ਰਾਸ਼ਟਰੀ ਸਨਮਾਨਾਂ ਨਾਲ ਮੁਖਰਜੀ ਦਾ ਸਸਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ (84) ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ ਹੈ ਅਤੇ ਉਨ੍ਹਾਂ ਦਾ ਸਸਕਾਰ ਪੂਰੇ ਰਾਸ਼ਟਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਪ੍ਰਣਬ ਮੁਖਰਜੀ ਭਾਰਤ ਦੇ ਸਭ ਤੋਂ ਵੱਧ ਦਿਮਾਗੀ ਸਿਆਸਤਦਾਨਾਂ ਵਿਚੋਂ ਇਕ ਸਨ ਤੇ ਪਾਰਟੀਆਂ ਦੇ ਵਖ਼ਰੇਵਿਆਂ ਤੋਂ ਉੱਪਰ ਉੱਠ ਸਤਿਕਾਰੇ ਗਏ। ਮੁਖਰਜੀ 10 ਅਗਸਤ ਤੋਂ ਆਰਮੀ ਰਿਸਰਚ ਐਂਡ ਰੈਫਰਲ ਹਸਪਤਾਲ, ਦਿੱਲੀ ਵਿਚ ਦਾਖਲ ਹਨ ਜਿੱਥੇ ਉਨ੍ਹਾਂ ਦੇ ਦਿਮਾਗ ਵਿਚ ਖੂਨ ਦੇ ਥੱਕੇ ਦਾ ਅਪਰੇਸ਼ਨ ਹੋਇਆ ਸੀ। ਉਹ ਕਰੋਨਾ ਪਾਜ਼ੇਟਿਵ ਵੀ ਪਾਏ ਗਏ ਸਨ। ਬਾਅਦ ਵਿੱਚ ਉਨ੍ਹਾਂ ਨੂੰ ਫੇਫੜਿਆਂ ਦੀ ਲਾਗ ਹੋ ਗਈ। ਉਨ੍ਹਾਂ ਦੇ ਪਰਿਵਾਰ ਵਿਚ ਇਕ ਧੀ ਤੇ ਦੋ ਪੁੱਤਰ ਹਨ। ਲੰਮਾ ਸਮਾਂ ਕਾਂਗਰਸ ਨਾਲ ਜੁੜੇ ਰਹੇ ਮੁਖਰਜੀ ਸੱਤ ਵਾਰ ਸੰਸਦ ਮੈਂਬਰ ਰਹੇ। ਉਨ੍ਹਾਂ ਦੀ ਹਾਲਤ ਲਗਾਤਾਰ ਨਿੱਘਰ ਰਹੀ ਸੀ ਅਤੇ ਫੇਫ਼ੜਿਆਂ ਦੀ ਲਾਗ ਕਾਰਨ ਉਨ੍ਹਾਂ ਨੂੰ ‘ਸੈਪਟਿਕ ਸ਼ਾਕ’ (ਖੂਨ ਜ਼ਹਿਰੀਲਾ ਕਰਨ ਵਾਲਾ ਝਟਕਾ) ਲੱਗਾ ਸੀ। ਉਹ ਕੋਮਾ ਵਿੱਚ ਸਨ ਤੇ ਉਨ੍ਹਾਂ ਨੂੰ ਵੈਂਟੀਲੇਟਰ ਦੇ ਸਹਾਰੇ ਰੱਖਿਆ ਗਿਆ ਸੀ। ਭਾਰਤ ਦੇ 13ਵੇਂ ਰਾਸ਼ਟਰਪਤੀ ਰਹੇ (2012-2017) ਮੁਖਰਜੀ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਈ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ। ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਮੁਖਰਜੀ ਦੇ ਦੇਹਾਂਤ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੁਖਰਜੀ ਲੋਕ ਮਨਾਂ ਵਿਚ ਵੱਡੀ ਹਸਤੀ ਸਨ। ਉਨ੍ਹਾਂ ਦੇਸ਼ ਦੀ ਨਿੱਠ ਕੇ ਸੇਵਾ ਕੀਤੀ। ਰਾਸ਼ਟਰਪਤੀ ਨੇ ਟਵੀਟ ਰਾਹੀਂ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਸੋਨੀਆ ਗਾਂਧੀ, ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਮਮਤਾ ਬੈਨਰਜੀ ਅਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਵੀ ਮੁਖਰਜੀ ਦੇ ਦੇਹਾਂਤ ‘ਤੇ ਅਫ਼ਸੋਸ ਜ਼ਾਹਿਰ ਕੀਤਾ ਹੈ।
ਇਕ ਯੁੱਗ ਦਾ ਅੰਤ ਹੋਇਆ : ਰਾਮਨਾਥ ਕੋਵਿੰਦ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਮੁਖਰਜੀ ਦੇ ਦਿਹਾਂਤ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਹੈ ਤੇ ਦੇਸ਼ ਨੇ ਆਪਣੇ ਕਾਬਲ ਪੁੱਤਰਾਂ ਵਿਚੋਂ ਇਕ ਨੂੰ ਗੁਆ ਲਿਆ ਹੈ। ਟਵਿੱਟਰ ‘ਤੇ ਕੋਵਿੰਦ ਨੇ ਲਿਖਿਆ ਕਿ ਪ੍ਰਣਬ ਮੁਖਰਜੀ ਦੀ ਮੌਤ ਦੀ ਖਬਰ ਨਾਲ ਦੁੱਖ ਵਿਚ ਹਾਂ। ਉਨ੍ਹਾਂ ਦਾ ਚਲੇ ਜਾਣਾ ਇਕ ਯੁੱਗ ਦਾ ਅੰਤ ਹੈ।
ਪੰਜਾਬ ‘ਚ ਵੀ ਰਹੇਗਾ 7 ਦਿਨਾ ਰਾਜਸੀ ਸ਼ੋਕ
ਪ੍ਰਣਬ ਮੁਖਰਜੀ ਦੇ ਦਿਹਾਂਤ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਉਥੇ ਪੰਜਾਬ ਸਰਕਾਰ ਵਲੋਂ ਸਾਬਕਾ ਰਾਸ਼ਟਰਪਤੀ ਦੇ ਸਤਿਕਾਰ ਵਿਚ 31 ਅਗਸਤ ਤੋਂ 6 ਸਤੰਬਰ ਤੱਕ 7 ਦਿਨਾਂ ਦਾ ਰਾਜਸੀ ਸ਼ੋਕ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਸਬੰਧੀ ਮੁੱਖ ਸਕੱਤਰ ਵਲੋਂ ਬਕਾਇਦਾ ਹੁਕਮ ਜਾਰੀ ਕੀਤੇ ਗਏ ਹਨ, ਜਿਸ ਵਿਚ ਕਿਹਾ ਗਿਆ ਹੈ।
ਪ੍ਰਣਬ ਮੁਖਰਜੀ ਨੇ ਹਮੇਸ਼ਾ ਅਸ਼ੀਰਵਾਦ ਦਿੱਤਾ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦੇਸ਼ ਦੇ ਵਿਕਾਸ ਦੀ ਰਾਹ ਵਿਚ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਪ੍ਰਣਬ ਮੁਖਰਜੀ ਨੂੰ ਇਕ ਤਜਰਬੇਕਾਰ ਅਧਿਆਪਕ ਕਰਾਰ ਦਿੰਦਿਆਂ ਕਿਹਾ ਕਿ ਉਹ ਮਹਾਨ ਰਾਜਨੀਤਕ ਸਨ, ਜਿਨ੍ਹਾਂ ਹਮੇਸ਼ਾ ਆਸ਼ੀਰਵਾਦ ਦਿੱਤਾ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …