ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਮਸਲੇ ਰਚਨਾਤਮਕ ਗੱਲਬਾਤ ਰਾਹੀਂ ਹੱਲ ਕਰਨ ਦੀ ਅਪੀਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸ਼ਿਕਾਇਤਾਂ ਦੇ ਨਿਬੇੜੇ ਲਈ ਗੱਲਬਾਤ ਦਾ ਰਾਹ ਅਖ਼ਤਿਆਰ ਕਰ ਕੇ ਇਕ ਖੁੱਲ੍ਹੀ ਤੇ ਸਹਿਯੋਗੀ ਪਹੁੰਚ ਅਪਨਾਉਣ। ਉਨ੍ਹਾਂ ਮਸਲਿਆਂ ਦੇ ਛੇਤੀ ਹੱਲ ਲਈ ਇਕ ਰਚਨਾਤਮਕ ਗੱਲਬਾਤ ਕਰਨ ਦੀ ਅਪੀਲ ਵੀ ਕੀਤੀ।
ਬੀਤੇ ਦਿਨੀਂ ਰਾਜਾ ਮਹੇਂਦਰ ਪ੍ਰਤਾਪ ਦੇ 138ਵੇਂ ਜਨਮ ਦਿਵਸ ਸਬੰਧੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਧਨਖੜ ਨੇ ਕਿਹਾ ਕਿ ਭਾਰਤ ਦੀ ਤਾਕਤ ਇਸ ਦੀਆਂ ਦਿਹਾਤੀ ਜੜ੍ਹਾਂ ਅਤੇ ਇਸ ਦੇ ਕਿਸਾਨਾਂ ਵਿੱਚ ਹੈ, ਜੋ ਕਿ ਦੇਸ਼ ਦੇ ਵਿਕਾਸ ਦਾ ਆਧਾਰ ਹਨ। ਧਨਖੜ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਮਸਲੇ ਟਕਰਾਅ ਦੀ ਥਾਂ ਰਚਨਾਤਮਕ ਗੱਲਬਾਤ ਰਾਹੀਂ ਹੱਲ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਆਪਸੀ ਸਮਝ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਸੰਘਰਸ਼ਾਂ ਤੋਂ ਇਕ ਖੁਸ਼ਹਾਲ ਭਾਰਤ ਦੀਆਂ ਵੱਡੀਆਂ ਇੱਛਾਵਾਂ ਝਲਕਦੀਆਂ ਹਨ।
ਉਨ੍ਹਾਂ ਕਿਹਾ, ”ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣਿਆਂ ਨਾਲ ਨਹੀਂ ਲੜਦੇ ਹਾਂ ਬਲਕਿ ਆਪਣਿਆਂ ਨੂੰ ਗਲੇ ਲਾਇਆ ਜਾਂਦਾ ਹੈ। ਜੇਕਰ ਕਿਸਾਨਾਂ ਦੇ ਮਸਲੇ ਤੇਜ਼ੀ ਨਾਲ ਹੱਲ ਨਹੀਂ ਹੋਣਗੇ ਤਾਂ ਕੋਈ ਆਰਾਮ ਨਾਲ ਕਿਵੇਂ ਸੌਂ ਸਕਦਾ ਹੈ?” ਧਨਖੜ ਨੇ ਕਿਸਾਨਾਂ ਦੇ ਮਸਲੇ ਹੱਲ ਕਰਨ ਵਾਸਤੇ ਪਹਿਲਾਂ ਹੀ ਗੱਲਬਾਤ ਸ਼ੁਰੂ ਕਰਨ ਲਈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦੀ ਸ਼ਲਾਘਾ ਕੀਤੀ।
Check Also
‘ਇਕ ਦੇਸ਼, ਇਕ ਚੋਣ’ ਬਿੱਲ ’ਤੇ ਲੋਕ ਸਭਾ ’ਚ ਵੋਟਿੰਗ
ਬਿੱਲ ਦੇ ਹੱਕ ਵਿਚ 269 ਅਤੇ ਵਿਰੋਧ ’ਚ 198 ਵੋਟਾਂ ਪਈਆਂ ਨਵੀਂ ਦਿੱਲੀ/ਬਿਊਰੋ ਨਿਊਜ਼ ਸੰਸਦ …