Breaking News
Home / ਨਜ਼ਰੀਆ / ਫੁੱਟਬਾਲ ਦਾ ਸ਼ਹਿਨਸ਼ਾਹ ਸੀ ਬ੍ਰਾਜ਼ੀਲ ਦਾ ਪੇਲੇ

ਫੁੱਟਬਾਲ ਦਾ ਸ਼ਹਿਨਸ਼ਾਹ ਸੀ ਬ੍ਰਾਜ਼ੀਲ ਦਾ ਪੇਲੇ

ਪ੍ਰਿੰ. ਸਰਵਣ ਸਿੰਘ
ਜਦੋਂ ਵੀ ਫੁੱਟਬਾਲ ਦਾ ਵਿਸ਼ਵ ਕੱਪ ਹੁੰਦਾ ਸੀ ਮੈਨੂੰ ਪੇਲੇ ਯਾਦ ਆ ਜਾਂਦਾ ਸੀ। ਫੁੱਟਬਾਲ ਦਾ ਸ਼ਹਿਨਸ਼ਾਹ ਜੋ ਸੀ। ਜਦੋਂ ਉਸ ਨੇ ਹਜ਼ਾਰਵਾਂ ਗੋਲ ਕੀਤਾ ਸੀ ਤਾਂ ਲੱਗਾ ਸੀ ਜਿਵੇਂ ਉਸ ਨੇ ਚੰਦ ‘ਤੇ ਪੈਰ ਜਾ ਰੱਖਿਆ ਹੋਵੇ। ਜਿਸ ਦਿਨ 1250ਵਾਂ ਗੋਲ ਕੀਤਾ ਤਾਂ ਉਸ ਨੂੰ ਫੁੱਟਬਾਲ ਦੇ ਗੋਲਡਨ ਬੂਟ ਭੇਟ ਹੋਏ। ਬ੍ਰਾਜ਼ੀਲ ਵੱਲੋਂ ਵਧੀਆ ਖਿਡਾਰੀ ਲਈ ਪੇਲੇ ਅਵਾਰਡ ਰੱਖਿਆ ਗਿਆ। ਉਹ ਅਖ਼ੀਰ ਤਕ ਫੁੱਟਬਾਲ ਦੀ ਖੇਡ ਨਾਲ ਜੁੜਿਆ ਰਿਹਾ। ਪੇਲੇ ਖਿਡਾਰੀ ਹੀ ਨਹੀਂ ਬ੍ਰਾਜ਼ੀਲ ਦਾ ਖੇਡ ਮੰਤਰੀ ਵੀ ਰਿਹਾ। ਉਹ ਫੁੱਟਬਾਲ ਦੇ ਮੈਚਾਂ ਦੀ ਕੁਮੈਂਟਰੀ ਕਰਦਾ ਰਿਹਾ ਤੇ ਵਿਸ਼ੇਸ਼ਗ ਵਜੋਂ ਟਿੱਪਣੀਆਂ ਵੀ ਦਿੰਦਾ ਰਿਹਾ। ਕੁਝ ਦਿਨ ਪਹਿਲਾਂ ਕਤਰ ਦੇ ਵਿਸ਼ਵ ਕੱਪ ਵੇਲੇ ਮੈਂ ਪੇਲੇ ਨੂੰ ਸ਼ਿੱਦਤ ਨਾਲ ਯਾਦ ਕੀਤਾ ਸੀ ਤੇ ਉਹਦੇ ਬਾਰੇ ਲੇਖ ਵੀ ਲਿਖਿਆ ਸੀ। ਉਸ ਲੇਖ ਦੇ ਆਖ਼ਰੀ ਸ਼ਬਦ ਸਨ: 2022 ਦੇ ਵਿਸ਼ਵ ਕੱਪ ਸਮੇਂ ਬੇਸ਼ਕ ਉਹ ਹਸਪਤਾਲ ਵਿਚ ਹੈ ਪਰ ਫੁੱਟਬਾਲ ਦੇ ਬ੍ਰਾਜ਼ੀਲੀ ਖਿਡਾਰੀ ਨੇਮਾਰ ਨੂੰ ਫਿਰ ਵੀ ਇੰਸਟਾਗਰਾਮ ‘ਤੇ ਪੋਸਟ ਕੀਤੀ, ”ਮੈਂ ਤੈਨੂੰ ਹਰ ਪਲ ਵੱਡੇ ਹੁੰਦੇ ਵੇਖਿਆ। ਤੇਰਾ ਹਰ ਦਿਨ ਮਨਾਇਆ। ਮੈਂ ਤੈਨੂੰ ਬ੍ਰਾਜ਼ੀਲ ਲਈ ਸਭ ਤੋਂ ਵੱਧ ਗੋਲ ਕਰਨ ਦੇ ਮੇਰੇ ਰਿਕਾਰਡ ਦੀ ਬਰਾਬਰੀ ਕਰਨ ਲਈ ਵਧਾਈ ਦਿੰਦਾ ਹਾਂ!”
ਪੇਲੇ ਦੇ ਤਿੰਨ ਵਿਆਹ ਹੋਏ ਸਨ, ਦੋ ਤਲਾਕ, ਇੱਕ ਪਾਰਟਨਰਸ਼ਿਪ ਤੇ ਸੱਤ ਬੱਚੇ। ਹਿੱਪ ਦੇ ਉਪ੍ਰੇਸ਼ਨ ਪਿੱਛੋਂ ਉਹ ਵੀਲ੍ਹ ਚੇਅਰ ਦਾ ਸਵਾਰ ਸੀ। ਉਹਦੀ ਇਕੋ ਗੁਰਦੇ ਨਾਲ ਗੱਡੀ ਚੱਲਦੀ ਸੀ। ਕੈਂਸਰ ਨਾਲ ਸਾਹ ਦੀ ਤਕਲੀਫ਼ ਸੀ। ਉਹ 83ਵੇਂ ਸਾਲ ‘ਚ ਸੀ। ਮੈਂ ਦੁਆ ਕੀਤੀ ਸੀ, ਉਹ ਸਿਹਤਯਾਬ ਹੋਵੇ ਤੇ ਲੰਮਾ ਸਮਾਂ ਜੀਵੇ। ਪਰ ਹੋਣੀ ਵਰਤ ਗਈ।
ਕੁਝ ਸਾਲ ਪਹਿਲਾਂ ਮੈਂ ਉਹਦੀ ਜੀਵਨੀ ਪੜ੍ਹੀ ਸੀ। ਉਹਦੇ ਜੀਵਨ ‘ਤੇ ਫਿਲਮ ਵੀ ਬਣੀ। ਖੇਡ ਪੱਤਰਕਾਰਾਂ ਨੇ ਪੇਲੇ ਨੂੰ ਵੀਹਵੀਂ ਸਦੀ ਦਾ ਸਰਵੋਤਮ ਖਿਡਾਰੀ ਐਲਾਨਿਆ ਸੀ। ਉਸ ਨੇ ਪਹਿਲੇ ਦਰਜੇ ਦੀ ਫੁੱਟਬਾਲ ਦੇ 1363 ਮੈਚ ਖੇਡਣ ਤੇ 1283 ਗੋਲ ਕਰਨ ਦਾ ਰਿਕਾਰਡ ਰੱਖਿਆ ਸੀ। ਉਹ ਵੀਹ ਵਰ੍ਹੇ ਉਚ ਪੱਧਰੀ ਫੁੱਟਬਾਲ ਖੇਡਿਆ ਤੇ ਤਿੰਨ ਵਾਰ ਵਿਸ਼ਵ ਕੱਪ ਜਿੱਤਿਆ ਸੀ। 92 ਇੰਟਰਨੈਸ਼ਨਲ ਮੈਚਾਂ ‘ਚ ਉਸ ਨੇ 77 ਇੰਟਰਨੈਸ਼ਨਲ ਗੋਲ ਕੀਤੇ ਸਨ। ਉਸ ਨੇ ਆਪਣੀ ਖੇਡ ਨਾਲ ਕਰੋੜਾਂ ਡਾਲਰ ਕਮਾਏ ਤੇ ਕਰੋੜਾਂ ਦਰਸ਼ਕਾਂ ਦਾ ਦਿਲ ਪਰਚਾਇਆ। ਮੈਕਸੀਕੋ ਦੇ ਇਕ ਕਲੱਬ ਨੇ ਉਹਦੇ ਮੂਹਰੇ ਖਾਲੀ ਚੈੱਕ ਰੱਖ ਦਿੱਤਾ ਸੀ ਕਿ ਜਿੰਨੀ ਚਾਹੇ ਰਕਮ ਭਰ ਲਵੇ ਪਰ ਉਸ ਕਲੱਬ ਵੱਲੋਂ ਖੇਡਣਾ ਮੰਨ ਲਵੇ। ਉਹਦੀਆਂ ਖੁੱਥੜ ਬਾਲਾਂ, ਘਸੀਆਂ ਜ਼ੁਰਾਬਾਂ, ਟੁੱਟੇ ਬੂਟ ਤੇ ਖੇਡ ਪੁਸ਼ਾਕ ਦੀਆਂ ਲੀਰਾਂ ਲੋਕਾਂ ਨੇ ਅਨਮੋਲ ਨਿਸ਼ਾਨੀਆਂ ਵਜੋਂ ਸਾਂਭ ਰੱਖੀਆਂ ਹਨ।
ਪੇਲੇ ਨੇ ਦੁਨੀਆ ਦੇ ਸੌ ਮੁਲਕ ਗਾਹੇ ਸਨ। ਉਹ ਦੋ ਪੋਪਾਂ, ਪੰਜ ਸ਼ਹਿਨਸ਼ਾਹਾਂ, ਦਸ ਬਾਦਸ਼ਾਹਾਂ, ਸੱਤਰ ਮੁਲਕਾਂ ਦੇ ਪ੍ਰਧਾਨਾਂ ਤੇ ਚਾਲੀ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੂੰ ਮਿਲਿਆ ਸੀ। ਸ਼ਾਹ ਇਰਾਨ ਉਹਨੂੰ ਮਿਲਣ ਲਈ ਇਕ ਹਵਾਈ ਅੱਡੇ ‘ਤੇ ਉਹਨੂੰ ਤਿੰਨ ਘੰਟੇ ਉਡੀਕਦਾ ਰਿਹਾ ਸੀ। ਲਾਲ ਚੀਨ ਦੇ ਸਰਹੱਦੀ ਰਾਖੇ ਚੌਕੀਆਂ ਸੁੰਨੀਆਂ ਛੱਡ ਕੇ ਹਾਂਗਕਾਂਗ ਉਹਦੇ ਦਰਸ਼ਨ ਕਰਨ ਗਏ ਸਨ। ਨਾਈਜੀਰੀਆ ਵਿਚ ਉਹਦੀ ਖੇਡ ਵੇਖਣ ਖ਼ਾਤਰ ਲੜਾਈ ਦੋ ਦਿਨ ਬੰਦ ਰਹੀ। ਉਹ ਅਨੇਕਾਂ ਦੇਸ਼ਾਂ ਦਾ ਸਨਮਾਨਿਤ ਸਿਟੀਜ਼ਨ ਸੀ। ਉਹਦੇ ਆਟੋਗਰਾਫ ਲੈਣ ਲਈ ਸਭ ਥਾਈਂ ਭੀੜਾਂ ਜੁੜਦੀਆਂ ਰਹੀਆਂ। ਵੱਖ ਵੱਖ ਭਾਸ਼ਾਵਾਂ ਦੇ ਨੱਬੇ ਗੀਤਾਂ ਵਿਚ ਪੇਲੇ ਦਾ ਨਾਂ ਗਾਇਆ ਗਿਆ। ਆਪਣੇ ਸਮੇਂ ਦਾ ਉਹ ਸਭ ਤੋਂ ਵੱਧ ਪੈਸੇ ਕਮਾਉਣ ਵਾਲਾ ਖਿਡਾਰੀ ਸੀ। ਉਸ ਨੇ ਦੇਸ਼ ਵਿਦੇਸ਼ ਜਾਂਦਿਆਂ ਕਈ ਬੋਲੀਆਂ ਸਿੱਖੀਆਂ ਸਨ। ਉਸ ਦੀ ਮਾਤ ਭਾਸ਼ਾ ਪੁਰਤਗੇਜ਼ੀ ਸੀ ਪਰ ਉਹ ਸਪੈਨਿਸ਼ ਤੇ ਅੰਗਰੇਜ਼ੀ ਵੀ ਬੋਲ ਲੈਂਦਾ ਸੀ। ਉਸ ਨੂੰ ਫਰਾਂਸੀਸੀ ਤੇ ਇਤਾਲਵੀ ਭਾਸ਼ਾਵਾਂ ਵੀ ਡੰਗ ਸਾਰਨ ਜੋਗੀਆਂ ਆਉਂਦੀਆਂ ਹਨ।
ਉਹਦਾ ਜਨਮ ਬ੍ਰਾਜ਼ੀਲ ਦੇ ਇਕ ਗ਼ਰੀਬ ਫੁੱਟਬਾਲ ਖਿਡਾਰੀ ਦੇ ਘਰ 23 ਅਕਤੂਬਰ 1940 ਨੂੰ ਹੋਇਆ ਸੀ। ਪੇਲੇ ਦੇ ਪਿਤਾ ਨੇ ਉਹਦੀਆਂ ਲੱਤਾਂ ਟੋਹ ਕੇ ਪਤਨੀ ਨੂੰ ਕਿਹਾ ਸੀ, ”ਲੱਤਾਂ ਤਾਂ ਵਾਹਵਾ ਹਨ, ਇਹ ਫੁੱਟਬਾਲ ਦਾ ਤਕੜਾ ਖਿਡਾਰੀ ਬਣ ਸਕਦੈ।” ਪਤਨੀ ਨੇ ਕਿਹਾ ਸੀ, ”ਇਹਨੂੰ ਫੁੱਟਬਾਲ ਖਿਡਾਰੀ ਬਣਨ ਦਾ ਸਰਾਪ ਨਾ ਦੇਹ। ਫੁੱਟਬਾਲ ਖੇਡ ਕੇ ਤੂੰ ਕੀ ਲੱਲ੍ਹਰ ਲਾਇਐ?”
ਪੇਲੇ ਦਾ ਪੂਰਾ ਨਾਂ ਐਡਸਨ ਅਰੇਂਟਸ ਡੋ ਨਾਸੀਮੈਟੋ ਸੀ। ਪੇਲੇ ਉਸ ਨੂੰ ਨੌਂ ਸਾਲ ਦੀ ਉਮਰ ਵਿਚ ਕਿਹਾ ਜਾਣ ਲੱਗਾ ਜਦੋਂ ਉਹ ਪੈਰਾਂ ਨਾਲ ਹਰੇਕ ਚੀਜ਼ ਨੂੰ ਰੋੜ੍ਹਦਾ ਫਿਰਦਾ ਸੀ। ਪੁਤਰਗੇਜ਼ੀ ‘ਚ ਪੇਲੇ ਦਾ ਅਰਥ ਹੈ ਪੈਰ। ਨਿੱਕਾ ਹੁੰਦਾ ਉਹ ਲੀਰਾਂ ਦੀ ਖਿੱਦੋ ਤੇ ਟੁੱਟੇ ਡੱਬਿਆਂ ਨੂੰ ਕਿੱਕਾਂ ਮਾਰਦਾ ਰਹਿੰਦਾ। ਇਕ ਵਾਰ ਉਹਦੀ ਕਿੱਕ ਨਾਲ ਗਲੀ ਦਾ ਬਲਬ ਟੁੱਟ ਗਿਆ ਜਿਸ ਦੀ ਉਸ ਨੂੰ ਕਰੜੀ ਸਜ਼ਾ ਮਿਲੀ ਸੀ। ਉਦੋਂ ਕੌਣ ਜਾਣਦਾ ਸੀ, ਉਹ ਨਿੱਕਾ ਜਿਹਾ ਗ਼ਰੀਬ ਬੱਚਾ ਵੱਡਾ ਹੋ ਕੇ ਫੁੱਟਬਾਲ ਦਾ ਸ਼ਹਿਨਸ਼ਾਹ ਬਣੇਗਾ ਤੇ ਬਲਬਾਂ ਦੀਆਂ ਝੜੀਆਂ ਲਾ ਦੇਵੇਗਾ! ਜਦੋਂ ਉਹ ਸੋਲ੍ਹਵੇਂ ਸਾਲ ਵਿਚ ਹੋਇਆ ਤਾਂ ਸੈਂਟੋਸ ਕਲੱਬ ਨੇ ਉਹਨੂੰ ਆਪਣੀ ਟੀਮ ਦਾ ਮੈਂਬਰ ਬਣਾ ਲਿਆ ਸੀ। ਉਥੇ ਉਸ ਨੂੰ ਵਧੀਆ ਖੁਰਾਕ ਮਿਲਣ ਲੱਗੀ ਜਿਸ ਨਾਲ ਉਹ ਤਕੜਾ ਹੋਣ ਲੱਗ ਪਿਆ। ਮਾਂ ਉਹਨੂੰ ਫੁੱਟਬਾਲ ਖੇਡਣ ਤੋਂ ਵਰਜਦੀ ਸੀ। ਉਸ ਨੇ ਮਾਂ ਨਾਲ ਇਕਰਾਰ ਕੀਤਾ ਕਿ ਕਲੱਬ ਤੋਂ ਮਿਲਣ ਵਾਲੇ ਪੈਸਿਆਂ ਨਾਲ ਪਹਿਲਾਂ ਉਹ ਮਾਂ ਪਿਓ ਨੂੰ ਘਰ ਖਰੀਦ ਕੇ ਦੇਵੇਗਾ। ਮਾਂ ਨੂੰ ਫਿਰ ਵੀ ਯਕੀਨ ਨਹੀਂ ਸੀ ਕਿ ਪੁੱਤ ਫੁੱਟਬਾਲ ਦੇ ਸਿਰੋਂ ਰੱਜਵੀਂ ਰੋਟੀ ਕਿਵੇਂ ਖਾਵੇਗਾ?
ਸੈਟੋਂਸ ਕਲੱਬ ਵਿਚ ਵੀਹ ਮਹੀਨੇ ਖੇਡਣ ਪਿੱਛੋਂ ਉਹ ਫੁੱਟਬਾਲ ਦੇ ਵਿਸ਼ਵ ਕੱਪ ਲਈ ਬ੍ਰਾਜ਼ੀਲ ਦੀ ਟੀਮ ਵਿਚ ਚੁਣਿਆ ਗਿਆ ਸੀ। ਅਠਾਰਵੇਂ ਸਾਲ ਦੀ ਪਠੀਰ ਉਮਰ ਵਿਚ ਉਹ ਬ੍ਰਾਜ਼ੀਲ ਵੱਲੋਂ 1958 ਦਾ ਵਿਸ਼ਵ ਕੱਪ ਖੇਡਣ ਗਿਆ। ਦਰਸ਼ਕ ਉਹਦੀ ਖੇਡ ਦੇਖ ਕੇ ਦੰਗ ਰਹਿ ਗਏ। ਮੈਚ ਪਿੱਛੋਂ ਸਵੀਡਨ ਦੀਆਂ ਨੀਲੀਆਂ ਅੱਖਾਂ ਵਾਲੀਆਂ ਗੋਰੀਆਂ ਮੁਟਿਆਰਾਂ ਉਹਦੇ ਆਟੋਗਰਾਫ ਲੈਣ ਆਈਆਂ। ਪੇਲੇ ਦੇ ਕਾਲੇ ਸ਼ਾਹ ਰੰਗ ‘ਤੇ ਉਨ੍ਹਾਂ ਨੇ ਕੋਮਲ ਗੁਲਾਬੀ ਉਂਗਲਾਂ ਘਸਾ ਕੇ ਵੇਖੀਆਂ ਪਈ ਇਹ ਪਾਲਿਸ਼ ਤਾਂ ਨਹੀਂ? ਪੇਲੇ ਦੇ ਸਾਥੀਆਂ ਨੇ ਚਖਾਮਖੀ ਕਰਦਿਆਂ ਕਿਹਾ, ”ਇਹ ਰੰਗ ਅਸਲੀ ਆ। ਤੁਸੀਂ ਬੇਸ਼ੱਕ ਇਹਨੂੰ ਜੱਫੀ ‘ਚ ਲਓ, ਕੋਈ ਰੰਗ ਨਹੀਂ ਲੱਗੇਗਾ।”
ਸੈਂਟੋਸ ਵਿਚ ਉਹ ਕੁੜੀਆਂ ਦਾ ਬਾਸਕਟਬਾਲ ਮੈਚ ਵੇਖਣ ਗਿਆ। ਰਿਜ਼ਰਵ ਖਿਡਾਰਨ ਵਜੋਂ ਬੈਂਚ ‘ਤੇ ਬੈਠੀ ਇਕ ਕੁੜੀ ਨੇ ਉਹਦਾ ਧਿਆਨ ਖਿੱਚ ਲਿਆ। ਉਹ ਪੇਲੇ ਵੱਲ ਵੇਖ ਰਹੀ ਸੀ। ਪੇਲੇ ਨੇ ਸਮਝਿਆ ਉਹ ਸੋਹਣੀ ਕੁੜੀ ਉਹਦੇ ਪਿੱਛੇ ਬੈਠੇ ਕਿਸੇ ਸੋਹਣੇ ਮੁੰਡੇ ਵੱਲ ਵੇਖ ਰਹੀ ਹੋਵੇਗੀ। ਪਰ ਪੇਲੇ ਦੇ ਪਿੱਛੇ ਤਾਂ ਕੋਈ ਵੀ ਨਹੀਂ ਸੀ ਬੈਠਾ। ਮੈਚ ਪਿੱਛੋਂ ਉਹ ਕੁੜੀ ਪੇਲੇ ਕੋਲ ਆਈ। ਦੋਹਾਂ ਦੀਆਂ ਅੱਖਾਂ ਮੋਹ ਪਿਆਰ ਦੇ ਸੁਨੇਹੇ ਦੇਣ ਲੱਗੀਆਂ। ਕੁੜੀ ਦਾ ਨਾਂ ਰੋਜ਼ਮੇਰੀ ਸੀ, ਰੰਗ ਗੋਰਾ ਨਿਛੋਹ। ਜਦ ਪਿਆਰ ਹੁੰਦਾ ਹੈ ਤਾਂ ਰੰਗ, ਨਸਲ ਤੇ ਵੱਡਾ ਛੋਟਾ ਨਹੀਂ ਵੇਖਦਾ। ਪਹਿਲੀ ਤੱਕਣੀ ਤੋਂ ਹੀ ਉਹ ਇਕ ਦੂਜੇ ਦੇ ਹੋ ਗਏ ਤੇ ਬਾਅਦ ਵਿਚ ਉਨ੍ਹਾਂ ਦਾ ਵਿਆਹ ਵੀ ਹੋ ਗਿਆ। ਬ੍ਰਾਜ਼ੀਲ ਵਿਚ ਕਾਲੇ, ਕਣਕਵੰਨੇ ਤੇ ਗੋਰੇ ਸਭਨਾਂ ਰੰਗਾਂ ਦੇ ਲੋਕ ਵਸਦੇ ਹਨ।
1962 ਦੇ ਵਿਸ਼ਵ ਕੱਪ ਲਈ ਪੇਲੇ ਫਿਰ ਬ੍ਰਾਜ਼ੀਲ ਦੀ ਟੀਮ ਵਿਚ ਚੁਣਿਆ ਗਿਆ। ਬ੍ਰਾਜ਼ੀਲ ਦੂਜੀ ਵਾਰ ਫਿਰ ਵਿਸ਼ਵ ਕੱਪ ਜਿੱਤ ਗਿਆ ਜਿਸ ਵਿਚ ਪੇਲੇ ਦੇ ਗੋਲਾਂ ਦਾ ਵਿਸ਼ੇਸ਼ ਯੋਗਦਾਨ ਸੀ। 1965 ਵਿਚ ਉਸ ਨੇ ਰੋਜ਼ਮਰੀ ਨਾਲ ਵਿਆਹ ਕਰਾ ਲਿਆ ਤੇ ਹਨੀਮੂਨ ਮਨਾਉਂਦਿਆਂ ਯੂਰਪ ਦਾ ਸੈਰ ਸਪਾਟਾ ਕੀਤਾ। 1966 ਦਾ ਵਿਸ਼ਵ ਕੱਪ ਖੇਡਣ ਲਈ ਉਹ ਤੀਜੀ ਵਾਰ ਬ੍ਰਾਜ਼ੀਲ ਦੀ ਟੀਮ ਦਾ ਮੈਂਬਰ ਬਣਿਆ। ਜ਼ਖਮੀ ਹੋਣ ਕਾਰਨ ਇਕ ਮੈਚ ਉਸ ਨੂੰ ਖਿਡਾਇਆ ਨਾ ਗਿਆ ਤੇ ਉਹੀ ਮੈਚ ਬ੍ਰਾਜ਼ੀਲ ਦੀ ਟੀਮ ਹਾਰ ਗਈ। ਪੇਲੇ ਨੂੰ ਇਸ ਹਾਰ ਦਾ ਬੜਾ ਦੁੱਖ ਹੋਇਆ। ਪਰ ਉਹਨੇ ਹਿੰਮਤ ਨਾ ਹਾਰੀ ਤੇ ਇਸ ਹਾਰ ਦਾ ਬਦਲਾ 1970 ਦਾ ਵਿਸ਼ਵ ਕੱਪ ਤੀਜੀ ਵਾਰ ਜਿੱਤ ਕੇ ਲਿਆ। ਫਾਈਨਲ ਮੈਚ ਬ੍ਰਾਜ਼ੀਲ ਤੇ ਇਟਲੀ ਵਿਚਕਾਰ ਸੀ। ਦੋਵੇਂ ਦੇਸ਼ ਦੋ ਦੋ ਵਾਰ ਵਿਸ਼ਵ ਕੱਪ ਜਿੱਤ ਚੁੱਕੇ ਸਨ। ਜਿਹੜਾ ਦੇਸ਼ ਤੀਜੀ ਵਾਰ ਜਿੱਤ ਜਾਂਦਾ ਜੂਲਸ ਰੀਮੇ ਟਰਾਫੀ ਪੱਕੇ ਤੌਰ ‘ਤੇ ਉਹਦੀ ਹੋ ਜਾਣੀ ਸੀ।
ਮੈਕਸੀਕੋ ਸਟੇਡੀਅਮ ਵਿਚ ਹੋ ਰਿਹਾ ਉਹ ਫਾਈਨਲ ਮੈਚ ਇਕ ਲੱਖ ਦਸ ਹਜ਼ਾਰ ਦਰਸ਼ਕ ਵੇਖ ਰਹੇ ਸਨ। ਬ੍ਰਾਜ਼ੀਲ ਨੇ ਇਟਲੀ ਨੂੰ ਬੁਰੀ ਤਰ੍ਹਾਂ ਹਰਾ ਕੇ ਫੀਫਾ ਟਰਾਫੀ ਹਮੇਸ਼ਾ ਲਈ ਆਪਣੇ ਕਬਜ਼ੇ ‘ਚ ਕਰ ਲਈ। ਚੌਦਾਂ ਸਾਲ ਬ੍ਰਾਜ਼ੀਲ ਦੀ ਵਰਦੀ ਪਾਉਣ ਪਿੱਛੋਂ ਫਿਰ ਉਸ ਨੇ ਬ੍ਰਾਜ਼ੀਲ ਲਈ ਅਖ਼ੀਰਲਾ ਮੈਚ ਖੇਡਣ ਦਾ ਐਲਾਨ ਕਰ ਦਿੱਤਾ। ਉਹ ਮੈਚ 18 ਜੁਲਾਈ 1971 ਨੂੰ ਯੂਗੋਸਲਾਵੀਆ ਵਿਰੁੱਧ ਖੇਡਿਆ ਗਿਆ। ਇਕ ਲੱਖ ਅੱਸੀ ਹਜ਼ਾਰ ਦਰਸ਼ਕ ਫੀਕਾ ਫੀਕਾ ਦਾ ਰਾਗ ਅਲਾਪ ਰਹੇ ਸਨ ਜਿਸ ਦਾ ਅਰਥ ਸੀ, ਪੇਲੇ ਰੁਕ ਜਾ। ਉਹ ਮੈਚ ਦੋ ਦੋ ਗੋਲਾਂ ਦੀ ਬਰਾਬਰੀ ‘ਤੇ ਮੁੱਕਾ। ਪੇਲੇ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਹੱਥ ਉਪਰ ਚੁੱਕ ਕੇ ਸਟੇਡੀਅਮ ਦਾ ਚੱਕਰ ਲਾਇਆ। ਉਹ ਬਾਹਾਂ ਲਹਿਰਾਅ ਕੇ ਦਰਸ਼ਕਾਂ ਦਾ ਧੰਨਵਾਦ ਕਰ ਰਿਹਾ ਸੀ ਜਿਨ੍ਹਾਂ ਨੇ ਵਰ੍ਹਿਆਂ-ਬੱਧੀ ਉਸ ਨੂੰ ਹੱਲਾਸ਼ੇਰੀ ਦਿੱਤੀ ਸੀ। ਦਰਸ਼ਕ ਖੜ੍ਹੇ ਹੋ ਕੇ ਉਹਦੇ ਮਾਣ ਵਿਚ ਤਾੜੀਆਂ ਮਾਰ ਰਹੇ ਸਨ। ਤਾੜੀਆਂ ਦੇ ਸ਼ੋਰ ਵਿਚ ਪੇਲੇ ਦੇ ਹੰਝੂ ਹੋਰ ਵਹਿ ਤੁਰੇ। ਉਸ ਨੇ ਬ੍ਰਾਜ਼ੀਲ ਦੀ ਪੀਲੇ ਹਰੇ ਰੰਗ ਦੀ ਜਰਸੀ ਲਾਹੀ ਜੋ ਮੁੜ ਕੇ ਕਦੇ ਨਹੀਂ ਸੀ ਪਾਉਣੀ। ਉਸ ਜਰਸੀ ਨਾਲ ਉਸ ਨੇ ਵਗਦੇ ਹੰਝੂ ਪੂੰਝੇ ਜੋ ਖੁਸ਼ਕ ਹੋਣ ਦੀ ਥਾਂ ਹੋਰ ਧਾਰੋ ਧਾਰ ਹੋ ਗਏ। ਜਿਸ ਮੈਦਾਨ ਨੂੰ ਉਸ ਨੇ ਮੁੜ੍ਹਕੇ ਨਾਲ ਸਿੰਜਿਆ ਸੀ ਉਸ ਨੂੰ ਹੰਝੂਆਂ ਨਾਲ ਸਿੰਜਦਾ ਸਟੇਡੀਅਮ ਤੋਂ ਬਾਹਰ ਚਲਾ ਗਿਆ।
ਉੱਦਣ ਸਟੇਡੀਅਮ ਤੋਂ ਬਾਹਰ ਜਾਂਦਿਆਂ ਪੇਲੇ ਦੇ ਹੰਝੂ ਵਗੇ ਸਨ, ਹੁਣ ਉਹਦੀ ਮ੍ਰਿਤੂ ਉਤੇ ਲੱਖਾਂ ਕਰੋੜਾਂ ਫੁੱਟਬਾਲ ਪ੍ਰੇਮੀਆਂ ਦੇ ਹੰਝੂ ਵਗ ਰਹੇ ਹਨ।
[email protected]

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …