ਨਵੀਂ ਦਿੱਲੀ/ਬਿਊਰੋ ਨਿਊਜ਼
ਪੈਂਗੌਂਗ ਝੀਲ ਇਲਾਕੇ ਵਿਚ ਚੀਨ ਦੀ ‘ਭੜਕਾਊ ਕਾਰਵਾਈ’ ਤੋਂ ਬਾਅਦ ਪੈਦਾ ਹੋਏ ਤਣਾਅ ਦਰਮਿਆਨ ਪੂਰਬੀ ਲੱਦਾਖ ਵਿਚ ਦੋਵਾਂ ਧਿਰਾਂ ਵਿਚਾਲੇ ਫ਼ੌਜੀ ਕਮਾਂਡਰ ਪੱਧਰ ਦੀ ਗੱਲਬਾਤ ਹੋਈ। ਸਰਕਾਰੀ ਸੂਤਰ ਨੇ ਦੱਸਿਆ ਕਿ ਤਣਾਅ ਘਟਾਉਣ ਲਈ ਗੱਲਬਾਤ ਕੀਤੀ ਗਈ। ਦੋਵਾਂ ਦੇਸ਼ਾਂ ਦੀ ਫ਼ੌਜ ਨੇ ਚੁਸ਼ੂਲ ਵਿਚ ਬ੍ਰਿਗੇਡ ਕਮਾਂਡਰ ਪੱਧਰ ਦੀ ਗੱਲਬਾਤ ਆਰੰਭੀ ਸੀ। ਸੂਤਰਾਂ ਮੁਤਾਬਕ ਬੁੱਧਵਾਰ ਨੂੰ ਹੋਈ ਗੱਲਬਾਤ ਵੀ ਬੇਸਿੱਟਾ ਰਹੀ ਹੈ। ਦੋਵਾਂ ਧਿਰਾਂ ਵਿਚਾਲੇ ਕਰੀਬ ਸੱਤ ਘੰਟੇ ਗੱਲਬਾਤ ਹੋਈ। ਚੀਨੀ ਧਿਰ ਨੇ ਇਤਰਾਜ਼ ਜਤਾਇਆ ਕਿ ਭਾਰਤ ਨੇ ਖਿੱਤੇ ਵਿਚ ਕੁਝ ਰਣਨੀਤਕ ਚੋਟੀਆਂ ਉਤੇ ਕਬਜ਼ਾ ਕੀਤਾ ਹੈ। ਜਦਕਿ ਭਾਰਤੀ ਵਫ਼ਦ ਨੇ ਕਿਹਾ ਕਿ ਇਹ ਥਾਵਾਂ ਐਲਏਸੀ ਦੇ ਭਾਰਤ ਵਾਲੇ ਪਾਸੇ ਹਨ। ਭਾਰਤ ਨੇ ਕਿਹਾ ਕਿ ਸਰਹੱਦੀ ਵਿਵਾਦ ਨੂੰ ਉਹ ਗੱਲਬਾਤ ਰਾਹੀਂ ਨਜਿੱਠੇਗਾ ਪਰ ਜੇਕਰ ਚੀਨ ਕੋਈ ‘ਗੁਸਤਾਖ਼ੀ’ ਕਰਦਾ ਹੈ ਤਾਂ ਢੁੱਕਵਾਂ ਜਵਾਬ ਦਿੱਤਾ ਜਾਵੇਗਾ। ਇਸੇ ਤਰ੍ਹਾਂ ਦੀ ਗੱਲਬਾਤ ਸੋਮਵਾਰ ਤੇ ਮੰਗਲਵਾਰ ਵੀ ਹੋਈ ਸੀ ਜਿਸ ਦਾ ਕੋਈ ‘ਠੋਸ ਸਿੱਟਾ’ ਨਹੀਂ ਨਿਕਲਿਆ। ਸੂਤਰਾਂ ਮੁਤਾਬਕ ਭਾਰਤ ਨੇ ਪੂਰਬੀ ਲੱਦਾਖ ਵਿਚ ਰਣਨੀਤਕ ਲਾਭ ਹਾਸਲ ਕੀਤਾ ਹੈ। ਪਿਛਲੇ ਕੁਝ ਦਿਨਾਂ ਦੌਰਾਨ ਕਈ ਰਣਨੀਤਕ ਪੱਧਰ ‘ਤੇ ਮਹੱਤਵਪੂਰਨ ਚੋਟੀਆਂ ਅਤੇ ਥਾਵਾਂ ‘ਤੇ ਕਬਜ਼ਾ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ‘ਇਲਾਕੇ ਵਿਚ ਸਥਿਤੀ ਹਾਲੇ ਵੀ ਸੰਵੇਦਨਸ਼ੀਲ ਹੈ।’ ਦੋਵਾਂ ਧਿਰਾਂ ਵਿਚਾਲੇ ਪਹਿਲਾਂ ਟਕਰਾਅ ਪੈਂਗੌਂਗ ਦੇ ਉੱਤਰੀ ਕੰਢੇ ਉਤੇ ਹੀ ਹੋਇਆ ਹੈ ਪਰ ਇਸ ਵਾਰ ਪਹਿਲੀ ਵਾਰ ਦੋਵੇਂ ਦੱਖਣੀ ਸਿਰੇ ‘ਤੇ ਭਿੜੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਪੂਰਬੀ ਲੱਦਾਖ ਦੀ ਸਥਿਤੀ ਦਾ ਉੱਚ ਪੱਧਰੀ ਮੀਟਿੰਗ ਵਿਚ ਜਾਇਜ਼ਾ ਲਿਆ ਸੀ। ਇਸ ਮੌਕੇ ਫ਼ੈਸਲਾ ਕੀਤਾ ਗਿਆ ਸੀ ਕਿ ਭਾਰਤੀ ਫ਼ੌਜ ਐਲਏਸੀ ਨਾਲ ਸਾਰੇ ਸੰਵੇਦਨਸ਼ੀਲ ਇਲਾਕਿਆਂ ਵਿਚ ਹਮਲਾਵਰ ਪਹੁੰਚ ਬਰਕਰਾਰ ਰੱਖੇਗੀ ਤਾਂ ਕਿ ਚੀਨੀ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ। ਭਾਰਤੀ ਫ਼ੌਜ ਨੇ ਝੀਲ ਦੇ ਦੱਖਣੀ ਕੰਢੇ ‘ਤੇ ਆਪਣੀ ਮੌਜੂਦਗੀ ਵਧਾ ਦਿੱਤੀ ਹੈ। ਵਾਧੂ ਫ਼ੌਜ ਤਾਇਨਾਤ ਕਰਕੇ ਮਾਰੂ ਹਥਿਆਰ ਲਿਆਂਦੇ ਗਏ ਹਨ। ਇੱਥੇ ਟੈਂਕ ਤੇ ਐਂਟੀ-ਟੈਂਕ ਮਿਜ਼ਾਈਲਾਂ ਵੀ ਫ਼ੌਜ ਨੇ ਤਾਇਨਾਤ ਕਰ ਦਿੱਤੀਆਂ ਹਨ।
ਸੁਰੱਖਿਆ ਬਲਾਂ ਨੂੰ ਚੌਕਸ ਰਹਿਣ ਲਈ ਕਿਹਾ
ਨਵੀਂ ਦਿੱਲੀ : ਚੀਨ ਨਾਲ ਵਧਦੇ ਸਰਹੱਦੀ ਤਣਾਅ ਦਰਮਿਆਨ ਭਾਰਤੀ ਗ੍ਰਹਿ ਮੰਤਰਾਲੇ ਨੇ ਅਲਰਟ ਜਾਰੀ ਕਰਦਿਆਂ ਸੁਰੱਖਿਆ ਬਲਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਇਸ ਸਬੰਧੀ ਸੂਤਰਾਂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਭਾਰਤ-ਚੀਨ, ਭਾਰਤ-ਨਿਪਾਲ ਤੇ ਭਾਰਤ-ਭੂਟਾਨ ਸਰਹੱਦ ‘ਤੇ ਤਾਇਨਾਤ ਸੁਰੱਖਿਆ ਬਲਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਇੰਡੋ ਤਿਬਤਨ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਤੇ ਸਸ਼ਸਤਰ ਸੀਮਾ ਬਲ (ਐਸ.ਐਸ.ਬੀ.) ਨੂੰ ਚੀਨ ਨਾਲ ਲਗਦੀ ਸਰਹੱਦ ‘ਤੇ ਚੌਕਸੀ ਤੇ ਗਸ਼ਤ ਵਧਾਉਣ ਲਈ ਕਿਹਾ ਗਿਆ ਹੈ। ਆਈ. ਟੀ. ਬੀ. ਪੀ. ਤੇ ਐਸ.ਐਸ.ਬੀ. ਨੂੰ ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਲੱਦਾਖ ਤੇ ਸਿੱਕਮ ਸਰਹੱਦ ਤੋਂ ਇਲਾਵਾ ਭਾਰਤ-ਨਿਪਾਲ-ਚੀਨ ਸਰਹੱਦ ‘ਤੇ ਸਥਿਤ ਟਰਾਈ ਜੰਕਸ਼ਨ ਤੇ ਉੱਤਰਾਖੰਡ ਵਿਚ ਕਾਲਾ ਪਾਣੀ ਖੇਤਰ ‘ਚ ਚੌਕਸੀ ਵਧਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਐਸ.ਐਸ.ਬੀ. ਦੀਆਂ ਕੁਝ ਕੰਪਨੀਆਂ ਨੂੰ ਇੰਡੀਆ-ਨਿਪਾਲ ਸਰਹੱਦ ਵੱਲ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਇਹ ਕੰਪਨੀਆਂ ਜੰਮੂ-ਕਸ਼ਮੀਰ ਤੇ ਦਿੱਲੀ ਵਿਚ ਤਾਇਨਾਤ ਸਨ। ਇਸ ਸਬੰਧੀ ਫੈਸਲਾ ਗ੍ਰਹਿ ਮੰਤਰਾਲਾ, ਸਰਹੱਦੀ ਪ੍ਰਬੰਧਾਂ ਬਾਰੇ ਸਕੱਤਰ ਤੇ ਆਈ.ਟੀ.ਬੀ.ਪੀ. ਤੇ ਐਸ.ਐਸ.ਬੀ. ਦੇ ਅਧਿਕਾਰੀਆਂ ਵਲੋਂ ਕੀਤੀ ਉੱਚ-ਪੱਧਰੀ ਬੈਠਕ ਦੌਰਾਨ ਲਿਆ ਗਿਆ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …