4.8 C
Toronto
Wednesday, March 25, 2026
spot_img
Homeਪੰਜਾਬਸੰਯੁਕਤ ਕਿਸਾਨ ਮੋਰਚੇ ਦਾ ਮੋਦੀ ਸਰਕਾਰ ਨੂੰ ਸਪੱਸ਼ਟ ਸੁਨੇਹਾ

ਸੰਯੁਕਤ ਕਿਸਾਨ ਮੋਰਚੇ ਦਾ ਮੋਦੀ ਸਰਕਾਰ ਨੂੰ ਸਪੱਸ਼ਟ ਸੁਨੇਹਾ

ਕਿਸਾਨਾਂ ਦੀ ਰਿਹਾਈ ਤੋਂ ਬਾਅਦ ਕਰਾਂਗੇ ਗੱਲਬਾਤ
ਦਿੱਲੀ ਹਿੰਸਾ ਦੇ ਨਾਮ ‘ਤੇ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ ਪ੍ਰੇਸ਼ਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਨੇ ਮੋਦੀ ਸਰਕਾਰ ਨੂੰ ਦੋ ਟੁਕ ਸ਼ਬਦਾਂ ਵਿੱਚ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਦਿੱਲੀ ਹਿੰਸਾ ਦੇ ਨਾਮ ‘ਤੇ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਅਤੇ ਜਦੋਂ ਤੱਕ ਦਿੱਲੀ ਪੁਲਿਸ ਕਿਸਾਨਾਂ ਨੂੰ ਵੱਖ-ਵੱਖ ਢੰਗ ਤਰੀਕਿਆਂ ਨਾਲ ‘ਤੰਗ ਪ੍ਰੇਸ਼ਾਨ’ ਕਰਨਾ ਬੰਦ ਨਹੀਂ ਕਰਦੀ, ਉਦੋਂ ਤੱਕ ਸਰਕਾਰ ਨਾਲ ਕੋਈ ਵੀ ‘ਰਸਮੀ’ ਗੱਲਬਾਤ ਨਹੀਂ ਕੀਤੀ ਜਾਵੇਗੀ। ਮੋਰਚੇ ਨੇ ਇਕ ਬਿਆਨ ਵਿੱਚ ਕਿਹਾ ਕਿ ਦਿੱਲੀ ਪੁਲਿਸ ਧਰਨੇ ਵਾਲੀਆਂ ਥਾਵਾਂ ਨੇੜੇ ਡੂੰਘੀਆਂ ਖੱਡਾਂ ਪੁੱਟ ਕੇ ਸੜਕਾਂ ‘ਤੇ ਮੇਖਾਂ ਗੱਡ ਰਹੀ ਹੈ। ਕਿਤੇ ਕੰਡਿਆਲੀ ਤਾਰ ਦੀ ਵਾੜ ਲਈ ਜਾ ਰਹੀ ਹੈ, ਕਿਤੇ ਅੰਦਰੂਨੀ ਰਾਹ ਤੇ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਹਨ। ਮੋਰਚੇ ਨੇ ਕਿਹਾ ਕਿ ਭਾਜਪਾ-ਆਰਐੱਸਐੱਸ ਵਰਕਰਾਂ ਰਾਹੀਂ ਕਿਸਾਨ ਵਿਰੋਧੀ ਪ੍ਰਦਰਸ਼ਨ, ਅਸਲ ਵਿੱਚ ਸਰਕਾਰ ਵੱਲੋਂ ਆਪਣੀ ਪੁਲਿਸ ਤੇ ਪ੍ਰਸ਼ਾਸਨ ਜ਼ਰੀਏ ਕਿਸਾਨਾਂ ਖਿਲਾਫ ਵਿਉਂਤੇ ‘ਹਮਲਿਆਂ’ ਦਾ ਹਿੱਸਾ ਹੈ। ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਣਾਈ ਲੀਗਲ ਟੀਮ ਨੇ ਮੰਗ ਕੀਤੀ ਹੈ ਕਿ ਕਿਸਾਨ ਅੰਦੋਲਨ ਦੌਰਾਨ ਜਿਨ੍ਹਾਂ ਵਿਅਕਤੀਆਂ ਨਾਲ ਪੁਲਿਸ ਨੇ ਕੁੱਟਮਾਰ ਕੀਤੀ ਹੈ, ਇਕ ਮੈਡੀਕਲ ਬੋਰਡ ਬਣਾ ਕੇ ਉਨ੍ਹਾਂ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਜੇਲ੍ਹਾਂ ਕੇਜਰੀਵਾਲ ਸਰਕਾਰ ਅਧੀਨ ਆਉਂਦੀਆਂ ਹਨ ਤੇ ਸੂਬਾ ਸਰਕਾਰ ਜੇਲ੍ਹੀਂ ਬੰਦ ਕਿਸਾਨਾਂ ਨੂੰ ਸਹੂਲਤਾਂ ਮੁਹੱਈਆ ਕਰਵਾਏ। ਜੇਲ੍ਹਾਂ ਵਿੱਚ ਬੰਦ ਬਹੁਤੇ ਵਿਅਕਤੀਆਂ ਉਪਰ ਧਾਰਾ 307 ਲਾਈ ਗਈ ਹੈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨ ਪਾਲ ਨੇ ਕਿਹਾ ਕਿ ਧਰਨੇ ਵਾਲੀਆਂ ਥਾਵਾਂ ‘ਤੇ ‘ਵਾਰ ਵਾਰ ਇੰਟਰਨੈੱਟ ਬੰਦ ਕਰਨਾ’, ਸੜਕਾਂ ‘ਤੇ ਮੇਖਾਂ ਗੱਡਣੀਆਂ, ਵਾੜ ਲਾਉਣੀ ਤੇ ਖੇਤੀ ਅੰਦੋਲਨ ਨਾਲ ਜੁੜੇ ਕਈ ਟਵਿੱਟਰ ਖਾਤਿਆਂ ਨੂੰ ਬਲਾਕ ਕਰਨਾ ‘ਜਮਹੂਰੀਅਤ ਉਤੇ ਸਿੱਧਾ ਹਮਲਾ’ ਹੈ। ਉਨ੍ਹਾਂ ਕਿਹਾ, ‘ਅਜਿਹਾ ਲਗਦਾ ਹੈ ਕਿ ਸਰਕਾਰ ਕਿਸਾਨ ਅੰਦੋਲਨ ਨੂੰ ਵੱਖ-ਵੱਖ ਰਾਜਾਂ ਤੋਂ ਮਿਲ ਰਹੀ ਵੱਡੀ ਹਮਾਇਤ ਤੋਂ ਬੁਰੀ ਤਰ੍ਹਾਂ ਸਹਿਮ ਗਈ ਹੈ।’ ਉਨ੍ਹਾਂ ਕਿਹਾ, ‘ਸਰਕਾਰ ਵੱਲੋਂ ਭਾਵੇਂ ਅਜੇ ਤੱਕ ਗੱਲਬਾਤ ਲਈ ਕੋਈ ਰਸਮੀ ਸੱਦਾ ਨਹੀਂ ਮਿਲਿਆ, ਪਰ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਗੈਰਕਾਨੂੰਨੀ ਪੁਲਿਸ ਹਿਰਾਸਤ ‘ਚ ਰੱਖੇ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ ਮਗਰੋਂ ਹੀ ਗੱਲਬਾਤ ਹੋ ਸਕਦੀ ਹੈ।’ ਕਿਸਾਨ ਆਗੂਆਂ ਨੇ ਕਿਹਾ ਕਿ ਮੋਰਚੇ ਨੇ ਪਹਿਲਾਂ ਹੀ ਫੈਸਲਾ ਲੈ ਲਿਆ ਸੀ ਕਿ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਤੇ ਕਿਸਾਨ ਆਗੂਆਂ ਨੂੰ ਵੱਖ-ਵੱਖ ਢੰਗ ਤਰੀਕਿਆਂ ਨਾਲ ਖੱਜਲ ਖੁਆਰ ਕੀਤੇ ਜਾਣ ਦੀ ਕਾਰਵਾਈ ਜਾਰੀ ਰਹਿਣ ਤੱਕ ਸਰਕਾਰ ਨਾਲ ਕੋਈ ਰਸਮੀ ਸੰਵਾਦ ਨਹੀਂ ਕੀਤਾ ਜਾਵੇਗਾ। ਗਣਤੰਤਰ ਦਿਹਾੜੇ ਮੌਕੇ ਕਿਸਾਨਾਂ ਵੱਲੋਂ ਕੌਮੀ ਰਾਜਧਾਨੀ ਵਿੱਚ ਕੱਢੀ ਟਰੈਕਟਰ ਪਰੇਡ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲਾਲ ਕਿਲੇ ਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ‘ਚ ਕੀਤੀ ਹਿੰਸਾ ਮਗਰੋਂ ਪੁਲਿਸ ਹੁਣ ਤੱਕ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਚੁੱਕੀ ਹੈ। ਮੋਰਚੇ ਨੇ ਕਿਹਾ ਉਹ ਦਿੱਲੀ ਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਗ੍ਰਿਫ਼ਤਾਰ ਤੇ ਹਿਰਾਸਤ ਵਿੱਚ ਲੈਣ ਅਤੇ ਵਾਹਨ (ਟਰੈਕਟਰ ਤੇ ਹੋਰ) ਕਬਜ਼ੇ ਵਿੱਚ ਲੈਣ ਅਤੇ ਪੱਤਰਕਾਰਾਂ ‘ਤੇ ਹਮਲਿਆਂ ਤੇ ਗ੍ਰਿਫ਼ਤਾਰੀ ਦੀ ਨਿਖੇਧੀ ਕਰਦੀ ਹੈ। ਮੋਰਚੇ ਨੇ ਕਿਹਾ ਕਿ ਉਨ੍ਹਾਂ ਇਕ ਲੀਗਲ ਟੀਮ ਤਿਆਰ ਕੀਤੀ ਹੈ, ਜੋ ਲਾਪਤਾ ਤੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਤੇ ਕਬਜ਼ੇ ‘ਚ ਲਏ ਵਾਹਨਾਂ ਦੇ ਕੇਸਾਂ ਨੂੰ ਵੇਖੇਗੀ।

RELATED ARTICLES
POPULAR POSTS