਟਾਓ ਨਵੀਂ ਦਿੱਲੀ/ਬਿਊਰੋ …