22.1 C
Toronto
Friday, September 11, 2026
spot_img
HomeਕੈਨੇਡਾFrontਸਿੱਖ ਸਿਰਫ਼ ਟਰੱਕ ਚਲਾਉਣ ਲਈ ਹੀ ਅਮਰੀਕਾ ਨਹੀਂ ਜਾਂਦੇ- ਆਰ ਪੀ ਸਿੰਘ

ਸਿੱਖ ਸਿਰਫ਼ ਟਰੱਕ ਚਲਾਉਣ ਲਈ ਹੀ ਅਮਰੀਕਾ ਨਹੀਂ ਜਾਂਦੇ- ਆਰ ਪੀ ਸਿੰਘ

ਸਿੱਖ ਸਿਰਫ਼ ਟਰੱਕ ਚਲਾਉਣ ਲਈ ਹੀ ਅਮਰੀਕਾ ਨਹੀਂ ਜਾਂਦੇ- ਆਰ ਪੀ ਸਿੰਘ
ਕੀ ਸਿੱਖ ਵਿਗਿਆਨਿਕਾਂ, ਸੈਨਿਕਾਂ ਅਤੇ ਸੂਰਬੀਰਾਂ ਨੂੰ ਭੁੱਲ ਗਿਐ ਅਮਰੀਕਾ?
ਅਮਰੀਕੀ ਇਮੀਗ੍ਰੇਸ਼ਨ ਵਿਭਾਗ ਵੱਲੋ ਪ੍ਰਵਾਸੀਆਂ ਤੇ ‘‘ਮਿਸਟਰ ਸਿੰਘ” ਦਾ ਟਿੱਚਰਪੁਣਾ

ਅਮਰਜੀਤ ਸਿੰਘ
ਚੰਡੀਗੜ੍ਹ/ਦਿੱਲੀ, 10 ਸਿਤੰਬਰ, 2026
ਭਾਜਪਾ ਨੇ ਵੀਰਵਾਰ ਨੂੰ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਦੇ ਪ੍ਰਵਾਸੀਆਂ ਨੂੰ ‘‘ਮਿਸਟਰ ਸਿੰਘ” ਦਾ ਠੱਪਾ ਲਾ ਕੇ ਟਿੱਚਰ ਕਰਨ ਵਾਲੇ ਪੋਸਟਰਾਂ ਦਾ ਸਖ਼ਤ ਵਿਰੋਧ ਕੀਤਾ ਹੈ, ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਕਈ ਉੱਦਮੀ ਸਿੱਖਾਂ ਨੇ ਆਪਣੇ ਹੁਨਰ ਅਤੇ ਲਚਕੀਲੇਪਣ ਨਾਲ ਅਮਰੀਕਾ ਨੂੰ ਅਮੀਰ ਬਣਾਇਆ ਹੈ ਜਿਸਨੂੰ ਸ਼ਾਇਦ ਅਮਰੀਕਾ ਭੁੱਲ ਗਿਆ ਹੈ। ਕੀ ਅਮਰੀਕਾ ਕਪਾਨੀ, ਸੌਂਧ, ਥਿੰਦ ਨੂੰ ਭੁੱਲ ਗਿਆ ਹੈ? ਭਾਜਪਾ ਨੇ ਅਮਰੀਕੀ ਇਮੀਗ੍ਰੇਸ਼ਨ ਪੋਸਟਰ ਵਿੱਚ ਸਿੱਖਾਂ ਪ੍ਰਤੀ ਨਸਲੀ ਲੇਬਲਿੰਗ ਦੀ ਨਿੰਦਾ ਕੀਤੀ ਹੈ।
ਭਾਜਪਾ ਦੇ ਬੁਲਾਰੇ ਆਰਪੀ ਸਿੰਘ ਨੇ ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਸੋਸ਼ਲ ਮੀਡਿਆ ਐਕਸ ਤੇ ਸੰਬੋਧਿਤ ਇੱਕ ਬਿਆਨ ਵਿੱਚ, ਅਮਰੀਕੀ ਸਰਕਾਰ ਦੇ ਇੱਕ ਅਧਿਕਾਰਤ ਦੇਸ਼ ਨਿਕਾਲੇ ਮੁਹਿੰਮ ਵਿੱਚ ਸਿੱਖ ਪਛਾਣ ਅਤੇ ਉਪਨਾਮ ‘‘ਸਿੰਘ” ਨੂੰ ਇੱਕ ਕਾਰਟੂਨ ਵਜੋਂ ਵਰਤਣ ’ਤੇ ਸਖ਼ਤ ਇਤਰਾਜ਼ ਜਤਾਇਆ ਹੈ।
ਉਹਨਾਂ ਕਿਹਾ ਕਿ ਅਮਰੀਕਾ ਨੂੰ ਆਪਣੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਵਿਰੁੱਧ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ, ਪ੍ਰੰਤੂ ਕਾਨੂੰਨ ਲਾਗੂ ਕਰਨਾ ਕਦੇ ਵੀ ਨਸਲੀ, ਜਾਤੀ ਅਧਾਰਿਤ ਜਾਂ ਧਾਰਮਿਕ ਅਧਾਰ ਤੇ ਰੂੜ੍ਹੀਵਾਦੀ ਸੋਚ ਦਾ ਬਹਾਨਾ ਨਹੀਂ ਬਣਨਾ ਚਾਹੀਦਾ।
ਆਰ ਪੀ ਸਿੰਘ ਸੋਸ਼ਲ ਮੀਡਿਆ ਐਕਸ (X) ਜੋ ਖ਼ਤ ਮਿਸਟਰ ਗੋਰ ਨੂੰ ਭੇਜਿਆ ਹੈ ਅਸੀਂ ਉਸਨੂੰ ਹੂ ਬ ਹੂ ਥੱਲੇ ਲਿਖ ਰਹੇ ਹਾਂ।
ਮਾਣਯੋਗ ਅੰਬੈਸਡਰ ਸ੍ਰੀ ਸਰਜੀਓ ਗੋਰ ਜੀ,
ਇੱਕ ਸਿੱਖ ਹੋਣ ਦੇ ਨਾਤੇ ਮੈਂ ਅਮਰੀਕੀ ਸਰਕਾਰ ਦੀ ਡਿਪੋਰਟੇਸ਼ਨ ਮੁਹਿੰਮ ਵਿੱਚ ਸਿੱਖ ਪਹਿਚਾਣ ਅਤੇ ‘ਸਿੰਘ’ ਉਪਨਾਮ ਨੂੰ ਹਾਸੋਹੀਣੇ ਅਤੇ ਰੂੜ੍ਹੀਵਾਦੀ ਚਿੱਤਰਣ ਲਈ ਵਰਤੇ ਜਾਣ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਾ ਹਾਂ।
ਅਮਰੀਕਾ ਨੂੰ ਆਪਣੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਗੈਰ-ਕਾਨੂੰਨੀ ਪਰਵਾਸ ਵਿਰੁੱਧ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ। ਪਰ ਕਾਨੂੰਨ ਲਾਗੂ ਕਰਨ ਦੀ ਆੜ ਵਿੱਚ ਕਿਸੇ ਧਰਮ, ਨਸਲ ਜਾਂ ਭਾਈਚਾਰੇ ਦੀ ਪਹਿਚਾਣ ਨੂੰ ਤਨਜ਼ ਜਾਂ ਰੂੜ੍ਹੀਵਾਦੀ ਧਾਰਨਾ ਦਾ ਪਾਤਰ ਬਣਾਉਣਾ ਕਤਈ ਉਚਿਤ ਨਹੀਂ।
ਕੀ ਅਮਰੀਕਾ ਡਾ. ਨਰਿੰਦਰ ਸਿੰਘ ਕਪਾਨੀ ਨੂੰ ਭੁੱਲ ਗਿਆ ਹੈ-ਫਾਈਬਰ ਆਪਟਿਕਸ ਦੇ ਖੇਤਰ ਦੇ ਮੋਢੀ, ਜਿਨ੍ਹਾਂ ਦੇ ਕੰਮ ਨੇ ਆਧੁਨਿਕ ਸੰਚਾਰ ਕ੍ਰਾਂਤੀ ਨੂੰ ਨਵੀਂ ਦਿਸ਼ਾ ਦਿੱਤੀ?
ਕੀ ਡੈਲਿਪ ਸਿੰਘ ਸੌਂਧ ਨੂੰ ਭੁੱਲ ਗਿਆ ਹੈ-ਅਮਰੀਕੀ ਕਾਂਗਰਸ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ ਅਤੇ ਪਹਿਲੇ ਏਸ਼ੀਆਈ-ਅਮਰੀਕੀ?
ਕੀ ਭਗਤ ਸਿੰਘ ਥਿੰਦ ਨੂੰ ਭੁੱਲ ਗਿਆ ਹੈ-ਉਹ ਸਿੱਖ ਅਮਰੀਕੀ ਸੈਨਿਕ, ਜਿਨ੍ਹਾਂ ਨੇ ਨਾਗਰਿਕਤਾ ਅਤੇ ਧਾਰਮਿਕ ਅਧਿਕਾਰਾਂ ਲਈ ਲੰਮਾ ਸੰਘਰਸ਼ ਕੀਤਾ?
ਸਿੱਖ ਅਮਰੀਕਾ ਵਿੱਚ ਸਿਰਫ਼ ਟਰੱਕ ਚਲਾਉਣ ਲਈ ਨਹੀਂ ਗਏ। ਅਸੀਂ ਵਿਗਿਆਨੀ, ਕਿਸਾਨ, ਉਦਯੋਗਪਤੀ, ਸੈਨਿਕ, ਡਾਕਟਰ, ਇੰਜੀਨੀਅਰ, ਅਧਿਆਪਕ ਅਤੇ ਲੋਕ-ਸੇਵਕ ਬਣ ਕੇ ਅਮਰੀਕਾ ਦੀ ਤਰੱਕੀ ਵਿੱਚ ਯੋਗਦਾਨ ਪਾਇਆ ਹੈ।
ਇੱਕ ਸਦੀ ਤੋਂ ਵੱਧ ਸਮੇਂ ਤੋਂ ਸਿੱਖ ਭਾਈਚਾਰਾ ਅਮਰੀਕਾ ਦੀ ਅਰਥਵਿਵਸਥਾ, ਵਿਗਿਆਨ, ਖੇਤੀਬਾੜੀ, ਫੌਜ ਅਤੇ ਜਨਤਕ ਜੀਵਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਲਈ ਇੱਕ ਸਰਕਾਰੀ ਮੁਹਿੰਮ ਵਿੱਚ ਸਿੱਖ ਵਿਅਕਤੀ ਨੂੰ ਇੱਕ ਰੂੜ੍ਹੀਵਾਦੀ ਚਿੱਤਰ ਵਜੋਂ ਪੇਸ਼ ਕਰਨਾ ਅਤੇ ‘ਸਿੰਘ’ ਨਾਮ ਨੂੰ ਮਜ਼ਾਕੀਆ ਸਟੀਰੀਓਟਾਈਪ ਵਜੋਂ ਵਰਤਣਾ ਬੇਹੱਦ ਅਪਮਾਨਜਨਕ ਅਤੇ ਦੁਖਦਾਈ ਹੈ।
ਇਹ ਸਿਰਫ਼ ਕਿਸੇ ਇੱਕ ਵਿਅਕਤੀ ਦਾ ਅਪਮਾਨ ਨਹੀਂ, ਸਗੋਂ ਉਸ ਮਾਣਮੱਤੇ ਸਿੱਖ ਭਾਈਚਾਰੇ ਦੀ ਪਹਿਚਾਣ ਦਾ ਅਪਮਾਨ ਹੈ, ਜਿਸ ਨੇ ਅਮਰੀਕਾ ਦੀ ਧਰਤੀ ’ਤੇ ਮਿਹਨਤ ਕੀਤੀ, ਸੇਵਾ ਕੀਤੀ ਅਤੇ ਕੁਰਬਾਨੀਆਂ ਦਿੱਤੀਆਂ ਹਨ।
ਅਮਰੀਕਾ ਆਪਣੇ ਇਮੀਗ੍ਰੇਸ਼ਨ ਕਾਨੂੰਨ ਪੂਰੀ ਸਖ਼ਤੀ ਨਾਲ ਲਾਗੂ ਕਰੇ-ਪਰ ਮਰਿਆਦਾ, ਨਿਰਪੱਖਤਾ ਅਤੇ ਸਨਮਾਨ ਨਾਲ। ਸਿੱਖ ਪਹਿਚਾਣ ਕਿਸੇ ਸਰਕਾਰੀ ਪ੍ਰਚਾਰ ਦੀ ਹਾਸੇ-ਮਜ਼ਾਕ ਵਾਲੀ ਪੰਚਲਾਈਨ ਨਹੀਂ ਹੈ।
ਉਮੀਦ ਹੈ ਕਿ ਤੁਸੀਂ ਭਾਰਤ ਸਮੇਤ ਦੁਨੀਆ ਭਰ ਦੀ ਸਿੱਖ ਸੰਗਤ ਦੀਆਂ ਇਨ੍ਹਾਂ ਗੰਭੀਰ ਭਾਵਨਾਵਾਂ ਨੂੰ ਵਸ਼ਿੰਗਟਨ ਵਿੱਚ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਓਗੇ।

RELATED ARTICLES
POPULAR POSTS