ਅਕਾਦਮਿਕ ਕੌਂਸਲ ਨੇ ਮਤਾ ਕੀਤਾ ਪਾਸ
ਨਵੀਂ ਦਿੱਲੀ/ਬਿਊਰੋ ਨਿਊਜ਼ : ‘ਸਾਰੇ ਜਹਾਂ ਤੇ ਅੱਛਾ ਹਿੰਦੁਸਤਾਨ ਹਮਾਰਾ’ ਲਿਖਣ ਵਾਲੇ ਸ਼ਾਇਰ ਅਲਲਾਮ ਮੁਹੰਮਦ ਇਕਬਾਲ ਦੇ ਚੈਪਟਰ ਨੂੰ ਦਿੱਲੀ ਯੂਨੀਵਰਸਿਟੀ ਦੇ ਸਿਲੇਬਸ ਵਿਚੋਂ ਹਟਾਇਆ ਸਕਦਾ ਹੈ। ਅਣਵੰਡੇ ਭਾਰਤ ਦੇ ਸਿਆਲਕੋਟ ਵਿੱਚ 1877 ਵਿੱਚ ਜਨਮੇ ਇਕਬਾਲ ਨੇ ਮਸ਼ਹੂਰ ਗੀਤ ‘ਸਾਰੇ ਜਹਾਂ ਸੇ ਅੱਛਾ’ ਲਿਖਿਆ ਹੈ। ਦਿੱਲੀ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਨੇ ਲੰਘੇ ਦਿਨੀਂ ਇਸ ਨੂੰ ਲੈ ਕੇ ਇਕ ਮਤਾ ਪਾਸ ਕੀਤਾ ਹੈ। ਮਾਡਰਨ ਇੰਡੀਅਨ ਪਾਲੀਟੀਕਲ ਥੌਟਸ ਨਾਮ ਦਾ ਚੈਪਟਰ ਬੀਏ ਦੇ ਛੇਵੇਂ ਸਮੈਸਟਰ ਦੇ ਸਿਲੇਬਸ ਦਾ ਹਿੱਸਾ ਹੈ। ਯੂਨੀਵਰਸਿਟੀ ਆਫ਼ੀਸ਼ੀਅਲ ਨੇ ਦੱਸਿਆ ਕਿ ਇਸ ਨੂੰ ਹਟਾਉਣ ਸਬੰਧੀ ਯੂਨੀਵਰਸਿਟੀ ਦੀ ਐਗਜੀਕਿਊਟਿਵ ਕੌਂਸਲ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ ਅਤੇ ਅੰਤਿਮ ਫੈਸਲਾ ਵੀ ਉਥੇ ਹੀ ਹੋਵੇਗਾ। ਕੌਂਸਲ ਦੀ ਮੀਟਿੰਗ 9 ਨੂੰ ਵੀ ਹੋਵੇਗੀ। ਮੁਹੰਮਦ ਇਕਬਾਲ ਪਾਕਿਸਤਾਨ ਦੇ ਰਾਸ਼ਟਰੀ ਕਵੀ ਹਨ ਅਤੇ ਇਨ੍ਹਾਂ ਨੂੰ ਪਾਕਿਸਤਾਨ ਬਣਾਉਣ ਦੇ ਆਈਡੀਏ ਨੂੰ ਜਨਮ ਦੇਣ ਦੇ ਲਈ ਵੀ ਜਾਣਿਆ ਜਾਂਦਾ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਿਲੇਬਸ ’ਚ ਕੁੱਲ 11 ਚੈਪਟਰ ਹਨ ਜਿਨ੍ਹਾਂ ’ਚ ਰਾਜਾ ਰਾਮ ਮੋਹਨ ਰਾਏ, ਪੰਡਿਤਾ ਰਮਾਬਾਈ, ਸਵਾਮੀ ਵਿਵੇਕਾਨੰਦ, ਮਹਾਤਮਾ ਗਾਂਧੀ ਅਤੇ ਭੀਮ ਰਾਓ ਅੰਬੇਦਕਰ ਵਰਗੀਆਂ ਸਖਸ਼ੀਅਤਾਂ ਦੇ ਵਿਚਾਰਾਂ ਨਾਲ ਜੁੜੇ ਚੈਪਟਰ ਵੀ ਇਸ ਸਿਲੇਬਸ ਦਾ ਹਿੱਸਾ ਹਨ। ਇਨ੍ਹਾਂ ਵਿਚੋਂ ਇਕਬਾਲ ਕਮਿਊਨਿਟੀ ਦੇ ਨਾਮ ਦਾ ਇਕ ਚੈਪਟਰ ਹੈ, ਜਿਸ ਨੂੰ ਹਟਾਉਣ ਲਈ ਮਤਾ ਪਾਸ ਕੀਤਾ ਗਿਆ ਹੈ।