ਕਾਨੂੰਨ ਮੰਤਰਾਲੇ ਵਲੋਂ ਨੋਟੀਫਿਕੇਸ਼ਨ ਜਾਰੀ
ਨਵੀਂ ਦਿੱਲੀ : ਚੋਣਾਂ ਮੌਕੇ ਵੋਟ ਫ਼ੀਸਦ ਵਧਾਉਣ ਖ਼ਾਤਰ ਸਰਕਾਰ ਨੇ 80 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਤੇ ਅੰਗਹੀਣ ਵੋਟਰਾਂ ਨੂੰ ਡਾਕ ਵੋਟ ਪੱਤਰ (ਪੋਸਟਲ ਬੈੱਲਟ) ਨਾਲ ਮਤਦਾਨ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਹੈ। ਚੋਣ ਕਮਿਸ਼ਨ ਦੀ ਸਿਫ਼ਾਰਿਸ਼ ‘ਤੇ ਕਾਨੂੰਨ ਮੰਤਰਾਲੇ ਨੇ ਲੰਘੀ 22 ਅਕਤੂਬਰ ਨੂੰ ਇਸ ਫ਼ੈਸਲੇ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਮੰਤਰਾਲੇ ਨੇ ਦਿਵਿਆਂਗ ਤੇ 80 ਸਾਲ ਤੋਂ ਜ਼ਿਆਦਾ ਉਮਰ ਦੇ ਵੋਟਰਾਂ ਵੱਲੋਂ ਡਾਕ ਵੋਟ ਪੱਤਰ ਨਾਲ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕਰਨ ਬਾਰੇ ਚੋਣਾਂ ਸਬੰਧੀ ਨੇਮਾਂ ਵਿਚ ਸੋਧ ਕੀਤੀ ਹੈ। ਇਨ੍ਹਾਂ ਨੂੰ ‘ਗ਼ੈਰਹਾਜ਼ਰ ਮਤਦਾਤਾ’ ਵਰਗ ਵਿਚ ਸ਼ਾਮਲ ਕਰ ਦਿੱਤਾ ਗਿਆ ਹੈ। ਮੌਜੂਦਾ ਸਮੇਂ ਸਿਰਫ਼ ਸੈਨਾ, ਨੀਮ ਫ਼ੌਜੀ ਬਲਾਂ ਦੇ ਜਵਾਨਾਂ ਤੇ ਵਿਦੇਸ਼ਾਂ ਵਿਚ ਕੰਮ ਕਰ ਰਹੇ ਸਰਕਾਰੀ ਕਰਮਚਾਰੀਆਂ ਤੋਂ ਇਲਾਵਾ ਚੋਣ ਡਿਊਟੀ ‘ਤੇ ਤਾਇਨਾਤ ਕਰਮਚਾਰੀਆਂ ਨੂੰ ਹੀ ਇਹ ਸਹੂਲਤ ਹੈ। ਕਮਿਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਦਾ ਮਕਸਦ ਜ਼ਿਆਦਾ ਉਮਰ ਜਾਂ ਕਿਸੇ ਸਰੀਰਕ ਕਮੀ ਕਾਰਨ ਚੋਣ ਕੇਂਦਰ ਤੱਕ ਪਹੁੰਚਣ ‘ਚ ਅਸਮਰੱਥ ਵੋਟਰਾਂ ਦੀ ਮਤਦਾਨ ‘ਚ ਹਿੱਸੇਦਾਰੀ ਯਕੀਨੀ ਬਣਾਉਣਾ ਹੈ। ਚੋਣ ਕਮਿਸ਼ਨ ਨੂੰ ਆਸ ਹੈ ਕਿ ਇਹ ਸਹੂਲਤ ਮਿਲਣ ਤੋਂ ਬਾਅਦ ਵੋਟ ਫ਼ੀਸਦ ਵਧੇਗੀ। ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਇਕ ਨੋਡਲ ਅਫ਼ਸਰ ਨੂੰ ਤਾਇਨਾਤ ਕਰਨ ਦੀ ਤਜਵੀਜ਼ ਵੀ ਰੱਖੀ ਹੈ ਜੋ ‘ਗ਼ੈਰਹਾਜ਼ਰ ਮਤਦਾਤਾ’ ਨੂੰ ਤਸਦੀਕ ਕਰੇਗਾ।
ਇਸ ਸਬੰਧੀ ਅਰਜ਼ੀ ਫਾਰਮ ਤਿਆਰ ਕਰ ਲਏ ਗਏ ਹਨ ਤਾਂ ਕਿ ਇਸ ਵਰਗ ਵਿਚ ਆਉਂਦੇ ਵੋਟਰ ਦਾਅਵੇ ਪੇਸ਼ ਕਰ ਸਕਣ। ਭਾਰਤ ਵਿਚ ਹਾਲੇ ਇਕ ਸਥਾਨ ਤੋਂ ਦੂਜੇ ਸਥਾਨ ‘ਤੇ ਜਾ ਕੇ ਵਸਣ ਵਾਲੇ ਵੋਟਰਾਂ ਨੂੰ ਆਪਣੇ ਮੂਲ ਨਿਵਾਸ ਸਥਾਨ ‘ਤੇ ਹੀ ਵੋਟ ਪਾਉਣੀ ਪੈਂਦੀ ਹੈ।
Check Also
ਛੱਤੀਸਗੜ੍ਹ ’ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਹੋਇਆ ਮੁਕਾਬਲਾ
28 ਤੋਂ ਵੱਧ ਨਕਸਲੀ ਮਾਰੇ ਜਾਣ ਦੀ ਖਬਰ ਰਾਏਪੁਰ/ਬਿਊਰੋ ਨਿਊਜ਼ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ …