Breaking News
Home / ਭਾਰਤ / ਭਾਰਤੀ ਫੌਜ ‘ਚ ਔਰਤਾਂ ਵੀ ਮਰਦਾਂ ਵਾਂਗ ਜੰਗ ਦੇ ਮੈਦਾਨ ‘ਚ ਨਿੱਤਰਨਗੀਆਂ

ਭਾਰਤੀ ਫੌਜ ‘ਚ ਔਰਤਾਂ ਵੀ ਮਰਦਾਂ ਵਾਂਗ ਜੰਗ ਦੇ ਮੈਦਾਨ ‘ਚ ਨਿੱਤਰਨਗੀਆਂ

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਫੌਜ ਵਿਚ ਔਰਤਾਂ ਵੀ ਛੇਤੀ ਹੀ ਜੰਗ ਦੇ ਮੈਦਾਨ ਵਿਚ ਮਰਦਾਂ ਵਾਂਗ ਹੀ ਮੁਕਾਬਲਾ ਕਰਦੀਆਂ ਨਜ਼ਰ ਆਉਣਗੀਆਂ। ਸ਼ੁਰੂਆਤੀ ਤੌਰ ‘ਤੇ ਉਨ੍ਹਾਂ ਦੀ ਨਿਯੁਕਤੀ ਮਿਲਟਰੀ ਪੁਲਿਸ ਦੇ ਅਹੁਦੇ ‘ਤੇ ਕੀਤੀ ਜਾਵੇਗੀ। ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਇਸ ਸਬੰਧ ਵਿਚ ਅਹਿਮ ਬਿਆਨ ਦਿੰਦਿਆਂ ਕਿਹਾ ਕਿ ਉਹ ਔਰਤਾਂ ਨੂੰ ਲੜਾਕੂ ਭੂਮਿਕਾ, ਜਿਸ ਵਿਚ ਹਾਲੇ ਤੱਕ ਸਿਰਫ ਮਰਦਾਂ ਨੂੰ ਹੀ ਸ਼ਾਮਿਲ ਕੀਤਾ ਜਾਂਦਾ ਸੀ, ਦੇਣ ਦੇ ਅਮਲ ਵਿਚ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਜਨਰਲ ਰਾਵਤ ਨੇ ਕਿਹਾ ਕਿ ਇਸ ਸਬੰਧ ਵਿਚ ਅਮਲ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸ ਮੁੱਦੇ ਨੂੰ ਸਰਕਾਰ ਅੱਗੇ ਰੱਖਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਭਾਵੇਂ ਪਹਿਲੀ ਵਿਸ਼ਵ ਜੰਗ ਦੇ ਸਮੇਂ ਵੀ ਔਰਤਾਂ ਨੇ ਲੜਾਕੂ ਭੂਮਿਕਾ ਵਿਚ ਜੰਗ ਦੀ ਕਮਾਨ ਸੰਭਾਲੀ ਸੀ, ਪਰ ਹਾਲੇ ਤੱਕ ਸਿਰਫ ਕੁਝ ਦੇਸ਼ ਹੀ ਔਰਤਾਂ ਨੂੰ ਫਰੰਟ ‘ਤੇ ਭੇਜਣ ਲਈ ਰਾਜ਼ੀ ਹੋਏ ਹਨ। ਜਰਮਨੀ, ਆਸਟ੍ਰੇਲੀਆ, ਕੈਨੇਡਾ, ਡੈਨਮਾਰਕ, ਇਜ਼ਰਾਈਲ, ਨਿਊਜ਼ੀਲੈਂਡ, ਅਮਰੀਕਾ ਅਤੇ ਬਰਤਾਨੀਆ ਹੀ ਅਜਿਹੇ ਕੁਝ ਦੇਸ਼ ਹਨ, ਜਿਨ੍ਹਾਂ ਵਿਚ ਲੜਾਕੂ ਭੂਮਿਕਾ ‘ਚ ਔਰਤਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਸਰੀਰਿਕ, ਸਮਾਜਿਕ ਅਤੇ ਵਿਹਾਰਿਕ ਸਰੋਕਾਰਾਂ ਦਾ ਹਵਾਲਾ ਦੇ ਕੇ ਔਰਤਾਂ ਦੀ ਸ਼ਮੂਲੀਅਤ ਹਮੇਸ਼ਾ ਤੋਂ ਇਕ ਬਹਿਸ ਦਾ ਵਿਸ਼ਾ ਰਹੀ ਹੈ। ਜਨਰਲ ਰਾਵਤ ਨੇ ਕਿਹਾ ਕਿ ਉਹ ਔਰਤਾਂ ਨੂੰ ਜਵਾਨ ਵਜੋਂ ਲੈ ਰਹੇ ਹਨ ਅਤੇ ਇਸ ਦਿਸ਼ਾ ਵਿਚ ਛੇਤੀ ਹੀ ਕਦਮ ਚੁੱਕਣਗੇ, ਜਿਸ ਦੀ ਸ਼ੁਰੂਆਤ ਉਨ੍ਹਾਂ ਨੂੰ ਮਿਲਟਰੀ ਪੁਲਿਸ ਵਜੋਂ ਤਾਇਨਾਤ ਕਰਕੇ ਕੀਤੀ ਜਾਵੇਗੀ।
ਰਾਵਤ ਨੇ ਇਸ ਸਬੰਧ ਵਿਚ ਔਰਤਾਂ ਨੂੰ ਵੀ ਆਪਣੇ-ਆਪ ਨੂੰ ਸਾਬਤ ਕਰਨ ਦਾ ਹੋਕਾ ਦਿੰਦਿਆਂ ਕਿਹਾ ਕਿ ਔਰਤਾਂ ਨੂੰ ਵੀ ਲੜਾਕੂ ਭੂਮਿਕਾ ਵਿਚ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਆਪਣੀ ਤਾਕਤ ਅਤੇ ਦਬਦਬਾ ਵਿਖਾਉਣਾ ਹੋਵੇਗਾ।
ਹਾਲੇ ਤੱਕ ਭਾਰਤੀ ਹਥਿਆਰਬੰਦ ਫੌਜ ਵਿਚ ਔਰਤਾਂ ਨੂੰ ਮੈਡੀਕਲ, ਕਾਨੂੰਨੀ, ਸਿੱਖਿਆ, ਸਿਗਨਲ ਅਤੇ ਇੰਜੀਨੀਅਰਿੰਗ ਵਿੰਗ ਵਿਚ ਸ਼ਾਮਿਲ ਕੀਤਾ ਜਾਂਦਾ ਰਿਹਾ ਹੈ। ਪੁਲਿਸ ਜਵਾਨ ਵਜੋਂ ਸ਼ੁਰੂਆਤ ਕਰਨ ਵਾਲੀਆਂ ਔਰਤਾਂ ਨੂੰ ਕੈਂਟ ਇਲਾਕਿਆਂ ਅਤੇ ਫੌਜ ਸੰਸਥਾਨਾਂ ਦੀ ਨਿਗਰਾਨੀ, ਜਵਾਨਾਂ ਨੂੰ ਨੇਮਾਂ ਦੀ ਉਲੰਘਣਾ ਕਰਨ ਤੋਂ ਰੋਕਣਾ, ਜਵਾਨਾਂ ਦੀ ਮੂਵਮੈਂਟ ਤਿਆਰ ਕਰਨ, ਜੰਗੀ ਮੁਜਰਮਾਂ ਨਾਲ ਨਜਿੱਠਣਾ ਅਤੇ ਸਿਵਲ ਪੁਲਿਸ ਨੂੰ ਮਦਦ ਮੁਹੱਈਆ ਕਰਵਾਉਣ ਦੀ ਡਿਊਟੀ ਨਿਭਾਉਣੀ ਹੋਵੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਭਾਰਤੀ ਹਵਾਈ ਫੌਜ ਨੇ ਇਸ ਮਾਮਲੇ ਵਿਚ ਪਹਿਲਕਦਮੀ ਕਰਦਿਆਂ 3 ਔਰਤ ਲੜਾਕੂ ਪਾਇਲਟਾਂ ਦੀ ਨਿਯੁਕਤੀ ਜਿਹਾ ਅਹਿਮ ਕਦਮ ਉਠਾਇਆ ਸੀ, ਜਦਕਿ ਸਮੁੰਦਰੀ ਫੌਜ ਅਤੇ ਔਰਤਾਂ ਨੂੰ ਤਾਇਨਾਤ ਕਰਨ ਬਾਰੇ ਕੋਈ ਸਪੱਸ਼ਟ ਨੀਤੀ ਨਹੀਂ ਲਿਆ ਪਾਈ ਹੈ।

Check Also

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੈਲੀਕਾਪਟਰ ’ਚ ਚੜ੍ਹਦੇ ਸਮੇਂ ਡਿੱਗੀ

ਮਾਮੂਲੀ ਸੱਟਾਂ ਤੋਂ ਬਾਅਦ ਬੈਨਰਜੀ ਚੋਣ ਪ੍ਰਚਾਰ ਲਈ ਹੋਈ ਰਵਾਨਾ ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ …