ਡਾ. ਡੀ ਪੀ ਸਿੰਘ
ਪਾਤਰ :
ਜਸਬੀਰ : ਪੰਦਰਾਂ ਕੁ ਸਾਲ ਦਾ ਮੁੰਡਾ
ਬੇਬੇ : ਪੰਜਾਬੀ ਭਾਸ਼ਾ ਦੀ ਨੁਮਾਇੰਦਗੀ ਕਰ ਰਹੀ,ਫਟੇ ਪੁਰਾਣੇ ਕੱਪੜੇ ਪਾਈ ਬੁੱਢੀ ਔਰਤ
ਡਾ।ਸੁਰਜੀਤ : ਪੰਜਾਬੀ ਲੇਖਕ
ਕੁਲਦੀਪ : ਸੁਰਜੀਤ ਦਾ ਬੇਟਾ, ਉਮਰ ਬਾਰਾਂ ਸਾਲ
ਪਰਦਾ ਉੱਠਦਾ ਹੈ।
ਕਾਂਡ ਪਹਿਲਾ
ਸਥਾਨ – ਉਜਾੜ ਵਿਚ ਇਕ ਬੁੱਢੀ ਔਰਤ, ਫਟੇ ਪੁਰਾਣੇ ਕੱਪੜੇ ਪਹਿਨੀ, ਬਹੁਤ ਹੀ ਉਦਾਸ ਹਾਲਤ ਵਿਚ ਬੈਠੀ ਹੈ।
(ਜਸਬੀਰ ਉਧਰੋਂ ਲੰਘ ਰਿਹਾ ਹੈ। ਉਜਾੜ ਵਿਚ ਇਕੱਲੀ ਤੇ ਬੇਸਹਾਰਾ ਬਜ਼ੁਰਗ ਔਰਤ ਨੂੰ ਦੇਖ ਉਹ ਅਚਾਨਕ ਰੁਕ ਜਾਂਦਾ ਹੈ। ਉਹ ਔਰਤ ਬਹੁਤ ਹੀ ਉਦਾਸ ਤੇ ਦੁਖੀ ਨਜ਼ਰ ਆ ਰਹੀ ਹੈ। ਜਸਬੀਰ ਹੌਲੇ ਹੌਲੇ ਉਸ ਕੋਲ ਪਹੁੰਚਦਾ ਹੈ।)
ਜਸਬੀਰ : ਕੀ ਹੋਇਆ? ਬੇਬੇ !ਤੂੰ ਇਥੇ ਇਕੱਲਿਆਂ ਕਿਵੇਂ ਬੈਠੀ ਏ? ਤੇ ਤੂੰ ਇੰਨ੍ਹੀ ਉਦਾਸ ਕਿਉਂ ਹੈ?
ਬੇਬੇ: (ਚੁੰਨੀ ਦੇ ਪੱਲੂ ਨਾਲ ਅੱਖਾਂ ਪੂੰਝਦੀ ਹੋਈ) ਮੈਨੂੰ ਮੇਰੇ ਬੱਚਿਆਂ ਨੇ ਵਿਸਾਰ ਦਿੱਤਾ ਹੈ। ਉਨ੍ਹਾਂ ਦੇ ਘਰਾਂ ਵਿਚ ਮੇਰੇ ਲਈ ਕੋਈ ਥਾਂ ਨਹੀਂ।
(ਪਿਛੋਕੜ ਵਿਚ ਆਵਾਜ਼ ਉਭਰਦੀ ਹੈ।)
ਮੁੱਠਾ੬ ਮੀਟ ਕੇ ਨੁੱਕਰੇ ਹਾ੬ ਬੈਠੀ, ਟੁੱਟੀ ਹੋਈ ਸਤਾਰ ਰਬਾਬੀਆ੬ ਦੀ ।
ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ਼ ਮੇਰੀ, ਵੇ ਮੈ੬ ਬੋਲੀ ਹਾ੬, ਉਨ੍ਹਾਂ ਪੰਜਾਬੀਆ੬ ਦੀ ।
(ਫ਼ਿਰੋਜ਼ਦੀਨ ਸ਼ਰਫ਼)
ਜਸਬੀਰ: ਬਹੁਤ ਮਾੜੀ ਗੱਲ ਹੈ। ਇੰਝ ਵੀ ਕੋਈ ਆਪਣੇ ਬਜ਼ੁਰਗਾਂ ਨਾਲ ਕਰਦਾ ਹੈ। ਬੜੇ ਮਰਦੂਦ ਨੇ ਉਹ ਜਿਨ੍ਹਾਂ ਆਪਣੀ ਬੇਬੇ ਨੂੰ ਘਰੋਂ ਕੱਢ ਛੱਡਿਆ ਏ।
ਬੇਬੇ: (ਰੌਣਹਾਕੀ ਹਾਲਤ ਵਿਚ) ਨਹੀਂ ….ਨਹੀਂ! ਮਰਦੂਦ ਨਹੀਂ ਹਨ ਉਹ। ਬਸ ਮੇਰੀ ਸੌਂਤਨ ਦੇ ਭੁਲਾਵੇ ਵਿਚ ਆ ਗਏ ਨੇ । ਓਹ ਬੇਹਯਾ ਪਤਾ ਨਹੀਂ ਕਿਸ ਕਿਸ ਦਾ ਘਰ ਤਬਾਹ ਕਰਦੀ ਫਿਰਦੀ ਹੈ। (ਬੇਬੇ ਫੁੱਟ ਫੁੱਟ ਕੇ ਰੋਣ ਲਗਦੀ ਹੈ।)
ਜਸਬੀਰ: ਬੇਬੇ ਰੋ ਨਾ। (ਆਪਣੇ ਮਫਲਰ ਨੂੰ ਹੱਥ ਵਿਚ ਫੜ ਅੱਗੇ ਕਰਦਾ ਹੋਇਆ)
ਠਹਿਰ ਮੈਂ ਤੇਰੇ ਹੰਝੂ ਪੂੰਝ ਦਿਆਂ ।
ਬੇਬੇ: ਜਿਉਂਦਾ ਰਹਿ ਪੁੱਤਰਾ । ਸ਼ੁਕਰ ਹੈ ਕਿਸੇ ਨੂੰ ਮੇਰੀ ਹਾਲਤ ਉੱਤੇ ਤਰਸ ਤਾਂ ਆਇਆ ।
ਜਸਬੀਰ: ਬੇਬੇ ! ਮੈਂਨੂੰ ਪੂਰੀ ਗੱਲ ਦਸ, ਤੇਰਾ ਇਹ ਹਾਲ ਕਿਵੇਂ ਹੋਇਆ? ਸ਼ਾਇਦ ਮੈਂ ਤੇਰੀ ਕੋਈ ਮਦਦ ਕਰ ਸਕਾਂ।
ਬੇਬੇ: ਬਹੁਤ ਪੁਰਾਣੀ ਗੱਲ ਹੈ। ਸ਼ਾਇਦ ਤਿੰਨ ਕੁ ਹਜ਼ਾਰ ਸਾਲ ਪੁਰਾਣੀ। ਤਦ ਪੰਜਾਬ ਦੀ ਧਰਤੀ ਉੱਤੇ ਇੰਡੋ-ਆਰੀਅਨ ਭਾਸ਼ਾਵਾਂ ਦਾ ਬੋਲ-ਬਾਲਾ ਸੀ। ਲਗਭਗ ਢਾਈ ਹਜ਼ਾਰ ਸਾਲ ਪਹਿਲਾਂ ਇਹ ਭਾਸ਼ਾਵਾਂ ਨੇ ਪੂਰਬੀ ਪੰਜਾਬ ਵਿਚ ਪ੍ਰਾਕਰਿਤ ਤੇ ਸ਼ੋਰਸੇਨੀ ਅਤੇ ਪੱਛਮੀ ਪੰਜਾਬ ਵਿਚ ਕੇਕੇਏ ਉਪ-ਭਾਸ਼ਾਵਾਂ ਨੂੰ ਜਨਮ ਦਿੱਤਾ। ਕਈ ਸਿਆਣੇ ਦੱਸ ਪਾਉਂਦੇ ਹਨ ਕਿ ਮੇਰਾ ਜਨਮ ਦਸਵੀਂ ਸਦੀ ਦੌਰਾਨ ਹੋਇਆ। ਪਰ ਮੇਰਾ ਗੁਰਮੁਖੀ ਸਰੂਪ ਪੰਦਰਵੀਂ ਸਦੀ ਵਿਚ ਹੀ ਉਜਾਗਰ ਹੋਇਆ।
ਜਸਬੀਰ: ਬੇਬੇ! ਆਪਣੇ ਬਚਪਨ ਦੀ ਕੋਈ ਗੱਲ ਸੁਣਾ।
ਬੇਬੇ: (ਹਲਕੇ ਜਿਹੇ ਮੁਸਕਰਾਂਦੇ ਹੋਏ, ਦੁਰੇਡੇ ਵੱਲ ਝਾਂਕਦੀ ਹੈ, ਜਿਵੇਂ ਕੁਝ ਯਾਦ ਕਰ ਰਹੀ ਹੋਵੇ।) ਉਹ ਵੀ ਕੀ ਦਿਨ ਸਨ? ਸੱਚ ਹੀ ਬਚਪਨ ਸੱਭ ਨੂੰ ਬਹੁਤ ਚੰਗਾ ਲੱਗਦਾ ਹੈ ਬੇਸ਼ਕ ਕਿੰਨ੍ਹੀ ਵੀ ਉਮਰ ਹੋ ਜਾਏ।
ਇਹ ਉਹ ਸੁਪਨਮਈ ਸਮਾਂ ਸੀ ਜਦ ਸੂਫੀ ਫਕੀਰ ਸ਼ੇਖ ਫ਼ਰੀਦ ਨੇ ਆਪਣੀ ਬਾਣੀ ਨਾਲ ਮੈਨੂੰ ਨਿਵਾਜਿਆ। ਫਿਰ ਬਾਬਾ ਨਾਨਕ ਦੇ ਇਲਾਹੀ ਗੀਤਾਂ ਨੇ ਮੈਨੂੰ ਸਰਸ਼ਾਰ ਕੀਤਾ। ਇਹੋ ਸਮਾਂ ਸੀ ਜਦ ਸ਼ਾਹ ਹੁਸੈਨ, ਦਮੋਦਰ, ਸੁਲਤਾਨ ਬਾਹੂ, ਸ਼ਾਹ ਸ਼ਰਫ਼, ਬੁੱਲੇ ਸ਼ਾਹ, ਅਲੀ ਹੈਦਰ, ਖ਼ਵਾਜਾ ਫ਼ਰੀਦ ਤੇ ਮੀਆਂ ਮੁਹੰਮਦ ਬਖ਼ਸ਼ ਨੇ ਆਪਣੀਆਂ ਰਚਨਾਵਾਂ ਨਾਲ ਮੈਨੂੰ ਭਰਪੂਰਤਾ ਬਖ਼ਸ਼ੀ।
ਜਸਬੀਰ: ਕਿੱਸਾ ਕਾਵਿ ਵੀ ਤਾਂ ਇਸੇ ਸਮੇਂ ਪਰਚਲਿਤ ਹੋਇਆ ਸੀ।
ਬੇਬੇ: ਵਾਹ ਪੁੱਤਰਾ! ਤੂੰ ਤਾਂ ਕਾਫ਼ੀ ਕੁਝ ਜਾਣਦਾ ਹੈ। ਬਿਲਕੁਲ ਠੀਕ ਕਿਹਾ ਏ ਤੂੰ। ਇਸੇ ਅਰਸੇ ਦੌਰਾਨ, ਵਾਰਿਸ ਸ਼ਾਹ ਦਾ ਕਿੱਸਾ ‘ਹੀਰ ਰਾਂਝਾ’, ਫ਼ਜਲ ਸ਼ਾਹ ਰਚਿਤ ‘ਸੋਹਣੀ ਮਹੀਂਵਾਲ’, ਹਫ਼ੀਜ਼ ਬਰਖੁਦਾਰ ਰਚਿਤ ‘ਮਿਰਜ਼ਾ ਸਾਹਿਬਾਂ’, ਹਾਸ਼ਿਮ ਸ਼ਾਹ ਰਚਿਤ ‘ਸੱਸੀ ਪੁੰਨੂੰ, ਕਾਦਰਯਾਰ ਰਚਿਤ ‘ਕਿੱਸਾ ਪੂਰਨ ਭਗਤ’ ਤੇ ਸ਼ਾਹ ਮੁਹੰਮਦ ਰਚਿਤ ‘ਜੰਗਨਾਮਾ’ ਨੇ ਤਾਂ ਪੰਜਾਬੀ ਲੋਕਾਂ ਦੇ ਦਿਲਾਂ ਉੱਤੇ ਕਬਜ਼ਾ ਹੀ ਕਰ ਲਿਆ ਸੀ।
ਜਸਬੀਰ: ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਾਂ ਪੰਜਾਬੀਆਂ ਦਾ ਰਾਜ ਹੀ ਸੀ। ਉਸ ਸਮੇਂ ਤਾਂ ਹਾਲਾਤ ਠੀਕ ਹੀ ਰਹੇ ਹੋਣਗੇ।
ਬੇਬੇ: (ਹਾਉਕਾ ਭਰਦੀ ਹੋਈ) ਉਸ ਨੇ ਪੰਜਾਬੀ ਕਾਇਦਾ ਤਾਂ ਘਰ ਘਰ ਪਹੁੰਚਾ ਦਿੱਤਾ ਪਰ ਸਰਕਾਰੇ ਦਰਬਾਰੇ ਬੋਲ-ਬਾਲਾ ਫ਼ਾਰਸੀ ਦਾ ਹੀ ਰਿਹਾ। ਪੰਜਾਬੀ ਮਹਾਰਾਜੇ ਦੇ ਦਰਬਾਰ ਵਿਚ ਵੀ ਮੈਨੂੰ ਰਾਜ-ਮਾਤਾ ਦਾ ਅਹੁਦਾ ਨਸੀਬ ਨਾ ਹੋਇਆ।
ਜਸਬੀਰ: ਤੇ ਭਲਾ ਅੰਗਰੇਜ਼ਾਂ ਨੇ ਕੀ ਭਲੀ ਕਰਨੀ ਸੀ? ਉਨ੍ਹਾਂ ਨੇ ਤਾਂ ਆਪਣੀ ਮਾਂ-ਬੋਲੀ ਅੰਗਰੇਜ਼ੀ ਨੂੰ ਹੀ ਤਰਜ਼ੀਹ ਦਿੱਤੀ ਹੋਵੇਗੀ।
ਬੇਬੇ: ਹਾਂ ਪੁੱਤਰਾ! ਜਦ ਆਪਣੇ ਗੱਲ ਨਾ ਗੋਲਣ ਤਾਂ ਬਿਗਾਨੇ ਤੋਂ ਕੀ ਆਸ ਰੱਖੀ ਜਾ ਸਕਦੀ ਏ। ਅੰਗਰੇਜ਼ ਦੇ ਰਾਜ ਵਿਚ ਪੰਜਾਬੀ ਦੀ ਥਾਂ ਉਰਦੂ ਤੇ ਅੰਗਰੇਜ਼ੀ ਨੂੰ ਤਰਜ਼ੀਹ ਦਿੱਤੀ ਜਾਂਦੀ ਰਹੀ। ਇਹ ਮੇਰੇ ਲਈ ਬਹੁਤ ਹੀ ਨਿਘਾਰ ਦੇ ਦਿਨ ਸਨ। ਨਵੇਂ ਨਵੇਂ ਜਿੱਤੇ ਪੰਜਾਬ ਵਿਚ ਫਿਰੰਗੀ ਸਰਕਾਰ ਨੇ ਪੰਜਾਬੀਆਂ ਨੂੰ ਬੇਆਵਾਜ਼ ਕਰਨ ਲਈ ਪੰਜਾਬੀ ਕਿਤਾਬਾਂ ਉੱਤੇ ਸਖਤ ਪਾਬੰਦੀ ਲਗਾ ਦਿੱਤੀ। ਇਥੋਂ ਤਕ ਕਿ ਨਿਕੱੜੇ ਬੱਚਿਆ ਦੇ ਹੱਥੋਂ ਵਿਚੋਂ ਵੀ ਪੰਜਾਬੀ ਦੇ ਕਾਇਦੇ ਖੋਹ ਕੇ ਜਲਾ ਦਿੱਤੇ। ਸਮੇਂ ਦੇ ਗੁਜ਼ਰਣ ਨਾਲ ਜੇ ਉਨ੍ਹਾਂ ਪੰਜਾਬੀ ਦੇ ਪਸਾਰ ਦੀਆਂ ਕੋਸ਼ਿਸਾਂ ਕੀਤੀਆਂ ਵੀ ਤਾਂ ਸਿਰਫ਼ ਇਸ ਨੂੰ ਇਸਾਈ ਧਰਮ ਦੇ ਪਸਾਰ ਲਈ ਜਾਂ ਸਥਾਨਕ ਸਦੀਆਂ ਪੁਰਾਣੀ ਸਮਾਜਿਕ ਤੇ ਧਾਰਮਿਕ ਸਾਂਝੀਵਾਲਤਾ ਨੂੰ ਤੋੜਣ ਲਈ ਵਰਤਿਆ।
ਜਸਬੀਰ: ਸਮੇਂ ਦੀ ਇਹ ਖੂਬੀ ਹੈ ਕਿ ਇਹ ਸਦਾ ਚਲਦਾ ਰਹਿੰਦਾ ਹੈ। ਕਦੇ ਖੜ੍ਹਦਾ ਨਹੀਂ। ਜੇ ਭਲੇ ਦਿਨ ਨਹੀਂ ਰਹਿੰਦੇ ਤਾਂ ਬੁਰੇ ਦਿਨ ਵੀ ਗੁਜ਼ਰ ਜਾਂਦੇ ਹਨ।
ਬੇਬੇ: ਹਾਂ ਪੁੱਤਰ! ਠੀਕ ਹੈ ਤੇਰੀ ਗੱਲ।ਇਸੇ ਨਿਘਾਰ ਵਿਚੋਂ ਹੀ ਪੰਜਾਬੀ ਦੇ ਵਿਕਾਸ ਦਾ ਨਵਾਂ ਪੁੰਗਾਰ ਫੁੱਟਿਆ। ਤਦ ਭਾਈ ਵੀਰ ਸਿੰਘ, ਪ੍ਰੋ।ਪੂਰਨ ਸਿੰਘ, ਨਾਨਕ ਸਿੰਘ, ਧਨੀ ਰਾਮ ਚਾਤ੍ਰਿਕ, ਗੁਰਬਖ਼ਸ਼ ਸਿੰਘ ਪ੍ਰੀਤ ਲੜੀ, ਬਞਰ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੀਤਮ ਸਿੰਘ ਸਫੀਰ, ਬਾਵਾ ਬਲਵੰਤ, ਤਖ਼ਤ ਸਿੰਘ, ਹਰਭਜਨ ਸਿੰਘ, ਸੰਤੋਸ਼ ਸਿੰਘ ਧੀਰ, ਦਿਲੀਪ ਕੌਰ ਟਿਵਾਣਾ, ਪ੍ਰਭਜੋਤ ਕੌਰ, ਬਲਵੰਤ ਗਾਰਗੀ, ਕਰਤਾਰ ਸਿੰਘ ਦੁੱਗਲ, ਜਸਵੰਤ ਸਿੰਘ ਕੰਵਲ, ਭਾ ਗੁਰਸ਼ਰਨ ਸਿੰਘ, ਗੁਰਦਿਆਲ ਸਿੰਘ, ਅਜਮੇਰ ਸਿੰਘ ਅੋਲੱਖ, ਸ਼ਿਵ ਬਟਾਲਵੀ, ਡਾ।ਜਗਤਾਰ, ਸੁਰਜੀਤ ਪਾਤਰ, ਸਆਦਤ ਹਸਨ ਮੰਟੋ, ਅਨਵਰ ਮਸੂਦ, ਅਫ਼ਜਲ ਅਹਿਸਨ ਰੰਧਾਵਾ, ਨਾਜ਼ਿਮ ਹੂਸੈਨ ਸਈਅਦ, ਉਸਤਾਦ ਦਾਮਨ, ਮੁਸ਼ਤਾਕ ਸੂਫੀ, ਮੁਨੀਰ ਨਿਆਜ਼ੀ, ਬਾਬਾ ਨਜ਼ਮੀ, ਅਹਿਮਦ ਸਲੀਮ, ਸ਼ੌਕਤ ਅਲੀ ਤੇ ਪਰਵੀਨ ਮਲਿਕ ਨੇ ਮੇਰੀ ਝੋਲੀ ਸੁਗਾਤਾਂ ਨਾਲ ਭਰ ਦਿੱਤੀ।
ਜਸਬੀਰ: ਇਹ ਤਾਂ ਬਹੁਤ ਵਧੀਆ ਹੋਇਆ। ਫਿਰ ਹੁਣ ਵਾਲੀ ਹਾਲਤ ਕਿਵੇਂ ਹੋ ਗਈ?
ਬੇਬੇ: (ਲੰਮਾ ਹੋਂਕਾਂ ਭਰਦੀ ਹੋਈ) ਬੜੀ ਦਰਦਨਾਕ ਕਹਾਣੀ ਹੈ। ਬੀਹਵੀਂ ਸਦੀ ਦੇ ਅੱਧ ਤਕ ਹਾਲਾਤ ਠੀਕ ਠਾਕ ਹੀ ਚਲ ਰਹੇ ਸਨ। ਤਦ ਹੀ ਦੇਸ਼ ਦੀ ਅੰਗੇਰਜ਼ੀ ਸਰਕਾਰ ਤੋਂ ਆਜ਼ਾਦੀ ਦੀ ਲੜਾਈ ਆਪਣੇ ਆਖ਼ਰੀ ਪੜਾਅ ਉੱਤੇ ਜਾ ਪੁੱਜੀ। 14-15 ਅਗਸਤ 1947 ਦੀ ਰਾਤ ਨੂੰ ਭਾਰਤ ਆਜ਼ਾਦ ਤਾਂ ਹੋਇਆ ਪਰ ਇਸ ਦੇ ਦੋ ਟੋਟੇ ਕਰ ਦਿੱਤੇ ਗਏ।
ਇਕ ਪਾਕਿਸਤਾਨ ਤੇ ਦੂਸਰਾ ਹਿੰਦੁਸਤਾਨ। ਇਸ ਆਜ਼ਾਦੀ ਦਾ ਮੁੱਲ ਸੱਭ ਤੋਂ ਵੱਧ ਪੰਜਾਬੀਆਂ ਨੂੰ ਤਾਰਣਾ ਪਿਆ। ਇਸ ਵੰਡ ਵਿਚ ਇਕ ਕਰੋੜ ਦੇ ਲਗਭਗ ਪੰਜਾਬੀ ਘਰੋ ਬੇਘਰ ਹੋ ਗਏ ਤੇ ਲਗਭਗ 20 ਲੱਖ ਪੰਜਾਬੀ ਮਾਰੇ ਗਏ। ਪੰਜਾਬੀ ਪੁੱਤਰ-ਧੀਆਂ ਦੀ ਇਸ ਤਬਾਹੀ ਲਈ ਹਾਅ ਦਾ ਨਾਹਰਾ ਮਾਰਣ ਵਾਲਾ ਕੋਈ ਨਹੀਂ ਸੀ। ਦੇਸ਼ ਦੀ ਆਜ਼ਾਦੀ ਨੇ ਧਰਮਾਂ ਦੇ ਅਧਾਰ ਉੱਤੇ ਧਰਤੀ ਹੀ ਨਹੀੰਂ ਵੰਡੀ, ਸਗੋਂ ਮਾਂ-ਬੋਲੀ ਨੂੰ ਵੀ ਧਰਮ ਦੇ ਅਧਾਰ ‘ਤੇ ਵੰਡ ਲਿਆ। ਚੜ੍ਹਦੇ ਪੰਜਾਬ ਵਿਚ ਤਾਂ ਪੰਜਾਬੀ ਸੂਬੇ ਦੀ ਮੰਗ ਨੇ ਮੈਨੂੰ ਸਿਰਫ਼ ਸਿੱਖਾਂ ਦੀ ਮਾਂ-ਬੋਲੀ ਦਾ ਰੂਪ ਹੀ ਬਣਾ ਦਿੱਤਾ। ਹੋਰ ਤਾਂ ਹੋਰ ਮੇਰੀ ਲਿੱਪੀ ਵੀ ਸਿੱਖਾਂ ਲਈ ਗੁਰਮੁਖੀ ਤੇ ਹਿੰਦੂਆਂ ਲਈ ਦੇਵਨਾਗਰੀ ਬਣ ਗਈ।
ਇਸੇ ਆਧਾਰ ‘ਤੇ ਚੜ੍ਹਦਾ ਪੰਜਾਬ ਫਿਰ ਟੋਟਿਆਂ ਵਿਚ ਵੰਡਿਆ ਗਿਆ। ਲੰਮੀ ਘਾਲਣਾ ਤੋਂ ਬਾਅਦ ਸੰਨ 1966 ਵਿਚ ਮੈਨੂੰ ਛੋਟੇ ਜਿਹੇ ਪੰਜਾਬੀ ਸੂਬੇ ਦੀ ਰਾਜ ਮਾਤਾ ਦਾ ਅਹੁਦਾ ਤਾਂ ਮਿਲ ਗਿਆ ਪਰ ਅੱਜ ਤਕ ਆਪਣੇ ਘਰ ਵਿਚ ਵੀ ਬੇਗਾਨਗੀ ਦਾ ਅਹਿਸਾਸ ਹੀ ਰਿਹਾ।
ਸਰਕਾਰ ਦਰਬਾਰੇ ਅੱਜ ਵੀ ਅੰਗਰੇਜ਼ੀ ਤੇ ਹਿੰਦੀ ਨੂੰ ਹੀ ਪ੍ਰਧਾਨਗੀ ਹਾਸਿਲ ਹੈ।
ਜਸਬੀਰ: ਬਹੁਤ ਦਰਦ ਭਰੀ ਕਹਾਣੀ ਹੈ ਇਹ ਤਾਂ। ॥।ਹਾਂ ਸੱਚ ਲਹਿੰਦੇ ਪੰਜਾਬ ਵਿਚ ਕਿਹੋ ਜਿਹੇ ਹਾਲਾਤ ਰਹੇ?
ਬੇਬੇ: ਪਾਕਿਸਤਾਨ ਵਿਚ 76 ਮਿਲੀਅਨ ਲੋਕਾਂ ਦੀ ਮੈਂ ਮਾਂ-ਬੋਲੀ ਹਾਂ ਪਰ ਫਿਰ ਵੀ ਰਾਜ-ਮਾਤਾ ਨਹੀਂ। ਇਹ ਅਹੁਦਾ ਉਰਦੂ ਨੂੰ ਹਾਸਿਲ ਹੈ। ਜੋ ਸਿਰਫ਼ 13 ਮਿਲੀਅਨ ਲੋਕਾਂ ਦੀ ਮਾਂ-ਬੋਲੀ ਹੈ। ਇਥੇ ਮੇਰੀ ਲਿਪੀ ਵੀ ਸ਼ਾਹਮੁੱਖੀ ਹੈ। ਅਜੀਬ ਹੈ ਇਕ ਬੋਲੀ ਤਿੰਨ ਤਿੰਨ ਲਿੱਪੀਆਂ। ਫਿਰ ਸਰਹੱਦਾਂ ਦੀ ਵੰਡ। ਮੇਰੇ ਬੱਚਿਆਂ ਨੇ ਮੈਂਨੂੰ ਵੀ ਟੁੱਕੜਿਆਂ ਵਿਚ ਵੰਡ ਲਿਆ ਹੈ।
ਜਸਬੀਰ: ਬੇਬੇ! ਮੈੰਂ ਤਾਂ ਸੁਣਿਆ ਹੈ ਕਿ ਦੁਨੀਆ ਭਰ ਵਿਚ 120 ਮਿਲੀਅਨ ਲੋਕ ਪੰਜਾਬੀ ਜ਼ੁਬਾਨ ਬੋਲਦੇ ਨੇ ਤੇ ਦੁਨੀਆਂ ਦੀਆਂ 10 ਵੱਡੀਆਂ ਜ਼ੁਬਾਨਾਂ ਵਿਚ ਇਸ ਦਾ ਸ਼ੁਮਾਰ ਹੈ। ਸੁਣਿਆ ਹੈ ਹੁਣ ਤਾਂ ਪੰਜਾਬੀ ਵਿਦੇਸ਼ਾਂ ਵਿਚ ਵੀ ਪੜ੍ਹਾਈ ਜਾਣ ਲਗ ਪਈ ਹੈ। ਕੈਨੇਡਾ ਵਿਚ ਤਾਂ ਇਸ ਨੂੰ ਸਰਕਾਰੀ ਤੌਰ ‘ਤੇ ਪ੍ਰਵਾਨਿਤ ਤੀਜੀ ਜ਼ੁਬਾਨ ਦਾ ਦਰਜਾ ਵੀ ਹਾਸਿਲ ਹੈ। ਪਰ ਆਪਣੀ ਹੀ ਜਨਮ ਭੂਮੀ ਵਿਖੇ ਹਾਲਾਤ ਇੰਨੇ ਵੀ ਖਸਤਾ ਹੋ ਸਕਦੇ ਨੇ, ਕਿ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਜਾਪਦਾ ਹੈ। ਚੱਲ ਅੰਮਾਂ ਮੈਂ ਤੈਨੂੰ ਅਜਿਹੇ ਆਲਿਮ ਦੌਸਤ ਨਾਲ ਮਿਲਾਉਂਦਾ ਹਾਂ ਜੋ ਲਹਿੰਦੇ ਪੰਜਾਬ ਦੇ ਹਨੇਰੇ ਹਾਲਾਤਾਂ ਵਿਚ ਵੀ ਮਾਂ-ਬੋਲੀ ਲਈ ਰੋਸ਼ਨੀ ਦਾ ਚਿਰਾਗ ਜਗਾਈ ਬੈਠਾ ਹੈ ਪਿਛਲੇ ਬਾਈ ਸਾਲਾਂ ਤੋਂ। ਸ਼ਾਇਦ ਉਹ ਸੁਹਣੇ ਭਵਿੱਖ ਦੀ ਕੋਈ ਚੰਗੀ ਦੱਸ ਪਾਏ।
ਬੇਬੇ: ਚੱਲ ਪੁੱਤਰ! ਉਥੇ ਲੈ ਚਲ, ਜਿਥੇ ਕੁਝ ਸਕੂਨ ਮਿਲ ਸਕੇ।
(ਬੇਬੇ, ਜਸਬੀਰ ਦਾ ਹੱਥ ਫੜ ਹੋਲੇ ਹੋਲੇ ਉਠੱਦੀ ਹੈ ਅਤੇ ਉਹ ਦੋਨੋਂ ਉਥੋਂ ਚਲੇ ਜਾਂਦੇ ਹਨ।)
ਕਾਂਡ ਦੂਜਾ
ਸਥਾਨ – ਲੇਖਕ ਡਾ।ਸੁਰਜੀਤ ਦੇ ਘਰ ਵਿਚ
(੍ਰਮਿ ਸੁਰਜੀਤ ਆਪਣੇ ਘਰ ਦੀ ਬੈਠਕ ਵਿਚ ਬੈਠਾ ਹੈ। ਉਸ ਦੇ ਚਾਰੇ ਪਾਸੇ ਕਿਤਾਬਾਂ ਪਈਆਂ ਨਜ਼ਰ ਆ ਰਹੀਆਂ ਨੇ। ਉਸ ਦੇ ਹੱਥ ਵਿਚ ਕਲਮ ਹੈ ਤੇ ਸਾਹਮਣੇ ਪਈ ਨੋਟਬੁੱਕ ਉੱਤੇ ਕੁਝ ਲਿਖ ਰਿਹਾ ਹੈ।)
ਸੁਰਜੀਤ: ਆਉ ! ਆਉ! ਕਿਵੇਂ ਆਉਣਾ ਹੋਇਆ?
ਜਸਬੀਰ: ਸਤਿ ਸ੍ਰੀ ਅਕਾਲ ! ੍ਰਮਿ ਸਾਹਿਬ ।ਮੇਰਾ ਨਾਮ ਜਸਬੀਰ ਹੈ ਅਤੇ ਇਹ ਬੇਬੇ ਹੈ ਸਾਰੇ ਪੰਜਾਬੀਆਂ ਦੀ ਮਾਂ ਬੋਲੀ-ਪੰਜਾਬੀ! ਅੱਜ ਮੈਨੂੰ ਘਰ ਵਾਪਸ ਆਉਂਦਿਆ ਰਾਹ ਵਿਚ ਬੇਬੇ ਮਿਲ ਗਈ। ਮੈਂ ਸੋਚਿਆ ਮੈਂ ਇਸ ਦੀ ਤੁਹਾਡੇ ਨਾਲ ਮੁਲਾਕਾਤ ਜ਼ਰੂਰ ਕਰਵਾਵਾਂ।
(ਚੱਲਦਾ)