ਸੋਹਣ ਸਿੰਘ ਪੂੰਨੀ
ਕੈਨੇਡਾ-ਅਮਰੀਕਾ ਵਿਚ ਹਿੰਦੋਸਤਾਨੀ ਵੀਹਵੀਂ ਸਦੀ ਦੇ ਸ਼ੁਰੂ ਵਿਚ ਆਉਣ ਲੱਗੇ ਸਨ। ਹੌਲ਼ੀ ਹੌਲ਼ੀ ਇਨ੍ਹਾਂ ਦੀ ਗਿਣਤੀ ਨੌਂ-ਦਸ ਹਜ਼ਾਰ ਹੋ ਗਈ ਸੀ। ਇੱਥੇ ਰਹਿੰਦਿਆਂ ਉਨ੍ਹਾਂ ਨੂੰ ਹਿੰਦੁਸਤਾਨ ਦੀ ਗੁਲਾਮੀ ਦਾ ਅਹਿਸਾਸ ਹੋਇਆ। ਉਨਾਂ ਨੁੰ ਇਸ ਗੱਲ ਦਾ ਪਤਾ ਸੀ ਕਿ ਅਮਰੀਕਾ ਨੇ ਆਜ਼ਾਦੀ ਹਥਿਆਰਾਂ ਦੇ ਜ਼ੋਰ ਪ੍ਰਾਪਤ ਕੀਤੀ ਸੀ, ਮਿੰਨਤਾਂ ਤਰਲਿਆਂ ਨਾਲ ਨਹੀਂ। ਇਸੇ ਲਈ ਤਾਂ ਉਹ ਕਹਿਣ ਲੱਗੇ ਸਨ।
”ਕਦੇ ਮੰਗਿਆਂ ਮਿਲਣ ਆਜ਼ਾਦੀਆਂ ਨਾ,
ਹੁੰਦੇ ਤਰਲਿਆਂ ਨਾਲ ਨਾ ਰਾਜ ਲੋਕੋ।
ਗੱਲਾਂ ਨਾਲ ਗੁਲਾਮੀ ਨਾ ਦੂਰ ਹੋਵੇ,
ਸ਼ਾਂਤਮਈ ਨਾ ਕੋਈ ਕੋਈ ਇਲਾਜ ਲੋਕੋ।”
ਜਾਂ
”ਤਰਲੇ ਕਰਦਿਆਂ ਨਹੀਂ ਇਨਸਾਫ ਮਿਲਦਾ,
ਜ਼ਾਲਮ ਬਾਦਸ਼ਾਹ ਨੀਚ ਬਦਕਾਰ ਕੋਲੋਂ
ਵੈਰੀ ਮਿੰਨਤਾਂ ਨਾਲ ਨਾ ਸੂਤ ਆਉਂਦਾ,
ਠੀਕ ਡਰੇਗਾ ਖੰਡੇ ਦੀ ਧਾਰ ਕੋਲੋਂ।”
ਉਨ੍ਹਾਂ ਨੇ ਹਥਿਆਰਾਂ ਦੇ ਜ਼ੋਰ ਮੁਲਕ ਆਜ਼ਾਦ ਕਰਵਾਉਣ ਲਈ ਗਦਰ ਪਾਰਟੀ ਬਣਾਈ। ਗਦਰ ਪਾਰਟੀ ਬਣਾਏ ਜਾਣ ਦੀ ਤਰੀਕ ਬਾਰੇ ਬੜੇ ਭੁਲੇਖੇ ਨੇ। ਇਸ ਨਿੱਕੇ ਲੇਖ ਦਾ ਮਕਸਦ ਗਦਰ ਪਾਰਟੀ ਦੇ ਸਥਾਪਨਾ ਦਿਵਸ ਤੇ ਵਿਚਾਰ ਕਰਨਾ ਹੈ।
ਗਦਰ ਪਾਰਟੀ ਦੀ ਸਥਾਪਨਾ ਦੀਆਂ ਕਈ ਤਰੀਕਾਂ ਲਿਖੀਆਂ ਮਿਲ਼ਦੀਆਂ ਹਨ। ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੇ 1966 ਵਿਚ ਗਦਰੀਆਂ ਦੀ ਯਾਦ ਵਿਚ ਆਪਣੇ ਪਿੰਡ ਭਕਨਾ ਕਲਾਂ ਵਿਚ ਸ਼ਿਲਾਲੇਖ ਲਗਵਾਈ ਸੀ। ਇਸ ਸ਼ਿਲਾਲੇਖ ਉੱਤੇ ਗਦਰ ਪਾਰਟੀ ਦੇ ਬਣਾਏ ਜਾਣ ਦੀ ਤਰੀਕ 25 ਮਾਰਚ 1913 ਲਿਖੀ ਹੋਈ ਹੈ। ਭਾਈ ਰਤਨ ਸਿੰਘ ਰਾਏਪੁਰ ਡੱਬਾ ਨੇ 26 ਜੁਲਾਈ 1929 ਨੂੰ ਜਰਮਨੀ ਦੇ ਸ਼ਹਿਰ ਫਰੈਂਕਫਰਟ ਵਿਚ ‘ਲੀਗ ਅਗੇਨਸਟ ਇੰਪੀਰੀਅਲਿਜ਼ਮ’ ਦੀ ਅਸੰਬਲੀ ਨੂੰ ‘ਹਿੰਦੁਸਤਾਨ ਗਦਰ ਪਾਰਟੀ ਦਾ ਸੰਖੇਪ ਇਤਿਹਾਸ’ (A Brief Histry Of The Hindustan Gadar Party) ਪੇਸ਼ ਕੀਤਾ ਸੀ। ਇਸ ਵਿਚ ਉਹ ਗਦਰ ਪਾਰਟੀ ਦੇ ਬੱਝਣ ਦੀ ਤਰੀਕ ਪਹਿਲੀ ਨਵੰਬਰ 1913 ਲ਼ਿਖਦੇ ਨੇ। ਕਈ ਪੱਛਮੀ ਲਿਖਾਰੀਆਂ ਨੇ ਗਦਰ ਪਾਰਟੀ ਦੇ ਬਣਨ ਦੀ ਤ੍ਰੀਕ 1917 ਵੀ ਲਿਖੀ ਹੈ ਕਿਉਂਕਿ ਪੰਡਤ ਰਾਮ ਚੰਦਰ ਪਿਸ਼ਾਵਰੀ ਨੇ ਪਹਿਲੀ ਵਾਰ 1917 ਵਿਚ ਇਹ ਪਾਰਟੀ ‘ਗਦਰ ਪਾਰਟੀ’ ਦੇ ਨਾਂ ਥੱਲੇ ਰਜਿਸਟਰ ਕਰਵਾਈ ਸੀ।
ਭਾਈ ਹਰਨਾਮ ਸਿੰਘ ਟੁੰਡੀਲਾਟ ਦਾ ਗਦਰ ਪਾਰਟੀ ਨਾਲ਼ ਬੜਾ ਨੇੜ ਰਿਹਾ ਸੀ। ਉਹ ਅਮਰੀਕਾ ਵਿਚ ਲਾਲਾ ਹਰਦਿਆਲ ਦੇ ਬਾਡੀ ਗਾਰਡ ਵੀ ਰਹੇ ਸਨ। ਉਨ੍ਹਾਂ ਨੇ 22 ਜੂਨ 1955 ਨੂੰ ਲਿਖਵਾਏ ਆਪਣੇ ਬਿਆਨ ਵਿਚ ਗਦਰ ਪਾਰਟੀ ਦੇ ਬਣਨ ਬਾਰੇ ਬੜੇ ਵੇਰਵੇ ਨਾਲ਼ ਦੱਸਿਆ ਸੀ। ਉਨ੍ਹਾਂ ਅਨੁਸਾਰ ਪੋਰਟਲੈਂਡ ਏਰੀਏ ਦੇ ਦੇਸ਼ ਭਗਤਾਂ ਦੇ ਸੱਦੇ ‘ਤੇ ਲਾਲਾ ਹਰਦਿਆਲ ਨੇ ਪਹਿਲਾਂ 25 ਦਸੰਬਰ 1912 ਨੂੰ ਪੋਰਟਲੈਂਡ ਆਉਣਾ ਸੀ ਪਰ ਉਹ ਕਿਸੇ ਕਾਰਨ ਆ ਨਾ ਸਕੇ। ਅੱਗੇ ਹਰਨਾਮ ਸਿੰਘ ਟੁੰਡੀਲਾਟ ਦੱਸਦੇ ਨੇ ਕਿ ਫੇਰ, ”ਤਿੰਨ ਮਹੀਨੇ ਬਾਅਦ 25 ਮਾਰਚ 1913 ਨੂੰ ਸ਼ਾਮ ਦੇ ਪੰਜ ਵਜੇ ਕਸਬਾ ਸੇਂਟ ਜੌਨ ਤੋਂ ਪੰਡਤ ਕਾਂਸ਼ੀ ਰਾਮ ਦਾ ਫੋਨ ਆਇਆ ਕਿ ਲਾਲਾ ਹਰਦਿਆਲ ਅਤੇ ਭਾਈ ਪਰਮਾਨੰਦ ਸੇਂਟ ਜੌਨ ਪਹੁੰਚ ਗਏ ਹਨ, ਤੁਸੀਂ ਸ਼ਾਮ ਨੂੰ ਚਲੇ ਆਓ। ਸੋ ਮੈਂ ਬਰਾਈਡਲਵੇਲ ਤੋਂ ਛੇ ਵਜੇ ਸ਼ਾਮ ਦੀ ਗੱਡੀ ਫੜ ਕੇ ਨੌਂ ਵਜੇ ਸੇਂਟ ਜੌਨ ਪਹੁੰਚ ਗਿਆ।
ਟੁੰਡੀਲਾਟ ਅਨੁਸਾਰ ਰਾਤ ਨੂੰ ਉਹ, ਪੰਡਤ ਕਾਂਸ਼ੀ ਰਾਮ ਤੇ ਕੁਝ ਹੋਰ ਸਾਥੀ ਲਾਲਾ ਹਰਦਿਆਲ ਅਤੇ ਭਾਈ ਪਰਮਾਨੰਦ ਨਾਲ਼ ਗੱਲਾਂ ਬਾਤਾਂ ਕਰਦੇ ਰਹੇ। ਲਾਲਾ ਹਰਦਿਆਲ ਦਾ ਕਹਿਣਾ ਸੀ ਕਿ ਗਦਰ ਅਖਬਾਰ ਕੱਢ ਕੇ ਹਿੰਦੁਸਤਾਨੀਆ ਵਿੱਚ ਪ੍ਰਚਾਰ ਕੀਤਾ ਜਾਵੇ, ਗਦਰ ਮਚਾ ਕੇ ਗੋਰਿਆਂ ਨੂੰ ਬਾਹਰ ਕੱਢਿਆ ਜਾਵੇ ਤੇ ਦੇਸ਼ ਲਈ ਆਜ਼ਾਦੀ ਪ੍ਰਾਪਤ ਕੀਤੀ ਜਾਵੇ। ਪਰ ਭਾਈ ਪਰਮਾਨੰਦ ਇਸ ਨਾਲ਼ ਸਹਿਮਤ ਨਹੀਂ ਸਨ। ਭਾਈ ਪਰਮਾਨੰਦ ਦਾ ਵਿਚਾਰ ਸੀ ਕਿ ਪਹਿਲਾਂ ਹਿੰਦੁਸਤਾਨ ਤੋਂ ਵਿੱਦਿਆਰਥੀ ਸੱਦ ਕੇ ਉਨ੍ਹਾਂ ਨੂੰ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਜਾਵੇ। ਫੇਰ ਉਹ ਹਿੰਦੁਸਤਾਨ ਜਾ ਕੇ ਲੋਕਾਂ ਵਿਚ ਆਜ਼ਾਦੀ ਲਈ ਪ੍ਰਚਾਰ ਕਰਨ। ਪਰ ਉੱਥੇ ਹਾਜ਼ਰ ਦੇਸ਼ ਭਗਤਾਂ ਵਿਚੋਂ ਕਿਸੇ ਨੇ ਵੀ ਭਾਈ ਪਰਮਾਨੰਦ ਨਾਲ਼ ਸਹਿਮਤੀ ਨਾ ਪ੍ਰਗਟਾਈ। ਸਾਰਿਆਂ ਨੇ ਲਾਲਾ ਹਰਦਿਆਲ ਦੇ ਪਲੈਨ ਦੀ ਪਰੋੜਤਾ ਕੀਤੀ। ਅਗਲੀ ਸਵੇਰ ਨੂੰ ਭਾਈ ਪਰਮਾਨੰਦ ਤਾਂ ਨਿਊਯਾਰਕ ਨੂੰ ਰਵਾਨਾ ਹੋ ਗਿਆ ਜਿੱਥੋਂ ਉਹ ਹਿੰਦੁਸਤਾਨ ਨੂੰ ਚਲਾ ਗਿਆ।
ਟੁੰਡੀਲਾਟ ਅਨੁਸਾਰ ਇਸ ਤੋਂ ਬਾਅਦ ਲਾਲਾ ਹਰਦਿਆਲ ਹਰ ਐਤਵਾਰ ਨੂੰ ਵੱਖ-ਵੱਖ ਥਾਵਾਂ ‘ਤੇ ਜਾ ਕੇ ਮਿੱਲ ਕਾਮਿਆਂ ਨਾਲ਼ ਮੀਟਿੰਗਾਂ ਕਰਦੇ ਰਹੇ। ਲਾਲਾ ਹਰਦਿਆਲ ਨੇ ਤਿੰਨ-ਚਾਰ ਮੀਟਿੰਗਾਂ ਕੀਤੀਆਂ। ਸਭ ਤੋਂ ਪਹਿਲੀ ਮੀਟਿੰਗ ਉਨ੍ਹਾਂ ਮਾਰਚ ਦੇ ਆਖਰੀ ਐਤਵਾਰ ਬਰਾਈਡਲਵੇਲ ਵਿਚ ਕੀਤੀ। ਦੂਜੀ ਮੀਟਿੰਗ ਅਪ੍ਰੈਲ ਦੇ ਪਹਿਲੇ ਐਤਵਾਰ ਲਿੰਟਨ ਵਿਚ ਅਤੇ ਤੀਸਰੀ ਮੀਟਿੰਗ ਅਪ੍ਰੈਲ ਦੇ ਦੂਜੇ ਐਤਵਾਰ ਵਾਨਾ ਵਿਚ ਕੀਤੀ। ਸਭ ਤੋਂ ਆਖਰੀ ਮੀਟਿੰਗ ਅਪ੍ਰੈਲ ਦੇ ਤੀਜੇ ਐਤਵਾਰ ਅਸਟੋਰੀਆ ਵਿਚ ਕੀਤੀ, ਜਿੱਥੇ ਗਦਰ ਪਾਰਟੀ ਬਣਾਈ ਗਈ।
ਗੁਰਚਰਨ ਸਿੰਘ ਸੈਂਸਰਾ ਆਪਣੀ ਕਿਤਾਬ ‘ਗਦਰ ਪਾਰਟੀ ਦਾ ਇਤਿਹਾਸ’ ਦੇ ਪੰਨਾ 98 ‘ਤੇ ਟੁੰਡੀਲਾਟ ਨਾਲ਼ ਸਹਿਮਤ ਹੁੰਦਿਆਂ ਅਸਟੋਰੀਆ ਵਾਲ਼ੀ ਮੀਟਿੰਗ ਦੀ ਤਰੀਕ 21 ਅਪ੍ਰੈਲ ਦਿਨ ਐਤਵਾਰ ਹੀ ਲਿਖਦੇ ਹਨ। ਹੋਰ ਵੀ ਬਹੁਤ ਸਾਰੇ ਲੇਖਕਾਂ ਨੇ ਟੁੰਡੀਲਾਟ ਅਤੇ ਸੈਂਸਰੇ ਦੀਆਂ ਲਿਖਤਾਂ ਦੇ ਅਧਾਰ ‘ਤੇ ਗਦਰ ਪਾਰਟੀ ਦਾ ਸਥਾਪਨਾ ਦਿਵਸ 21 ਅਪ੍ਰੈਲ 1913 ਦਿਨ ਐਤਵਾਰ ਹੀ ਲਿਖਿਆ ਹੈ। ਅਸੀਂ ਵੀ ਆਪਣੀ ਕਿਤਾਬ ‘ਕੈਨੇਡਾ ਦੇ ਗਦਰੀ ਯੋਧੇ’ ਵਿਚ ਗਦਰ ਪਾਰਟੀ ਦੇ ਅਸਟੋਰੀਆ ਵਿਚ ਬਣਾਏ ਜਾਣ ਦੀ ਤਰੀਕ 21 ਅਪ੍ਰੈਲ 1913 ਹੀ ਲਿਖੀ ਹੈ। ‘ਦੇਸ਼ ਭਗਤ ਯਾਦਗਾਰ ਜਲੰਧਰ’ ਵਾਲ਼ੇ ਸਾਥੀ ਵੀ ਗਦਰ ਪਾਰਟੀ ਦਾ ਸਥਾਪਨਾ ਦਿਵਸ 21 ਅਪ੍ਰੈਲ ਨੂੰ ਹੀ ਮਨਾਉਂਦੇ ਹਨ।
ਪਰ ਇਹ ਸ਼ਾਇਦ ਸੱਚ ਨਾ ਹੋਵੇ। ਗਦਰ ਪਾਰਟੀ ਬਣਾਈ ਤਾਂ 1913 ਨੂੰ ਅਸਟੋਰੀਆ ਵਿਚ ਹੀ ਗਈ ਸੀ। ਪਰ ਇਹ 21 ਅਪਰੈਲ ਦਿਨ ਐਤਵਾਰ ਨੂੰ ਨਹੀਂ ਸੀ ਬਣਾਈ ਗਈ। ਪਹਿਲੀ ਗੱਲ ਤਾਂ ਇਹ ਕਿ 21 ਅਪ੍ਰੈਲ 1913 ਨੂੰ, ਐਤਵਾਰ ਨਹੀਂ, ਸੋਮਵਾਰ ਸੀ। ਦੂਸਰੀ ਗੱਲ ਮਾਰਚ ਵਿਚ ਲਾਲਾ ਹਰਦਿਆਲ ਦੇ ਪੋਰਟਲੈਂਡ ਏਰੀਏ ਵਿਚ ਆਉਣ ਬਾਰੇ ਹੈ। ਇਹ ਗੱਲ ਤਾਂ ਸਾਰੇ ਇਤਿਹਾਸਕਾਰ ਮੰਨਦੇ ਹਨ ਕਿ ਭਾਈ ਪਰਮਾਨੰਦ ਅਤੇ ਲਾਲਾ ਹਰਦਿਆਲ ਇਕੱਠੇ ਪੋਰਟਲੈਂਡ ਆਏ ਸਨ। ਦੋ ਦਿਨ ਪੋਰਟਲੈਂਡ ਵਿਚ ਰਹਿ ਕੇ ਭਾਈ ਪਰਮਾਨੰਦ ਚਲੇ ਗਿਆ ਸੀ ਤੇ ਉਹਦੇ ਚਲੇ ਜਾਣ ਪਿੱਛੋਂ ਲਾਲਾ ਹਰਦਿਆਲ ਨੇ ਪੋਰਟਲੈਂਡ ਏਰੀਏ ਵਿਚ ਵੱਖ ਵੱਖ ਥਾਵਾਂ ‘ਤੇ ਜਾ ਕੇ ਮਿੱਲ ਕਾਮਿਆਂ ਨਾਲ਼ ਤਿੰਨ ਚਾਰ ਮੀਟਿੰਗਾਂ ਕੀਤੀਆ ਸਨ ਤੇ ਆਖਰੀ ਮੀਟਿੰਗ ਉਨ੍ਹਾਂ ਅਸਟੋਰੀਆ ਦੀ ਸਾਅ ਮਿਲ ਵਿਚ ਕੀਤੀ ਜਿੱਥੇ ਗਦਰ ਪਾਰਟੀ ਬਣਾਈ ਗਈ।
ਪਰ ਉਨ੍ਹਾਂ ਦੇ ਪੋਰਟਲੈਂਡ ਆਉਣ ਦੀ ਤਰੀਕ ਬਾਰੇ ਅਤੇ ਗਦਰ ਪਾਰਟੀ ਬਣਾਏ ਜਾਣ ਦੀ ਤਰੀਕ ਬਾਰੇ ਲੇਖਕਾਂ ਵਿਚ ਮਤਭੇਦ ਹਨ। ਹਰਨਾਮ ਸਿੰਘ ਟੁੰਡੀਲਾਟ, ਸੋਹਣ ਸਿੰਘ ਭਕਨਾ ਅਤੇ ਕੇਸਰ ਸਿੰਘ ਠੱਠਗੜ੍ਹ ਵਰਗੇ ਗਦਰੀ ਆਪਣੇ ਬਿਆਨਾਂ ਵਿਚ ਕਹਿੰਦੇ ਨੇ ਕਿ ਭਾਈ ਪਰਮਾਨੰਦ ਅਤੇ ਲਾਲਾ ਹਰਦਿਆਲ ਮਾਰਚ 1913 ਵਿਚ ਪੋਰਟਲੈਂਡ ਆਏ ਸੀ। ਦੋ ਦਿਨ ਰਹਿ ਕੇ ਭਾਈ ਪਰਮਾਨੰਦ ਚਲੇ ਗਿਆ ਸੀ ਤੇ ਇਸ ਤੋਂ ਬਾਅਦ ਗਦਰ ਪਾਰਟੀ ਬਣਾਈ ਗਈ ਸੀ। ਪਰ ਕਈ ਕਾਰਨਾਂ ਕਰਕੇ ਮਾਰਚ ਦੀ ਤਰੀਕ ਨਾਲ਼ ਸਹਿਮਤ ਨਹੀਂ ਹੋਇਆ ਜਾ ਸਕਦਾ। ਜਦੋਂ ਇਨ੍ਹਾਂ ਆਪਣੇ ਬਿਆਨ ਲਿਖਾਏ ਸੀ ਉਦੋਂ ਗਦਰ ਪਾਰਟੀ ਨੂੰ ਬਣਿਆਂ 40-50 ਸਾਲ ਹੋ ਚੁੱਕੇ ਸਨ। ਡਾਇਰੀ ਤਾਂ ਇਹ ਲਿਖਦੇ ਨਹੀਂ ਸਨ ਤੇ ਬਿਨਾਂ ਡਾਇਰੀ ਤੋਂ 40-50 ਸਾਲ ਪੁਰਾਣੀਆਂ ਤਰੀਕਾਂ ਯਾਦ ਰੱਖਣੀਆਂ ਸੰਭਵ ਨਹੀਂ। ਵੈਸੇ ਵੀ ਹਰਨਾਮ ਸਿੰਘ ਟੰਡੀਲਾਟ ਦੀਆਂ ਗਦਰ ਪਾਰਟੀ ਨਾਲ਼ ਸੰਬੰਧਿਤ ਕਈ ਤਰੀਕਾਂ ਕਿਸੇ ਕਾਰਨ ਮਹੀਨਾ-ਡੇਢ ਮਹੀਨਾ ਅਸਲ ਤੋਂ ਅੱਗੇ ਹਨ। ਟੁੰਡੀਲਾਟ ‘ਗ਼ਦਰ’ ਅਖਬਾਰ ਦੇ ਸ਼ੁਰੂ ਹੋਣ ਦੀ ਤਰੀਕ ਵੀ ਪਹਿਲੀ ਅਕਤੂਬਰ 1913 ਲਿਖਦੇ ਹਨ। ਗਦਰ ਪਾਰਟੀ ਦੇ ਉੱਪ ਪ੍ਰਧਾਨ ਕੇਸਰ ਸਿੰਘ ਠੱਠਗੜ੍ਹ 1955 ਵਿਚ ਦਿੱਤੇ ਆਪਣੇ ਬਿਆਨ ਵਿਚ ਅਸਟੋਰੀਆ ਰੇਲਵੇ ਸਟੇਸ਼ਨ ‘ਤੇ ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ ਤੇ ਇਨ੍ਹਾਂ ਨਾਲ਼ ਪੋਰਟਲੈਂਡ ਤੋਂ ਆਏ ਹੋਰ ਦੇਸ਼ ਭਗਤਾਂ ਦਾ ਸਵਾਗਤ ਕੀਤੇ ਜਾਣ ਬਾਰੇ ਅਤੇ ਹੇਮੰਡ ਲੰਬਰ ਕੰਪਨੀ ਦੀ ਸਾਅ ਮਿਲ ਵਿਚ ਗਦਰ ਪਾਰਟੀ ਦੇ ਬਣਾਏ ਜਾਣ ਬਾਰੇ ਤਾਂ ਬੜੇ ਵਿਸਥਾਰ ਨਾਲ਼ ਦੱਸਦੇ ਨੇ ਪਰ ਤਰੀਕ ਬਾਰੇ ਉਹ ਵੀ ਪੱਕਾ ਨਹੀਂ ਜਾਣਦੇ।
ਸੋਹਣ ਸਿੰਘ ਭਕਨੇ ਨੇ 91 ਸਾਲ ਦੀ ਉਮਰ ਵਿਚ 6 ਅਕਤੂਬਰ 1961 ਨੂੰ ਗਿਆਨੀ ਹੀਰਾ ਸਿੰਘ ‘ਦਰਦ’ ਕੋਲ਼ ਆਪਣਾ ਬਿਆਨ ਦਰਜ ਕਰਵਾਇਆ ਸੀ। ਆਪਣੇ ਇਸ ਬਿਆਨ ਵਿਚ ਉਹ ਲਾਲਾ ਹਰਦਿਆਲ ਹੋਰਾਂ ਦੇ ਪੋਰਟਲੈਂਡ ਆਉਣ ਅਤੇ ਗਦਰ ਪਾਰਟੀ ਦੇ ਬਣਨ ਦੀ ਤ੍ਰੀਕ ਮਾਰਚ, 1913 ਹੀ ਦੱਸਦੇ ਹਨ।
ਉਦੋਂ ਗਦਰ ਪਾਰਟੀ ਨੂੰ ਬਣਿਆ 48 ਸਾਲ਼ ਤੋਂ ਵੱਧ ਸਮਾਂ ਹੋ ਚੁੱਕਾ ਦੀ। 96 ਸਾਲ ਦੀ ਉਮਰੇ 1966 ਵਿਚ ਗਦਰੀਆਂ ਦੀ ਯਾਦ ਵਿਚ ਆਪਣੇ ਪਿੰਡ ਲਗਾਈ ਸ਼ਿਲਾਲੇਖ ਉੱਤੇ ਵੀ ਭਕਨੇ ਨੇ ਗਦਰ ਪਾਰਟੀ ਦੇ ਬਣਨ ਦੀ ਤ੍ਰੀਕ 25 ਮਾਰਚ 1913 ਹੀ ਲਿਖਵਾਈ ਸੀ। ਪਰ 1930 ਵਿਚ 60 ਸਾਲ ਦੀ ਉਮਰੇ ਸੋਹਣ ਸਿੰਘ ਭਕਨੇ ਦੀਆਂ ਲਾਹੌਰ ਸੈਂਟਰਲ ਜੇਲ੍ਹ ‘ਚੋਂ ਭੇਜੀਆਂ ਲਿਖਤਾਂ ‘ਅਕਾਲੀ ਤੇ ਪਰਦੇਸੀ’ ਅਖਬਾਰ ਵਿਚ ਛਪੀਆਂ ਸਨ। ਉਦੋਂ ਉਨ੍ਹਾਂ ਦੀ ਯਾਦਾਸ਼ਤ 1961 ਅਤੇ 1966 ਦੇ ਮੁਕਾਬਲੇ ਵਧੀਆ ਸੀ। ਇਨ੍ਹਾਂ ਲਿਖਤਾਂ ਵਿਚ ਉਹ ਲਿਖਦੇ ਨੇ,”ਮਈ 1913 ਈਸਵੀ ਨੂੰ ਭਾਈ ਪਰਮਾਨੰਦ ਤੇ ਭਾ: ਹਰਦਿਆਲ-ਦੋਵੇ-ਸੇਂਟ ਜਾਹਨ ਪਹੁੰਚੇ।” ਹੋਰ ਵੀ ਕਈ ਲੇਖਕਾਂ ਦਾ ਕਹਿਣਾ ਹੈ ਕਿ ਕਿ ਲਾਲਾ ਹਰਦਿਆਲ ਤੇ ਭਾਈ ਪਰਮਾਨੰਦ ਮਾਰਚ ਵਿਚ ਨਹੀ ਸਗੋਂ ਮਈ 1913 ਵਿਚ ਪੋਰਟਲੈਂਡ ਪਹੁੰਚੇ ਸਨ।
ਸਭ ਤੋਂ ਪਹਿਲਾਂ ਅਸੀਂ ਭਾਈ ਪਰਮਾਨੰਦ ਦੀ ਗੱਲ ਕਰਾਂਗੇ ਜੋ ਲਾਲਾ ਹਰਦਿਆਲ ਦੇ ਨਾਲ਼ ਪੋਰਟਲੈਂਡ ਆਏ ਸਨ। ਉਹ ਆਪਣੀ ਸਵੈਜੀਵਨੀ ਵਿਚ ਲਿਖਦੇ ਨੇ, ”ਮਈ 1913 ਵਿਚ ਮੈਂ ਯੂਨੀਵਰਸਿਟੀ ਦੀ ਡਿਗਰੀ ਪ੍ਰਾਪਤ ਕਰ ਲਈ ਅਤੇ ਦੇਸ਼ ਮੁੜਨ ਬਾਰੇ ਸੋਚਿਆ। ਲਾਲਾ ਹਰਦਿਆਲ ਨੇ ਮੇਰੇ ਕੋਲ਼ ਆ ਕੇ ਮੈਨੂੰ ਦੱਸਿਆ ਕਿ ਪੋਰਟਲੈਂਡ (ਸੇਂਟ ਜੌਹਨ) ਵਿਚ ਕੁਛ ਹਿੰਦੁਸਤਾਨੀ ਕਮੇਟੀ ਬਣਾਉਣਾ ਚਾਹੁੰਦੇ ਨੇ ਤੇ ਇਹ ਫੈਸਲਾ ਕਰਨਾ ਚਾਹੁੰਦੇ ਨੇ ਕਿ ਉਹ ਭਾਰਤ ਮਾਤਾ ਦੀ ਸੇਵਾ ਕਿਸ ਵਧੀਆ ਢੰਗ ਨਾਲ਼ ਕਰ ਸਕਦੇ ਨੇ। ਹਰਦਿਆਲ ਨੇ ਮੈਨੂੰ ਪੋਰਟਲੈਂਡ ਹੋ ਕੇ ਦੇਸ ਜਾਣ ਨੂੰ ਆਖਿਆ। ਮੈਂ ਉਸ ਨਾਲ਼ ਚਲੇ ਗਿਆ ਅਤੇ ਉੱਥੇ ਦੋ ਦਿਨ ਅਤੇ ਇਕ ਰਾਤ ਰਿਹਾ।”
ਅਮਰੀਕਾ ਤੋਂ ਗਏ ਅਮਰ ਸਿੰਘ ਨਵਾਂਸ਼ਹਿਰੀਆ ਤੇ ਹਲਵਾਰੇ ਦੇ ਨਵਾਬ ਖਾਨ ਵਰਗੇ ਕਈ ਗਦਰੀ ‘ਲਾਹੌਰ ਕਾਂਸਪੀਰੇਸੀ ਕੇਸ’ ਵਿਚ ਵਾਅਦਾ ਮਾਫ ਗਵਾਹ ਬਣ ਭੁਗਤੇ ਸਨ। ਇਨ੍ਹਾਂ ਸਾਰਿਆਂ ਨੇ ਗਵਾਹੀ ਦਿੰਦਿਆਂ ਇਹ ਦੱਸਿਆ ਸੀ ਕਿ ਭਾਈ ਪਰਮਾਨੰਦ ਤੇ ਲਾਲਾ ਹਰਦਿਆਲ ਮਈ 1913 ਵਿਚ ਪੋਰਟਲੈਂਡ ਆਏ ਸੀ। ਇੰਡੀਅਨ ਪੁਲਿਸ ਦੇ ਵੱਡੇ ਅਫਸਰ ਆਈਜ਼ਮੌਂਗਰ ਤੇ ਸਲੈਟਰੀ ਹੋਰੀਂ 1919 ਵਿਚ ਛਪੀ ਆਪਣੀ ਕਿਤਾਬ An account of Gadar Party 1913-15 ਵਿਚ ਲਿਖਦੇ ਨੇ ਕਿ ਅਸਟੋਰੀਆ ਦੇ ਹਿੰਦੋਸਤਾਨੀ ਕਾਮਿਆਂ ਦੇ ਸੱਦੇ ਤੇ ਭਾਈ ਸੋਹਣ ਸਿੰਘ ਭਕਨਾ ਅਤੇ ਲਾਲਾ ਹਰਦਿਆਲ ਆਪਣੇ ਚਾਲੀ-ਪੰਜਾਹ ਸਾਥੀਆਂ ਨੂੰ ਨਾਲ਼ ਲੈ ਕੇ 2 ਜੂਨ, 1913 ਨੂੰ ਦੁਪਹਿਰੋਂ ਬਾਅਦ ਰੇਲ ਗੱਡੀ ਰਾਹੀਂ ਪੋਰਟਲੈਂਡ ਤੋਂ ਅਸਟੋਰੀਆ ਪਹੁੰਚੇ। ਅਸਟੋਰੀਆ ਵਾਲ਼ੇ ਇਨ੍ਹਾਂ ਦਾ ਸਵਾਗਤ ਕਰਨ ਲਈ ਰੇਲਵੇ ਸਟੇਸ਼ਨ ‘ਤੇ ਪਹੁੰਚੇ ਹੋਏ ਸਨ। ਅਸਟੋਰੀਆ ਵਾਲ਼ਿਆਂ ਨੇ ਇਸ ਖਾਸ ਮੌਕੇ ਲਈ ਦੋ ‘ਇਲੈਕਟ੍ਰਿਕ ਟਰਾਮ ਕਾਰਾਂ’ ਅਤੇ ਦੋ ‘ਮੋਟਰ ਕਾਰਾਂ’ ਕਿਰਾਏ ਉੱਤੇ ਕੀਤੀਆਂ ਹੋਈਆਂ ਸਨ। ਇਨ੍ਹਾਂ ਕਾਰਾਂ ਨੂੰ ਵੱਡੇ-ਵੱਡੇ ਪੋਸਟਰਾਂ ਨਾਲ਼ ਸਜਾਇਆ ਹੋਇਆ ਸੀ, ਜਿਨ੍ਹਾਂ ਉੱਤੇ ਮੋਟੇ ਅੱਖਰਾਂ ਵਿਚ ‘INDIA’ ਅਤੇ ‘FREEDOM ਲਿਖਿਆ ਹੋਇਆ ਸੀ।
ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ ਅਤੇ ਇਨ੍ਹਾਂ ਨਾਲ਼ ਪੋਰਟਲੈਂਡ ਤੋਂ ਆਏ ਇਨ੍ਹਾਂ ਦੇ ਸਾਥੀਆਂ ਨੂੰ ਰੇਲਵੇ ਸਟੇਸ਼ਨ ਤੋਂ ਜਲੂਸ ਦੀ ਸ਼ਕਲ ਵਿੱਚ ‘ਹੇਮੰਡ ਲੰਬਰ ਕੰਪਨੀ’ ਦੀ ਸਾਅ ਮਿੱਲ ਵਿਚ ਲਿਜਾਇਆ ਗਿਆ। ਇੱਥੇ ਖਾਣਾ ਖਾਣ ਪਿੱਛੋਂ ਵੱਡੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਬੋਲਦਿਆਂ ਲਾਲਾ ਹਰਦਿਆਲ ਨੇ ਹਿੰਦੁਸਤਾਨੀਆ ਨੂੰ ਸੰਬੋਧਿਤ ਹੁੰਦਿਆਂ ਆਖਿਆ, ”ਅਮਰੀਕਾ ਵਿਚ ਆ ਕੇ ਤੁਸੀਂ ਇੱਥੋਂ ਦੀ ਖੁਸ਼ਹਾਲੀ ਨੂੰ ਅੱਖੀਂ ਦੇਖਿਆ ਹੈ। ਇਸ ਖੁਸ਼ਹਾਲੀ ਦਾ ਕੀ ਕਾਰਨ ਹੈ? ਸਿਰਫ ਇਹ ਕਿ ਅਮਰੀਕਾ ਵਿਚ ਇੱਥੋਂ ਦੇ ਲੋਕ ਰਾਜ ਕਰਦੇ ਹਨ। ਦੂਜੇ ਪਾਸੇ ਇੰਡੀਆ ਦੇ ਰਾਜ ਪ੍ਰਬੰਧ ਵਿਚ ਉੱਥੋਂ ਦੇ ਲੋਕਾਂ ਦਾ ਕੋਈ ਹੱਥ ਨਹੀਂ… ।”
ਹਰਦਿਆਲ ਦੀ ਸਪੀਚ ਪਿੱਛੋਂ ‘ਹਿੰਦੀ ਅਸੋਸੀਏਸ਼ਨ ਆਫ ਦੀ ਪੈਸਿਫਿਕ ਕੋਸਟ’ (ਗਦਰ
ਪਾਰਟੀ) ਦੀ ਸਥਾਪਨਾ ਕੀਤੀ ਗਈ।
ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਦੇ ਵੈਨਕੂਵਰ (ਕੈਨੇਡਾ) ਬੈਠੇ ਜਾਸੂਸ ਹਾਪਕਿਨਸਨ ਨੂੰ ਉਹਦੇ ਸਾਨਫਰਾਂਸਿਸਕੋ ਵਿਚਲੇ ਇਨਫਾਰਮਰ ਟਿਲਟਨ ਸਟੀਲ ਨੇ ਦੱਸਿਆ ਸੀ ਕਿ ਹਰਦਿਆਲ ਮਈ ਦੇ ਆਖਰੀ ਹਫਤੇ ਪੋਰਟਲੈਂਡ ਵਿਚ ਸੀ। ਗਦਰ ਪਾਰਟੀ ਦੀ ਸਥਾਪਨਾ ਤੋਂ ਦੋ ਦਿਨ ਬਾਅਦ ਹਰਦਿਆਲ ਨੇ 4 ਜੂਨ 1913 ਨੂੰ ਅਸਟੋਰੀਆ ਦੇ ‘ਫਿਨਿਸ਼ ਸੋਸ਼ਲਿਸਟ ਹਾਲ’ ਵਿਚ ਅੱਗ ਵਰ੍ਹਾਊ ਭਾਸ਼ਣ ਦਿੱਤਾ ਸੀ। ਇਸ ਦੀਆਂ ਰਿਪੋਰਟਾਂ ਅਸਟੋਰੀਆ ਤੋਂ ਨਿਕਲ਼ਦੇ ਅਖਬਾਰ ‘ਅਸਟੋਰੀਅਨ’ ਨੇ ਆਪਣੇ 5 ਅਤੇ 7 ਜੂਨ ਦੇ ਅੰਕਾਂ ਵਿਚ ਛਾਪੀਆਂ ਸਨ। ਬਿ੍ਰਿਟਸ਼ ਰਾਜਦੂਤ ਵੱਲੋਂ ਪਾਏ ਦਬਾਅ ਕਾਰਨ ਅਮਰੀਕਨ ਸਰਕਾਰ ਨੇ ਸੀਆਟਲ ਅਤੇ ਪੋਰਟਲੈਂਡ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਹਿਦਾਇਤਾਂ ਭੇਜੀਆਂ ਹੋਈਆਂ ਸਨ ਕਿ ਉਹ ਹਰਦਿਆਲ ਵੱਲੋਂ ਦਿੱਤੇ ਜਾ ਰਹੇ ਭਾਸ਼ਣਾਂ ਨੂੰ ਸੁਣਨ ਜਾਣ ਅਤੇ ਇਨ੍ਹਾਂ ਭਾਸ਼ਣਾਂ ਦੇ ਨੋਟਿਸ ਬਣਾਉਣ।
ਹਾਪਕਿਨਸਨ ਨੇ 13 ਜੂਨ (1913) ਨੂੰ ਸੀਆਟਲ ਪਹੁੰਚ ਕੇ ਇਨ੍ਹਾਂ ਅਖਬਾਰਾਂ ਦੀਆਂ ਕਟਿੰਗਜ਼ ਪ੍ਰਾਪਤ ਕੀਤੀਆਂ ਸਨ ਤੇ ਇਹ ਕਟਿੰਗਜ਼ ਉਹਨੇ ਆਪਣੇ ਬੌਸ ਕੈਨੇਡਾ ਦੇ ਡਿਪਟੀ ਇੰਟੀਰੀਅਰ ਮਨਿਸਟਰ ਕੋਰੀ ਨੂੰ ਔਟਵਾ ਭੇਜ ਦਿੱਤੀਆਂ ਸਨ। ਅਸਟੋਰੀਆ ਵਿਚ ‘ਹੇਮੰਡ ਲੰਬਰ ਕੰਪਨੀ’ ਦੀ ਸਾਅ ਮਿੱਲ, ਜਿੱਥੇ 2 ਜੂਨ, 1913 ਨੂੰ ਗਦਰ ਪਾਰਟੀ ਦੀ ਸਥਾਪਨਾ ਕੀਤੀ ਗਈ।
ਗਦਰ ਲਹਿਰ ਦੇ ਬਹੁਤ ਹੀ ਸਤਿਕਾਰਤ ਇਤਿਹਾਸਕਾਰ ਜਗਜੀਤ ਸਿੰਘ ਨੇ ਵੀ ਆਪਣੀ ਕਿਤਾਬ ‘ਗਦਰ ਪਾਰਟੀ ਲਹਿਰ’ ਦੇ ਪੰਨਾ 151 ‘ਤੇ ਲਾਲਾ ਹਰਦਿਆਲ ਹੋਰਾਂ ਦੇ ਪੋਰਟਲੈਂਡ ਆਉਣ ਦੀ ਤਰੀਕ ਮਈ 1913 ਹੀ ਲਿਖੀ ਹੈ। ਗਦਰ ਪਾਰਟੀ ‘ਤੇ ਪੀ. ਐਚ. ਡੀ. ਕਰਨ ਵਾਲ਼ੇ ਡਾ. ਹਰੀਸ਼ ਪੁਰੀ ਵੀ ਆਪਣੀ ਕਿਤਾਬ ਵਿੱਚ ਹਰਦਿਆਲ ਹੋਰਾਂ ਦੇ ਪੋਰਟਲੈਂਡ ਆਉਣ ਦੀ ਤਰੀਕ ਮਈ 1913 ਹੀ ਲਿਖਦੇ ਹਨ। ਕੋਈ ਵੀ ਇਤਿਹਾਸਕਾਰ ਇਹ ਦਾਅਵਾ ਨਹੀਂ ਕਰ ਸਕਦਾ ਕਿ ਉਹਨੇ ਅੰਤਮ ਸੱਚ ਪਾ ਲਿਆ ਹੈ। ਅਸੀਂ ਵੀ ਇਹ ਦਾਅਵਾ ਨਹੀਂ ਕਰਦੇ। ਪਰ ਉੱਪਰ ਲਿਖੀਆਂ ਦਲੀਲਾਂ ਦੇ ਆਧਾਰ ‘ਤੇ ਇਹ ਕਹਿਣਾ ਚਾਹਾਂਗੇ ਕਿ ਭਾਈ ਪਰਮਾਨੰਦ ਤੇ ਲਾਲਾ ਹਰਦਿਆਲ ਮਾਰਚ ਵਿਚ ਨਹੀਂ ਸਗੋਂ ਮਈ 1913 ਵਿਚ ਪੋਰਟਲੈਂਡ ਆਏ ਸੀ ਅਤੇ ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ, ਕੇਸਰ ਸਿੰਘ ਠੱਠਗੜ੍ਹ, ਕਾਂਸ਼ੀ ਰਾਮ ਮੜੌਲੀ ਅਤੇ ਇਨ੍ਹਾਂ ਦੇ ਸਾਥੀਆਂ ਨੇ ਰਲ਼ਕੇ ਅਸਟੋਰੀਆ ਵਿਚ 2 ਜੂਨ, 1913 ਨੂੰ ਦੁਪਹਿਰੋਂ ਬਾਅਦ ਹੇਮੰਡ ਲੰਬਰ ਕੰਪਨੀ ਦੀ ਸਾਅ ਮਿੱਲ ਵਿਚ ਗਦਰ ਪਾਰਟੀ ਦੀ ਸਥਾਪਨਾ ਕੀਤੀ ਸੀ।
(ਲੇਖਕ ਦੀ ਛਪ ਰਹੀ ਕਿਤਾਬ ‘ਅਮਰੀਕਾ ਦੇ ਗਦਰੀ ਯੋਧੇ’ ਵਿਚੋਂ)

