2029 ਵਿਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੋ ਸਮੇਂ ਕਰਾਉਣ ਦੀ ਸਿਫਾਰਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ‘ਵਨ ਨੇਸ਼ਨ ਵਨ ਇਲੈਕਸ਼ਨ’ ਸਬੰਧੀ ਵਿਚਾਰ ਕਰ ਰਹੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਵਾਲੀ ਕਮੇਟੀ ਨੇ ਅੱਜ ਵੀਰਵਾਰ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਪੈਨਲ ਨੇ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਨੂੰ 18,626 ਸਫਿਆਂ ਦੀ ਰਿਪੋਰਟ ਸੌਂਪੀ। ਇਸ ਵਿਚ ਕਿਹਾ ਗਿਆ ਹੈ ਕਿ ਇਹ ਰਿਪੋਰਟ 2 ਸਤੰਬਰ 2023 ਨੂੰ ਪੈਨਲ ਦੇ ਗਠਨ ਤੋਂ ਬਾਅਦ ਮਾਹਿਰਾਂ ਦੀ 191 ਦਿਨ ਦੀ ਰਿਸਰਚ ਦਾ ਨਤੀਜਾ ਹੈ। ਰਿਪੋਰਟ ਮੁਤਾਬਕ ਕੋਵਿੰਦ ਕਮੇਟੀ ਵਲੋਂ 2029 ਵਿਚ ਭਾਰਤ ਦੀਆਂ ਲੋਕ ਸਭਾ, ਵਿਧਾਨ ਸਭਾ ਅਤੇ ਨਗਰ ਨਿਗਮ ਚੋਣਾਂ ਲਈ ਇਕ ਵੋਟਿੰਗ ਸੂਚੀ ਰੱਖਣ ਦੀ ਗੱਲ ਵੀ ਕਹੀ ਗਈ ਹੈ ਅਤੇ ਇਹ ਚੋਣਾਂ ਇਕੋ ਸਮੇਂ ਕਰਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਕਾਨੂੰਨ ਕਮਿਸ਼ਨ ਦੀਆਂ ਤਜਵੀਜ਼ਾਂ ’ਤੇ ਸਾਰੀਆਂ ਸਿਆਸੀ ਪਾਰਟੀਆਂ ਸਹਿਮਤ ਹੋਈਆਂ ਤਾਂ ਇਹ ਕਾਨੂੰਨ 2029 ਵਿਚ ਲਾਗੂ ਹੋ ਜਾਵੇਗਾ। ਇਸਦੇ ਲਈ ਦਸੰਬਰ 2026 ਤੱਕ ਭਾਰਤ ਦੇ 25 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਕਰਾਉਣਗੀਆਂ ਪੈਣਗੀਆਂ।