ਨਵੀਂ ਦਿੱਲੀ/ਬਿਊਰੋ ਨਿਊਜ਼ : ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਹੁਣ ਤੋਂ ਹੀ ਚੋਣ ਬਿਗੁਲ ਵਜਾਉਂਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਕਰਨਾਟਕ ਸਮੇਤ ਹੋਰਨਾਂ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਰਜ ਕਰਨ ਦੇ ਨਾਲ ਸਾਲ 2019 ਵਿੱਚ ਕੇਂਦਰ ਦੀ ਸੱਤਾ ‘ਤੇ ਵਾਪਸੀ ਕਰੇਗੀ। ਖੁਦ ਨੂੰ ਮੁਲਕ ਦਾ ਚੌਕੀਦਾਰ ਕਹਾਉਂਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸੇਧਦਿਆਂ ਰਾਹੁਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਤੇ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਮੁੱਦਿਆਂ ‘ਤੇ ਇਹ ਚੌਕੀਦਾਰ ਚੁੱਪ ਕਿਉਂ ਹੈ। ਰਾਹੁਲ ਨੇ ਮੋਦੀ ਦੀ ਹਾਲੀਆ ਚੀਨ ਫੇਰੀ ਦੌਰਾਨ ਡੋਕਲਾਮ ਮੁੱਦੇ ‘ਤੇ ਧਾਰੀ ਚੁੱਪੀ ‘ਤੇ ਵੀ ਸਵਾਲ ਉਠਾਏ। ਪਾਰਟੀ ਪ੍ਰਧਾਨ ਬਣਨ ਮਗਰੋਂ ਕੌਮੀ ਰਾਜਧਾਨੀ ਵਿੱਚ ਆਪਣੀ ਪਲੇਠੀ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਉਸ ਪਾਣੀ ਵਾਂਗ ਹੈ ਜੋ ਮੁਲਕ ਰੂਪੀ ਇਮਾਰਤ ਦੀ ਉਸਾਰੀ ਲਈ ਲੋੜੀਂਦਾ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ‘ਸ਼ੇਰ ਦੇ ਬੱਚੇ’ ਦੱਸਦਿਆਂ ਕਿਹਾ ਕਿ ਉਨ੍ਹਾਂ ਸੱਤਾ ਲਈ ਨਹੀਂ ਬਲਕਿ ਸਚਾਈ ਲਈ ਆਪਣੀਆਂ ਜਾਨਾਂ ਵਾਰੀਆਂ। ਇਥੇ ਰਾਮ ਲੀਲਾ ਮੈਦਾਨ ਵਿੱਚ ਜਨ ਆਕ੍ਰੋਸ਼ ਰੈਲੀ ਦੌਰਾਨ ਅੱਧੇ ਘੰਟੇ ਦੀ ਆਪਣੀ ਤਕਰੀਰ ਦੌਰਾਨ ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਹਰੇ ਮਾਪਦੰਡ ਅਪਣਾਉਣ, ਅਰਥਚਾਰੇ ਨੂੰ ਗੁੰਝਲਦਾਰ ਬਣਾਉਣ, ਜਮਹੂਰੀ ਸੰਸਥਾਵਾਂ ਨੂੰ ਢਾਹ ਲਾਉਣ ਅਤੇ ਮਹਿਲਾਵਾਂ ਨੂੰ ਸੁਰੱਖਿਆ ਦੇਣ ਵਿਚ ‘ਨਾਕਾਮ’ ਰਹਿਣ ਜਿਹੇ ਮੁੱਦਿਆਂ ‘ਤੇ ਤਿੱਖੇ ਹਮਲੇ ਕੀਤੇ। ਰਾਹੁਲ ਨੇ ਕਿਹਾ, ‘ਗੁਜਰਾਤ ਚੋਣਾਂ ਦੌਰਾਨ ਕਾਂਗਰਸੀ ਵਰਕਰਾਂ ਦੀ ਤਾਕਤ ਪ੍ਰਤੱਖ ਰੂਪ ਵਿੱਚ ਸਾਹਮਣੇ ਆਈ ਸੀ।੩ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਕਾਂਗਰਸ ਪਾਰਟੀ ਕਰਨਾਟਕ, ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਅਤੇ 2019 ਦੀ ਆਮ ਚੋਣਾਂ ਵਿੱਚ ਵੀ ਜਿੱਤ ਦਰਜ ਕਰੇਗੀ।’ ਉਨ੍ਹਾਂ ਕਿਹਾ ਕਿ ਮੋਦੀ ਨੇ ਲੋਕਾਂ ਨੂੰ ਨੋਟਬੰਦੀ ਤੇ ਗੱਬਰ ਸਿੰਘ ਟੈਕਸ (ਜੀਐਸਟੀ) ਦਿੱਤੇ, ਜਿਨ੍ਹਾਂ ਗੈਰਰਸਮੀ ਖੇਤਰ ਦਾ ਲੱਕ ਤੋੜ ਦਿੱਤਾ। ਰਾਹੁਲ ਨੇ ਕਿਹਾ ਕਿ ਦੇਸ਼ ਦਾ ਕਿਸਾਨ ਤਣਾਅ ਵਿੱਚ ਹੈ, ਪਰ ਸਰਕਾਰ ਉਨ੍ਹਾਂ ਦੇ ਕਰਜ਼ਿਆਂ ‘ਤੇ ਲੀਕ ਮਾਰਨ ਦੀ ਥਾਂ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮੁਆਫ਼ ਕਰਨ ਵਿੱਚ ਵਧੇਰੇ ਦਿਲਚਸਪ ਹੈ। ਪੰਜਾਬ ਵਜ਼ਾਰਤ ਵਿੱਚ ਵਾਧੇ ਸਮੇਂ ਝੰਡੀ ਵਾਲੀ ਕਾਰ ਨਾ ਮਿਲਣ ਤੋਂ ਰੁੱਸੇ ਦੋ ਦਰਜਨ ਦੇ ਕਰੀਬ ਕਾਂਗਰਸ ਵਿਧਾਇਕ ਦਿੱਲੀ ਵਿੱਚ ਕੀਤੀ ‘ਜਨ ਆਕ੍ਰੋਸ਼ ਰੈਲੀ’ ਵਿੱਚੋਂ ਗ਼ੈਰਹਾਜ਼ਰ ਰਹੇ। ਇਸ ਤੋਂ ਪਹਿਲਾਂ ਸੂਬੇ ਦੇ ਕੁਝ ਦਲਿਤ ਆਗੂ ਕਾਂਗਰਸ ਪ੍ਰਧਾਨ ਨੂੰ ਮਿਲ ਕੇ ਆਪਣਾ ਰੋਸ ਜ਼ਾਹਿਰ ਕਰ ਚੁੱਕੇ ਹਨ।
ਲੋਕਤੰਤਰ ਵੱਡੇ ਖਤਰੇ ‘ਚ : ਡਾ. ਮਨਮੋਹਨ ਸਿੰਘ
ਰੈਲੀ ਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਿਸ ਰਸਤੇ ‘ਤੇ ਚੱਲ ਰਹੀ ਹੈ, ਉਹ ਦੇਸ਼ ਦੇ ਲੋਕਤੰਤਰ ਲਈ ਵੱਡਾ ਖਤਰਾ ਹੈ। ਸੰਸਦ ਨਹੀਂ ਚੱਲਣ ਦਿੱਤੀ ਜਾ ਰਹੀ। ਬੇਭਰੋਸਗੀ ਮਤੇ ‘ਤੇ ਚਰਚਾ ਹੋਣ ਤੋਂ ਰੋਕੀ ਜਾ ਰਹੀ ਹੈ। ਸੰਵਿਧਾਨਕ ਅਦਾਰਿਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਦੂਜੇ ਪਾਸੇ, ਨੀਰਵ ਮੋਦੀ ਤੇ ਮੇਹੁਲ ਚੌਕਸੀ ਵਰਗੇ ਲੋਕ ਬੈਂਕ ਦੇ ਹਜ਼ਾਰਾਂ ਕਰੋੜ ਰੁਪਏ ਲੈ ਕੇ ਵਿਦੇਸ਼ ਭੱਜ ਜਾਂਦੇ ਹਨ ਤੇ ਸਰਕਾਰ ਕੁਝ ਨਹੀਂ ਕਰ ਸਕਦੀ। ਬੈਂਕਾਂ ਦੀ ਹਾਲਤ ਵੀ ਖਰਾਬ ਹੈ।
ਵਧੀ ਹਿੰਸਾ ਦੀ ਰਾਜਨੀਤੀ : ਸੋਨੀਆ ਗਾਂਧੀ
ਰੈਲੀ ਨੂੰ ਯੂਪੀਏ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਅੱਜ ਵੀ ਜਿਹੜੀ ਸਥਿਤੀ ਹੈ, ਕਦੇ ਇਸਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ।ਖੂਨ ਖਰਾਬੇ, ਨਫਰਤ ਤੇ ਹਿੰਸਾ ਦੀ ਰਾਜਨੀਤੀ ਨਾਲ ਦੇਸ਼ ਅੱਜ ਜੂਝ ਰਿਹਾ ਹੈ। ਜਦੋਂ ਤੋਂ ਮੋਦੀ ਸਰਕਾਰ ਆਈ ਹੈ, ਉਹ ਸੰਵਿਧਾਨਕ ਅਦਾਰਿਆਂ ਨੂੰ ਇਕ-ਇਕ ਕਰਕੇ ਕੁਚਲ ਰਹੀ ਹੈ।
ਰਾਹੁਲ ਕਾਗਜ਼ ਪੜ੍ਹੇ ਬਿਨਾ 15 ਮਿੰਟ ਬੋਲ ਕੇ ਦਿਖਾਉਣ : ਮੋਦੀ
ਸੰਤੇਮਾਰਨਹਾਲੀ(ਕਰਨਾਟਕ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਵਿੱਚ ਆਪਣੀ ਦੂਜੇ ਗੇੜ ਦੀ ਚੋਣ ਮੁਹਿੰਮ ਭਖਾਉਂਦਿਆਂ ਸੂਬੇ ਵਿੱਚ ਸੱਤਾਧਾਰੀ ਕਾਂਗਰਸ ਸਰਕਾਰ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਿਰੁੱਧ ਤਿੱਖੇ ਹਮਲੇ ਕੀਤੇ। ਉਨ੍ਹਾਂ ਆਪਣੇ ਤੋਂ ਪਹਿਲਾਂ ਕੇਂਦਰ ਦੀ ਅਗਵਾਈ ਵਾਲੀ ਕੌਮੀ ਪ੍ਰਗਤੀਸ਼ੀਲ ਗੱਠਜੋੜ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੇ ਕੁੱਝ ਲੋਕਾਂ ਨੂੰ ਬੈਂਕ ਲੁੱਟਣ ਦੀ ਖੁੱਲ੍ਹ ਦੇ ਦਿੱਤੀ ਸੀ ਜਦੋਂ ਕਿ ਗਰੀਬਾਂ ਨੂੰ ਕਰਜ਼ ਦੇਣ ਤੋਂ ਹੀ ਇਨਕਾਰ ਕਰ ਦਿੱਤਾ। ਉਨ੍ਹਾਂ ਰਾਹੁਲ ਨੂੰ ਕਿਸੇ ਵੀ ਭਾਸ਼ਾ ਵਿੱਚ ਬਿਨਾਂ ਕਾਗਜ਼ ਤੋਂ ਪੜ੍ਹਿਆਂ ਪੰਦਰਾਂ ਮਿੰਟ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਣ ਦੀ ਚੁਣੌਤੀ ਦੇ ਦਿੱਤੀ।

