
ਇਸ ਵਾਰ ਦੀ ਯਾਤਰਾ ਦੌਰਾਨ 3 ਲੱਖ 68 ਹਜ਼ਾਰ ਤੋਂ ਵੱਧ ਸ਼ਰਧਾਲੂ ਹੋ ਚੁੱਕੇ ਹਨ ਨਤਮਸਤਕ
ਅੰਮਿ੍ਰਤਸਰ/ਬਿਊਰੋ ਨਿਊਜ਼ : ਉਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਲਾਨਾ ਯਾਤਰਾ ਦੀ ਸਮਾਪਤੀ ਲਈ ਸਿਰਫ ਪੰਜ ਦਿਨ ਬਾਕੀ ਬਚੇ ਹਨ। ਇਹ ਯਾਤਰਾ 10 ਅਕਤੂਬਰ ਨੂੰ ਸੰਪੰਨ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਸਾਲ 20 ਮਈ ਨੂੰ ਆਰੰਭ ਹੋਈ ਇਸ ਯਾਤਰਾ ਦੇ ਚੱਲਦਿਆਂ ਸਾਢੇ 4 ਮਹੀਨੇ ਦੇ ਸਮੇਂ ਦੌਰਾਨ ਕਰੀਬ 3 ਲੱਖ 68 ਹਜ਼ਾਰ ਸ਼ਰਧਾਲੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋਏ ਹਨ। ਤਕਰੀਬਨ 15 ਹਜ਼ਾਰ ਫੁੱਟ ਤੋਂ ਵਧੇਰੇ ਉਚਾਈ ’ਤੇ ਸਥਾਪਿਤ ਇਸ ਅਸਥਾਨ ’ਤੇ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਇਹ ਗਿਣਤੀ ਪਿਛਲੇ ਸਾਰੇ ਸਾਲਾਂ ਨਾਲੋਂ ਵੱਧ ਹੈ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਲਈ ਸੀਤ ਕਾਲ ਵਾਸਤੇ ਬੰਦ ਕਰ ਦਿੱਤੇ ਜਾਣਗੇ। ਇਸਦੇ ਚੱਲਦਿਆਂ ਗੁਰਦੁਆਰਾ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਇਸ ਯਾਤਰਾ ਦੇ ਸਲਾਨਾ ਸਮਾਪਤੀ ਸਮਾਗਮ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਸਮਾਪਤੀ ਤੋਂ ਪਹਿਲਾਂ ਸੰਗਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਪ੍ਰੋਗਰਾਮ ਬਣਾ ਸਕਦੀ ਸਕਦੀ ਹੈ।

