
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਵਿਚ ਸਥਾਈ ਨਿਵਾਸ ਯਾਨੀ ਗਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਭਾਰਤੀ ਪਰਿਵਾਰਾਂ ਦੇ ਲਈ ਸਤੰਬਰ ਦਾ ਵੀਜ਼ਾ ਬੁਲੇਟਿਨ ਰਾਹਤ ਲੈ ਕੇ ਆਇਆ ਹੈ। ਪਰਿਵਾਰ-ਅਧਾਰਿਤ ਕਈ ਸ਼ੇ੍ਰਣੀਆਂ ਵਿਚ ਗਰੀਨ ਕਾਰਡ ਮਿਲਣ ਦੀਆਂ ਤਰੀਕਾਂ ਕਾਫੀ ਅੱਗੇ ਵਧਾ ਦਿੱਤੀਆਂ ਹਨ, ਹਾਲਾਂਕਿ ਈ.ਬੀ.-1 ਵੀਜ਼ਾ ਦੇ ਚਾਹਵਾਨ ਪੇਸ਼ੇਵਰਾਂ ਲਈ ਸਥਿਤੀ ਵਿਚ ਬਹੁਤ ਘੱਟ ਬਦਲਾਅ ਆਇਆ ਹੈ। ਈ.ਬੀ.-1 ਸ਼ੇ੍ਰਣੀ ਵਿਚ ਅਸਧਾਰਨ ਯੋਗਤਾ ਵਾਲੇ ਵਿਅਕਤੀ, ਉਘੇ ਪ੍ਰੋਫੈਸਰ ਤੇ ਖੋਜਕਰਤਾ ਅਤੇ ਬਹੁ-ਰਾਸ਼ਟਰੀ ਕਾਰਪੋਰੇਸ਼ਨਾਂ ਦੇ ਕੁਝ ਸੀਨੀਅਰ ਅਧਿਕਾਰੀ ਸ਼ਾਮਲ ਹੁੰਦੇ ਹਨ। ਸਤੰਬਰ ਦਾ ਵੀਜ਼ਾ ਬੁਲੇਟਿਨ ਮੌਜੂਦਾ ਵਿੱਤੀ ਸਾਲ ਦਾ ਆਖਰੀ ਬਲੇਟਿਨ ਹੈ ਅਤੇ 1 ਅਕਤੂਬਰ ਤੋਂ ਨਵੇਂ ਸਲਾਨਾ ਵੀਜ਼ਾ ਨੰਬਰ ਉਪਲਬਧ ਹੋਣਗੇ। ਜ਼ਿਕਰਯੋਗ ਹੈ ਕਿ ਗਰੀਨ ਕਾਰਡ ਇਕ ਅਧਿਕਾਰਤ ਦਸਤਾਵੇਜ਼ ਹੈ, ਜੋ ਸੰਯੁਕਤ ਰਾਜ ਅਮਰੀਕਾ ਵਿਚ ਸਥਾਈ ਤੌਰ ’ਤੇ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਨੂੰ ਅਧਿਕਾਰਤ ਤੌਰ ਉਤੇ ‘ਪਰਮਾਨੈਂਟ ਰੈਜੀਡੈਂਟ ਕਾਰਡ’ ਵਜੋਂ ਜਣਿਆ ਜਾਂਦਾ ਹੈ।

