
ਬਸਪਾ ਮੁਖੀ ਨੇ ਕਿਹਾ : ਆਕਾਸ਼ ਆਨੰਦ ਅਜੇ ਸਿਆਣਾ ਨਹੀਂ ਹੋਇਆ
ਲਖਨਊ/ਬਿਊਰੋ ਨਿਊਜ਼
ਅਗਲੇ ਸਾਲ ਯਾਨੀ 2027 ਵਿਚ ਉਤਰ ਪ੍ਰਦੇਸ਼, ਪੰਜਾਬ ਅਤੇ ਕੁਝ ਹੋਰ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਆਪਣੇ ਭਤੀਜੇ ਅਤੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਕਾਸ਼ ਆਨੰਦ ਨੂੰ ਇਕ ਵਾਰ ਵਾਰ ਵੱਡੀ ਜ਼ਿੰਮੇਵਾਰੀ ਤੋਂ ਹਟਾ ਦਿੱਤਾ ਹੈ। ਬਸਪਾ ਦੀ ਬੈਠਕ ਵਿਚ ਮਾਇਆਵਤੀ ਨੇ ਕਿਹਾ ਕਿ ਅਕਾਸ਼ ਆਨੰਦ ਅਜੇ ਸਿਆਸੀ ਤੌਰ ’ਤੇ ਸਿਆਣੇ ਨਹੀਂ ਹੋਏ ਹਨ। ਮਾਇਆਵਤੀ ਨੇ ਕਿਹਾ ਕਿ ਉਹ ਪਾਰਟੀ ਵਿਚ ਕੰਮ ਕਰਦੇ ਰਹਿਣਗੇ, ਪਰ ਫਿਲਹਾਲ ਉਨ੍ਹਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅਕਾਸ਼ ਆਨੰਦ ਨੂੰ ਇਸ ਤੋਂ ਪਹਿਲਾਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਨੈਸ਼ਨਲ ਕੋਆਰਡੀਨੇਟਰ ਦੇ ਅਹੁਦੇ ਤੋਂ ਹਟਾਇਆ ਗਿਆ ਸੀ। ਹਾਲਾਂਕਿ ਕਰੀਬ ਇਕ ਮਹੀਨੇ ਬਾਅਦ ਜੂਨ ਵਿਚ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਹਾਲ ਕਰ ਦਿੱਤੀਆਂ ਗਈਆਂ ਸਨ। ਇਸੇ ਦੌਰਾਨ ਮਾਰਚ 2025 ਵਿਚ ਇਕ ਵਿਵਾਦ ਤੋਂ ਬਾਅਦ ਉਨ੍ਹਾਂ ਨੂੰ ਫਿਰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੀ ਅਤੇ ਫਿਰ ਮੁਆਫੀ ਮੰਗਣ ਤੋਂ ਬਾਅਦ ਉਨ੍ਹਾਂ ਨੂੰ ਇਕ ਮਹੀਨੇ ਬਾਅਦ ਫਿਰ ਪਾਰਟੀ ਵਿਚ ਸ਼ਾਮਲ ਕਰ ਲਿਆ ਗਿਆ ਸੀ। ਮਾਇਆਵਤੀ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਬਸਪਾ ਪੂਰੇ ਦੇਸ਼ ਵਿਚ ਸਾਰੀਆਂ ਛੋਟੀਆਂ ਅਤੇ ਵੱਡੀਆਂ ਚੋਣਾਂ ਬਿਨਾ ਕਿਸੇ ਗਠਜੋੜ ਤੋਂ ਆਪਣੇ ਦਮ ’ਤੇ ਹੀ ਲੜੇਗੀ।

