
ਵੱਖ-ਵੱਖ ਸੰਗਠਨਾਂ ਨੇ ਵੀ ਇਸ ਇਸ਼ਤਿਹਾਰ ਨੂੰ ਗੈਰ-ਅਮਰੀਕੀ ਅਤੇ ਨਸਲਵਾਦੀ ਕਰਾਰ ਦਿੱਤਾ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਭਾਰਤੀ-ਅਮਰੀਕੀ ਸਮੂਹਾਂ ਅਤੇ ਡੈਮੋਕਰੇਟਿਕ ਨੇਤਾਵਾਂ ਵਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ‘ਮਿਸਟਰ ਸਿੰਘ’ ਸੈਲਫ ਡਿਪੋਰਟੇਸ਼ਨ ਦੇਣ ਲਈ ਕਹਿਣ ਵਾਲੇ ਟਰਾਂਸਫਾਰਮਰਜ਼-ਸ਼ੈਲੀ ਦੇ ਇਸ਼ਤਿਹਾਰ ਨੂੰ ਹਟਾ ਦਿੱਤਾ ਹੈ। ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਬਿਨਾ ਲਾਇਸੈਂਸ ਵਾਲੇ ਕਮਰਸ਼ੀਅਲ ਡਰਾਈਵਰਾਂ ਵਿਰੁੱਧ ਆਪਣੀ ਮੁਹਿੰਮ ਨੂੰ ਅੱਗੇ ਵਧਾਉਣ ਲਈ ‘ਐਕਸ’ ਉਤੇ ਏ.ਆਈ. ਤਿਆਰ ਚਿੱਤਰਾਂ ਦੀ ਵਰਤੋਂ ਕੀਤੀ, ਜਿਸ ਵਿਚ ਇਕ ਵਿਅਕਤੀ ਨੂੰ ਇਸ ਟੈਗਲਾਈਨ ਨਾਲ ਦਿਖਾਇਆ ਗਿਆ ਸੀ ਕਿ ‘‘ਸਾਡੀਆਂ ਸੜਕਾਂ ਤੋਂ ਹਟ ਜਾਓ, ਤੁਹਾਨੂੰ ਡਰਾਈਵ ਕਰਨਾ ਨਹੀਂ ਆਉਂਦਾ ਮਿਸਟਰ ਸਿੰਘ’’। ਇਸੇ ਦੌਰਾਨ ਹਿੰਦੂ ਅਮਰੀਕੀ ਫਾਊਂਡੇਸ਼ਨ, ਸਿੱਖ ਕੋਲੀਸ਼ਨ, ਹਿੰਦੂ ਐਕਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਵਰਗੇ ਵਕਾਲਤ ਸਮੂਹਾਂ ਨੇ ਵੀ ਇਸ ਇਸ਼ਤਿਹਾਰ ਨੂੰ ਗੈਰ-ਅਮਰੀਕੀ ਅਤੇ ਨਸਲਵਾਦੀ ਕਰਾਰ ਦਿੱਤਾ ਸੀ। ਭਾਰਤੀ ਪਰਵਾਸੀ ਵਕਾਲਤ ਸਮੂਹਾਂ ਨੇ ਹੋਮਲੈਂਡ ਸਿਕਿਉਰਿਟੀ ਵਿਭਾਗ ਵਲੋਂ ਇਹ ਇਸ਼ਤਿਹਾਰ ਹਟਾਉਣ ਦਾ ਸਵਾਗਤ ਕੀਤਾ ਹੈ।

