
ਚੀਫ ਸੈਕਟਰੀ ਨੂੰ ਭਲਕੇ ਮੰਗਲਵਾਰ ਨੂੰ ਹਾਈਕੋਰਟ ’ਚ ਫਿਰ ਹਾਜ਼ਰ ਹੋਣ ਦੇ ਨਿਰਦੇਸ਼
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਸਰਕਾਰੀ ਮੁਲਾਜ਼ਮਾਂ ਦੇ ਡੀਏ ਦੇ ਮਮਾਲੇ ਵਿਚ ਹਾਈਕੋਰਟ ਨੇ ਸੂਬੇ ਦੇ ਚੀਫ ਸੈਕਟਰੀ ਕੋਲੋਂ ਸੁਪਰੀਮ ਕੋਰਟ ’ਚ ਦਾਇਰ ਪਟੀਸ਼ਨ ਦੀ ਸਟੇਟਸ ਰਿਪੋਰਟ ਮੰਗੀ ਹੈ। ਡੀਏ ਮਾਮਲੇ ’ਤੇ ਅੱਜ ਸੋਮਵਾਰ ਨੂੰ ਹਾਈਕੋਰਟ ਵਿਚ ਹੋਈ ਸੁਣਵਾਈ ਮੌਕੇ ਚੀਫ ਸੈਕਟਰੀ ਕੇਏਪੀ ਸਿਨਹਾ ਪੇਸ਼ ਹੋਏ। ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਸੁਪਰੀਮ ਕੋਰਟ ਨਾਲ ਸਬੰਧਤ ਪਟੀਸ਼ਨ ਵਿਚ ਕੁਝ ਅਬਜੈਕਸ਼ਨ ਸਨ; ਜਿਨ੍ਹਾਂ ਨੂੰ ਦੂਰ ਕਰ ਲਿਆ ਗਿਆ ਹੈ। ਹਾਈਕੋਰਟ ਨੇ ਇਸਦੀ ਰਿਪੋਰਟ ਮੰਗਣ ਦੇ ਨਾਲ ਹੀ ਭਲਕੇ ਮੰਗਲਵਾਰ ਨੂੰ ਫਿਰ ਸੁਣਵਾਈ ਦੀ ਤਰੀਕ ਤੈਅ ਕੀਤੀ ਹੈ। ਜਿਸ ਵਿਚ ਚੀਫ ਸੈਕਟਰੀ ਨੂੰ ਵੀ ਹਾਜ਼ਰ ਹੋਣਾ ਪਵੇਗਾ। ਜ਼ਿਕਰਯੋਗ ਹੈ ਕਿ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ 15 ਦਿਨਾਂ ਵਿਚ ਬਕਾਇਆ ਡੀਏ ਦੇਣ ਦੇ ਨਿਰਦੇਸ਼ ਦਿੱਤੇ ਸਨ, ਪਰ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਸੀ। ਅਜੇ ਤੱਕ ਸੁਪਰੀਮ ਕੋਰਟ ਵਿਚ ਇਸ ਨੂੰ ਲੈ ਕੇ ਸੁਣਵਾਈ ਸ਼ੁਰੂ ਨਹੀਂ ਹੋਈ। ਇਸ ਮਾਮਲੇ ਵਿਚ ਹਾਈਕੋਰਟ ਨੇ ਕਿਹਾ ਸੀ ਕਿ ਜੇਕਰ ਪੰਜਾਬ ਸਰਕਾਰ ਸੁਪਰੀਮ ਕੋਰਟ ਵਿਚ ਇਸ ਮਾਮਲੇ ਨੂੰ ਲੈ ਕੇ ਜਲਦ ਸੁਣਵਾਈ ਸ਼ੁਰੂ ਨਹੀਂ ਕਰਵਾ ਸਕਦੀ ਤਾਂ ਅਸੀਂ ਇਸ ਕੇਸ ਦੀ ਸੁਣਵਾਈ ਕਰਾਂਗੇ। ਜਿਸ ਤੋਂ ਬਾਅਦ ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਚੀਫ ਸੈਕਟਰੀ ਨੂੰ ਤਲਬ ਕਰ ਲਿਆ ਸੀ।

