-4.8 C
Toronto
Wednesday, December 31, 2025
spot_img
Homeਭਾਰਤ470 ਹਵਾਈ ਜਹਾਜ਼ ਖ਼ਰੀਦੇਗੀ ਏਅਰ ਇੰਡੀਆ

470 ਹਵਾਈ ਜਹਾਜ਼ ਖ਼ਰੀਦੇਗੀ ਏਅਰ ਇੰਡੀਆ

ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰਲਾਈਨ ਵੱਲੋਂ ਏਅਰਬੱਸ ਤੇ ਬੋਇੰਗ ਨਾਲ ਸਮਝੌਤਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਏਅਰ ਇੰਡੀਆ ਆਪਣੇ ਜਹਾਜ਼ਾਂ ਦੇ ਬੇੜੇ ਦਾ ਵਿਸਤਾਰ ਕਰਨ ਲਈ 470 ਹਵਾਈ ਜਹਾਜ਼ਾਂ ਦੀ ਖ਼ਰੀਦ ਕਰੇਗੀ। ਟਾਟਾ ਗਰੁੱਪ ਦੀ ਮਾਲਕੀ ਵਾਲੀ ਇਸ ਏਅਰਲਾਈਨ ਨੇ ਫਰਾਂਸ ਦੀ ਜਹਾਜ਼ ਬਣਾਉਣ ਵਾਲੀ ਕੰਪਨੀ ਏਅਰਬੱਸ ਅਤੇ ਅਮਰੀਕਾ ਦੀ ਕੰਪਨੀ ਬੋਇੰਗ ਤੋਂ ਕ੍ਰਮਵਾਰ 250 ਤੇ 220 ਹਵਾਈ ਜਹਾਜ਼ ਖਰੀਦਣ ਸਬੰਧੀ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਨ੍ਹਾਂ ਸਮਝੌਤਿਆਂ ਨੂੰ ਇਤਿਹਾਸਕ ਕਰਾਰ ਦਿੱਤਾ ਹੈ। ਏਅਰ ਇੰਡੀਆ ਨੇ ਏਅਰਬੱਸ ਤੋਂ 250 ਹਵਾਈ ਜਹਾਜ਼ਾਂ ਦੀ ਖ਼ਰੀਦ ਕਰੇਗੀ, ਜਿਸ ਵਿੱਚ 40 ਵੱਡੇ ਜਹਾਜ਼ ਸ਼ਾਮਲ ਹਨ।
ਏਅਰ ਇੰਡੀਆ ਨੇ 17 ਸਾਲਾਂ ਮਗਰੋਂ ਪਹਿਲੀ ਵਾਰ ਹਵਾਈ ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਟਾਟਾ ਗਰੁੱਪ ਦੀ ਮਾਲਕੀ ਤਹਿਤ ਏਅਰਲਾਈਨ ਕੰਪਨੀ ਵੱਲੋਂ ਦਿੱਤਾ ਗਿਆ ਇਹ ਪਹਿਲਾ ਆਰਡਰ ਵੀ ਹੈ। ਟਾਟਾ ਸੰਨਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਦੱਸਿਆ ਕਿ ਏਅਰ ਇੰਡੀਆ ਨੇ 250 ਹਵਾਈ ਜਹਾਜ਼ ਖ਼ਰੀਦਣ ਲਈ ਏਅਰਬੱਸ ਨਾਲ ਸਮਝੌਤਾ ਪੱਤਰ ‘ਤੇ ਦਸਤਖ਼ਤ ਕੀਤੇ ਹਨ।
ਇਸ ਤਹਿਤ 40 ਵੱਡੇ ਏ350 ਅਤੇ 210 ਛੋਟੇ ਹਵਾਈ ਜਹਾਜ਼ ਖ਼ਰੀਦੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਦੀ ਪ੍ਰੋਗਰਾਮ ਵਿੱਚ ਵਰਚੁਅਲ ਮੌਜੂਦਗੀ ਦੌਰਾਨ ਚੰਦਰਸ਼ੇਖਰਨ ਨੇ ਕਿਹਾ ਕਿ ਅਤਿ-ਲੰਬੀ ਦੂਰੀ ਦੇ ਸਫ਼ਰ ਲਈ ਵੱਡੇ ਹਵਾਈ ਜਹਾਜ਼ਾਂ ਨੂੰ ਵਰਤੋਂ ਵਿੱਚ ਲਿਆਂਦਾ ਜਾਵੇਗਾ। ਆਮ ਤੌਰ ‘ਤੇ 16 ਘੰਟਿਆਂ ਤੋਂ ਵੱਧ ਦੇ ਸਫ਼ਰ ਵਾਲੀਆਂ ਉਡਾਣਾਂ ਨੂੰ ਅਤਿ-ਲੰਬੀ ਦੂਰੀ ਦੀਆਂ ਉਡਾਣਾ ਕਿਹਾ ਜਾਂਦਾ ਹੈ। ਘਾਟੇ ‘ਚ ਚੱਲ ਰਹੀ ਏਅਰ ਇੰਡੀਆ ਨੂੰ ਪਿਛਲੇ ਸਾਲ ਜਨਵਰੀ ਵਿੱਚ ਸਰਕਾਰ ਤੋਂ ਖ਼ਰੀਦਣ ਮਗਰੋਂ ਟਾਟਾ ਗਰੁੱਪ ਇਸ ਏਅਰਲਾਈਨ ਨੂੰ ਮੁੜ ਪੈਰਾਂ ਸਿਰ ਕਰਨ ਲਈ ਕਈ ਕਦਮ ਉਠਾ ਰਹੀ ਹੈ।
ਮੋਦੀ ਨੇ ਬਾਇਡਨ ਨੂੰ ਫੋਨ ‘ਤੇ ਦਿੱਤੀ ਵਧਾਈ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਜੋਅ ਬਾਇਡਨ ਨੇ ਏਅਰ ਇੰਡੀਆ ਤੇ ਬੋਇੰਗ ਦਰਮਿਆਨ ਹੋਏ ਮੀਲਪੱਥਰ ਸਮਝੌਤੇ ਦਾ ਸਵਾਗਤ ਕੀਤਾ ਹੈ। ਮੋਦੀ ਨੇ ਅਮਰੀਕੀ ਸਦਰ ਨੂੰ ਫੋਨ ਕਰਕੇ ਵਧਾਈ ਦਿੱਤੀ। ਦੋਵਾਂ ਆਗੂਆਂ ਨੇ ਭਾਰਤ-ਅਮਰੀਕਾ ਆਲਮੀ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਿਆਂ ਕਰਨ ‘ਤੇ ਤਸੱਲੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਏਅਰ ਇੰਡੀਆ ਤੇ ਬੋਇੰਗ ਵਿਚਾਲੇ ਹੋਇਆ ਕਰਾਰ ਦੋਵਾਂ ਮੁਲਕਾਂ ਦਰਮਿਆਨ ਪਰਸਪਰ ਸਹਿਯੋਗ ਦੀ ਚਮਕਦੀ ਮਿਸਾਲ ਹੈ।

 

RELATED ARTICLES
POPULAR POSTS