ਕਿਹਾ : ਜੇ ਨਗਰ ਨਿਗਮ ਚੋਣਾਂ ’ਚ ਭਾਜਪਾ ਜਿੱਤੀ ਤਾਂ ਮੈਂ ਸਿਆਸਤ ਕਰਨੀ ਛੱਡ ਦੇਵਾਂਗਾ
ਨਵੀਂ ਦਿੱਲੀ/ਬਿਊਰੋ ਨਿਊਜ
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਚੈਲੇਂਜ ਕਰਦੇ ਹੋਏ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਕਹਿੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ। ਪ੍ਰੰਤੂ ਇਹ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਛੋਟੀ ਜਿਹੀ ਆਮ ਆਦਮੀ ਪਾਰਟੀ ਤੋਂ ਡਰ ਗਈ ਹੈ। ਕੇਜਰੀਵਾਲ ਨੇ ਕਿਹਾ ਕਿ ਜੇਕਰ ਭਾਜਪਾ ਵਾਲਿਆਂ ਵਿਚ ਹਿੰਮਤ ਹੈ ਤਾਂ ਉਹ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਸਮੇਂ ਸਿਰ ਕਰਵਾਉਣ ਅਤੇ ਇਨ੍ਹਾਂ ਵਿਚ ਜਿੱਤ ਹਾਸਲ ਕਰਕੇ ਦਿਖਾਉਣ। ਜੇਕਰ ਭਾਜਪਾ ਵਾਲੇ ਇਨ੍ਹਾਂ ਚੋਣਾਂ ਵਿਚ ਜਿੱਤ ਹਾਸਲ ਕਰ ਲੈਂਦੇ ਹਨ ਤਾਂ ਉਹ ਸਿਆਸਤ ਕਰਨੀ ਛੱਡ ਦੇਣਗੇ। ਕੇਜਰੀਵਾਲ ਨੇ ਇਹ ਟਿੱਪਣੀ ਕੇਂਦਰੀ ਮੰਤਰੀ ਮੰਡਲ ਵੱਲੋਂ ਦਿੱਲੀ ਦੀਆਂ ਉੱਤਰੀ, ਪੂਰਬੀ ਅਤੇ ਦੱਖਣੀ ਤਿੰਨ ਨਗਰ ਨਿਗਮਾਂ ਦੇ ਰਲੇਵੇਂ ਲਈ ਬਿੱਲ ਨੂੰ ਮਨਜੂਰੀ ਦੇਣ ਤੋਂ ਇੱਕ ਦਿਨ ਬਾਅਦ ਕੀਤੀ। ਕੇਜਰੀਵਾਲ ਨੇ ਇਕ ਹੋਰ ਟਵੀਟ ਕਰਕੇ ‘ਭਾਜਪਾ ਵੱਲੋਂ ਦਿੱਲੀ ਨਗਰ ਨਿਗਮ ਚੋਣਾਂ ਨੂੰ ਟਾਲਣਾ’ ਸ਼ਹੀਦਾਂ ਅਪਮਾਨ ਦੱਸਿਆ। ਜਿਨ੍ਹਾਂ ਨੇ ਦੇਸ਼ ਵਿਚੋਂ ਅੰਗਰੇਜ਼ਾਂ ਨੂੰ ਕੱਢ ਕੇ ਭਾਰਤ ’ਚ ਲੋਕਤੰਤਰ ਸਥਾਪਤ ਕਰਨ ਲਈ ਕੁਰਬਾਨੀਆਂ ਦਿੱਤੀਆਂ ਸਨ। ਕੇਜਰੀਵਾਲ ਨੇ ਅੱਗੇ ਕਿਹਾ ਕਿ ਅੱਜ ਭਾਜਪਾ ਹਾਰ ਦੇ ਡਰ ਕਰਨ ਦਿੱਲੀ ਨਗਰ ਨਿਗਮ ਚੋਣਾਂ ਨੂੰ ਟਾਲ ਰਹੀ ਪ੍ਰੰਤੂ ਕੱਲ੍ਹ ਨੂੰ ਭਾਜਪਾ ਵਾਲੇ ਹਾਰ ਦੇ ਡਰ ਕਾਰਨ ਦੇਸ਼ ਅਤੇ ਸੂਬਿਆਂ ਦੀਆਂ ਚੋਣਾਂ ਨੂੰ ਟਾਲਣਗੇ।