Breaking News
Home / ਭਾਰਤ / ਹਰੇਕ ਜੋੜੇ ਨੂੰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਨੇ: ਭਾਗਵਤ

ਹਰੇਕ ਜੋੜੇ ਨੂੰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਨੇ: ਭਾਗਵਤ

ਨਾਗਪੁਰ (ਮਹਾਰਾਸ਼ਟਰ)/ਬਿਊਰੋ ਨਿਊਜ਼ : ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਆਬਾਦੀ ਦੇ ਵਾਧੇ ਵਿੱਚ ਆਏ ਨਿਘਾਰ ‘ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਭਾਰਤ ਦੀ ਕੁੱਲ ਜਣਨ ਦਰ (ਟੀਐੱਫਆਰ) ਮੌਜੂਦਾ 2.1 ਦੇ ਬਜਾਏ ਘੱਟੋ-ਘੱਟ 3 ਹੋਣੀ ਚਾਹੀਦੀ ਹੈ।
ਟੀਐੱਫਆਰ ਦਾ ਮਤਲਬ ਇਕ ਮਹਿਲਾ ਵੱਲੋਂ ਜੰਮੇ ਜਾਣ ਵਾਲੇ ਬੱਚਿਆਂ ਦੀ ਔਸਤ ਗਿਣਤੀ ਤੋਂ ਹੈ।
‘ਕਠਾਲੇ ਕੁਲ ਸੰਮੇਲਨ’ ਵਿੱਚ ਸੰਬੋਧਨ ਕਰਦਿਆਂ ਭਾਗਵਤ ਨੇ ਪਰਿਵਾਰਾਂ ਦੀ ਅਹਿਮ ਭੂਮਿਕਾ ‘ਤੇ ਵੀ ਚਾਨਣਾ ਪਾਇਆ ਅਤੇ ਅਪੀਲ ਕੀਤੀ ਕਿ ਆਬਾਦੀ ਵਿਗਿਆਨ ਮੁਤਾਬਕ, ਜੇ ਕਿਸੇ ਸਮਾਜ ਦੀ ਕੁੱਲ ਜਣਨ ਦਰ 2.1 ਤੋਂ ਹੇਠਾਂ ਜਾਂਦੀ ਹੈ ਤਾਂ ਉਹ ਲੋਪ ਹੋਣ ਕੰਢੇ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ, ”ਆਬਾਦੀ ਵਿੱਚ ਨਿਘਾਰ ਚਿੰਤਾ ਦਾ ਵਿਸ਼ਾ ਹੈ। ਜਨਸੰਖਿਆ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਜਦੋਂ ਕਿਸੇ ਸਮਾਜ ਦੀ ਕੁੱਲ ਜਣਨ ਦਰ 2.1 ਤੋਂ ਹੇਠਾਂ ਜਾਂਦੀ ਹੈ ਤਾਂ ਉਸ ਦੇ ਲੋਪ ਹੋਣ ਦਾ ਖ਼ਤਰਾ ਹੁੰਦਾ ਹੈ। ਇਸ ਨਿਘਾਰ ਲਈ ਜ਼ਰੂਰੀ ਨਹੀਂ ਕਿ ਬਾਹਰੀ ਖਤਰੇ ਹੋਣ, ਕੋਈ ਸਮਾਜ ਹੌਲੇ-ਹੌਲੇ ਆਪਣੇ ਆਪ ਹੀ ਲੋਪ ਹੋ ਸਕਦਾ ਹੈ।” ਭਾਗਵਤ ਨੇ ਕਿਹਾ, ”ਇਸ ਮੁੱਦੇ ਕਾਰਨ ਕਈ ਭਾਸ਼ਾਵਾਂ ਤੇ ਸਭਿਆਚਾਰ ਪਹਿਲਾਂ ਹੀ ਲੋਪ ਹੋ ਚੁੱਕੇ ਹਨ। ਇਸ ਵਾਸਤੇ, ਜਣਨ ਦਰ ਨੂੰ 2.1 ਤੋਂ ਉੱਪਰ ਬਣਾ ਕੇ ਰੱਖਣਾ ਜ਼ਰੂਰੀ ਹੈ।” ਉਨ੍ਹਾਂ ਕਿਹਾ ਕਿ ਕੁਟੁੰਬ (ਪਰਿਵਾਰ) ਸਮਾਜ ਦਾ ਅਨਿੱਖੜਵਾਂ ਅੰਗ ਹੈ ਅਤੇ ਹਰੇਕ ਪਰਿਵਾਰ ਦੀ ਸਮਾਜ ਦੇ ਗਠਨ ਵਿੱਚ ਅਹਿਮੀਅਤ ਹੈ।
ਆਰਐੱਸਐੱਸ ਮੁਖੀ ਨੇ ਕਿਹਾ, ”ਸਾਡੇ ਦੇਸ਼ ਦੀ ਆਬਾਦੀ ਨੀਤੀ ਜੋ 1998 ਜਾਂ 2002 ਦੇ ਆਸਪਾਸ ਤਿਆਰ ਕੀਤੀ ਗਈ ਸੀ, ਕਹਿੰਦੀ ਹੈ ਕਿ ਆਬਾਦੀ ਵਾਧਾ ਦਰ 2.1 ਤੋਂ ਹੇਠਾਂ ਨਹੀਂ ਹੋਣੀ ਚਾਹੀਦੀ। ਇਹ ਘੱਟੋ-ਘੱਟ ਤਿੰਨ ਹੋਣੀ ਚਾਹੀਦੀ ਹੈ। ਜਨਸੰਖਿਆ ਵਿਗਿਆਨ ਅਜਿਹਾ ਕਹਿੰਦਾ ਹੈ।”
ਭਾਗਵਤ ਦੇ ਆਬਾਦੀ ਬਾਰੇ ਬਿਆਨ ਨੂੰ ਭਾਜਪਾ ਨੇ ਸਲਾਹਿਆ
ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਵੱਲੋਂ ਭਾਰਤ ਵਿੱਚ ਘਟ ਰਹੀ ਜਣਨ ਦਰ ‘ਤੇ ਚਿੰਤਾ ਜ਼ਾਹਿਰ ਕੀਤੇ ਜਾਣ ਤੋਂ ਇਕ ਦਿਨ ਬਾਅਦ ਜਿੱਥੇ ਭਾਜਪਾ ਆਗੂਆਂ ਨੇ ਉਨ੍ਹਾਂ ਦੇ ਬਿਆਨ ਦਾ ਸਵਾਗਤ ਕੀਤਾ, ਉੱਥੇ ਹੀ ਵਿਰੋਧੀ ਧਿਰ ਨੇ ਸਵਾਲ ਕੀਤਾ ਕਿ ਜੇਕਰ ਆਬਾਦੀ ਵਧਦੀ ਹੈ ਤਾਂ ਉਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਰੋਤ ਕਿੱਥੋਂ ਆਉਣਗੇ। ਉਨ੍ਹਾਂ ਕਿਹਾ, ”ਅਨਾਜ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਹੋਈਆਂ ਹਨ ਅਤੇ ਸਰਕਾਰ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਅਸਫ਼ਲ ਰਹੀ ਹੈ।” ਮੋਹਨ ਭਾਗਵਤ ਦੇ ਬਿਆਨ ਬਾਰੇ ਗੱਲ ਕਰਨ ‘ਤੇ ਭਾਜਪਾ ਆਗੂ ਮਨੋਜ ਤਿਵਾੜੀ ਨੇ ਕਿਹਾ ਕਿ ਉਹ ਕੌਮੀ ਹਿੱਤ ਵਿੱਚ ਹਨ। ਤਿਵਾੜੀ ਨੇ ਸੰਸਦ ਦੇ ਬਾਹਰ ਗੱਲਬਾਤ ਦੌਰਾਨ ਕਿਹਾ, ”ਆਰਐੱਸਐੱਸ ਇਕ ਦੇਸ਼ਭਗਤ ਸੰਸਥਾ ਹੈ। ਜੇ ਮੋਹਨ ਭਾਗਵਤ ਜੀ ਨੇ ਕੁਝ ਕਿਹਾ ਹੈ ਤਾਂ ਇਹ ਜ਼ਰੂਰ ਕੌਮੀ ਹਿੱਤ ਵਿੱਚ ਹੋਵੇਗਾ, ਇਸ ਵਾਸਤੇ ਇਸ ਦਾ ਸਕਾਰਾਤਮਕ ਢੰਗ ਨਾਲ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ।”

Check Also

‘ਇਕ ਦੇਸ਼, ਇਕ ਚੋਣ’ ਬਿੱਲ ’ਤੇ ਲੋਕ ਸਭਾ ’ਚ ਵੋਟਿੰਗ

ਬਿੱਲ ਦੇ ਹੱਕ ਵਿਚ 269 ਅਤੇ ਵਿਰੋਧ ’ਚ 198 ਵੋਟਾਂ ਪਈਆਂ ਨਵੀਂ ਦਿੱਲੀ/ਬਿਊਰੋ ਨਿਊਜ਼ ਸੰਸਦ …