ਵਿਧਾਨ ਸਭਾ ਦੀ ਕਾਰਵਾਈ ਦੇਖ ਸਕੋਗੇ ਲਾਈਵ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਭਲਕੇ 1 ਅਪ੍ਰੈਲ ਸ਼ੁੱਕਰਵਾਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਹੈ। ਇਸ ਦੀ ਅਧਿਕਾਰਤ ਪੁਸ਼ਟੀ ਕਰਦੇ ਹੋਏ ਪੱਤਰ ਵੀ ਜਾਰੀ ਕੀਤਾ ਗਿਆ ਹੈ ਅਤੇ ਇਹ ਇਜਲਾਸ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਇਸ ਇਜਲਾਸ ਵਿਚ ਪੰਜਾਬ ਸਰਕਾਰ ਚੰਡੀਗੜ੍ਹ ਦੇ ਕਰਮਚਾਰੀਆਂ ’ਤੇ ਕੇਂਦਰੀ ਨਿਯਮ ਲਾਗੂ ਕਰਨ ਦੇ ਖਿਲਾਫ ਮਤਾ ਲਿਆ ਸਕਦੀ ਹੈ, ਜਿਸਦੇ ਜ਼ਰੀਏ ਕੇਂਦਰ ਦੇ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਜਾਵੇਗਾ। ਧਿਆਨ ਰਹੇ ਕਿ ਕੇਂਦਰ ਸਰਕਾਰ ਵਲੋਂ ਚੰਡੀਗੜ੍ਹ ਦੇ ਕਰੀਬ 23 ਹਜ਼ਾਰ ਕਰਮਚਾਰੀਆਂ ਨੂੰ ਸੈਂਟਰਲ ਸਰਵਿਸ ਰੂਲਜ਼ ਦੇ ਅਧੀਨ ਲਿਆਂਦਾ ਗਿਆ ਹੈ। ਇਸ ਇਜਲਾਸ ਦੌਰਾਨ ਪੰਜਾਬ ਸਰਕਾਰ ਇਕ ਰੈਂਕ ਇਕ ਪੈਨਸ਼ਨ ਅਤੇ ਸਕੂਲਾਂ ਦੀਆਂ ਫੀਸਾਂ ਸਬੰਧੀ ਬਿੱਲ ਵੀ ਪੇਸ਼ ਕਰ ਸਕਦੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਇਜਲਾਸ ਵਿਚ ਪਹੁੰਚਣ ਲਈ ਕਿਹਾ ਹੈ। ਇਹ ਵੀ ਦੱਸਿਆ ਗਿਆ ਕਿ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਲਾਈਵ ਕਾਰਵਾਈ ਪੰਜਾਬ ਸਰਕਾਰ ਤੇ ਸੀਐਮਓ ਦੇ ਫੇਸਬੁੱਕ, ਯੂਟਿਊਬ ਤੇ ਟਵਿੱਟਰ ਹੈਂਡਲ ਅਕਾਊਂਟ ’ਤੇ ਦੇਖੀ ਜਾ ਸਕਦੀ ਹੈ।
Check Also
ਕਰਨਲ ਬਾਠ ਕੁੱਟਮਾਰ ਮਾਮਲੇ ’ਚ ਐਸਆਈਟੀ ਦਾ ਗਠਨ
ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਜਾਂਚ ਟੀਮ ਦਾ ਬਣਾਇਆ ਮੁਖੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ …