ਵਿਸ਼ਵ ਕੱਪ ‘ਚ ਭਾਰਤ ਨੇ ਕਾਇਮ ਰੱਖਿਆ ਆਪਣਾ ਰਿਕਾਰਡ, ਅਹਿਮ ਮੁਕਾਬਲੇ ‘ਚ ਪਾਕਿਸਤਾਨ ਨੂੰ ਹਰਾਇਆ
ਅਹਿਮਦਾਬਾਦ: ਵਿਸ਼ਵ ਕੱਪ 2023 ਦੇ ਅਹਿਮ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ । ਟਾਸ ਜਿੱਤਣ ਤੋਂ ਬਾਅਦ ਭਾਰਤ ਨੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਪਾਕਿਸਤਾਨ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੂਰੀ ਟੀਮ 42.5 ਓਵਰਾਂ ਵਿੱਚ 191 ਦੌੜਾਂ ਬਣਾ ਕੇ ਢੇਰ ਰੋ ਗਈ।
ਭਾਰਤ ਵੱਲੋਂ ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਪਾਰੀ ਦੀ ਸ਼ੁਰੂਆਤ ਕੀਤੀ। ਹਾਲਾਂਕਿ ਸ਼ੁਭਮਨ ਗਿੱਲ ਕੁੱਝ ਖਾਸ ਨਹੀਂ ਕਰ ਸਕੇ ਅਤੇ 11 ਗੇਂਦਾਂ ਖੇਡ ਕੇ 16 ਦੌੜਾਂ ਬਣਾ ਕੇ ਆਉਟ ਹੋ ਗਏ। ਪਰ ਦੂਜੇ ਪਾਸੇ ਕਪਤਾਨ ਰੋਹਿਤ ਸ਼ਰਮਾ ਡਟੇ ਰਹੇ । ਸ਼ੁਭਮਨ ਗਿੱਲ ਦੇ ਆਉਟ ਹੋਣ ਤੋਂ ਬਾਅਦ ਵਿਰਾਟ ਕੋਹਲੀ ਮੈਦਾਨ ਵਿੱਚ ਉੱਤਰੇ ਅਤੇ ਉਹ ਵੀ ਕੁੱਝ ਖਾਸ ਨਹੀਂ ਕਰ ਸਕੇ। ਵਿਰਾਟ ਕੋਹਲੀ 18 ਗੇਂਦਾਂ ਖੇਡ ਕੇ 16 ਦੌੜਾਂ ਬਣਾਉਣ ਤੋਂ ਬਾਅਦ ਆਉਟ ਹੋ ਗਏ। ਵਿਰਾਟ ਕੋਹਲੀ ਦੇ ਆਉਟ ਹੋਣ ਤੋਂ ਬਾਅਦ ਸ਼੍ਰਯੇਸ਼ ਅਈਅਰ ਬੱਲੇਬਾਜ਼ੀ ਕਰਨ ਦੇ ਲਈ ਮੈਦਾਨ ਵਿੱਚ ਉੱਤਰੇ। ਅਈਅਰ ਨੇ ਰੋਹਿਤ ਸ਼ਰਮਾ ਦਾ ਬਾਖੂਬੀ ਸਾਥ ਦਿੱਤਾ ।
ਰੋਹਿਤ ਸ਼ਰਮਾ ਨੇ 86 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਰੋਹਿਤ ਸ਼ਰਮਾ ਨੂੰ ਸ਼ਾਹੀਨ ਅਫਰੀਦੀ ਨੇ ਆਊਟ ਕੀਤਾ। ਸ਼ਾਹੀਨ ਅਫਰੀਦੀ ਦੀ ਗੇਂਦ ‘ਤੇ ਇਫ਼ਤਿਖ਼ਾਰ ਅਹਮਦ ਨੇ ਰੋਹਿਤ ਸ਼ਰਮਾ ਦਾ ਕੈਚ ਲਿਆ। ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਕੇ ਐਲ ਰਾਹੁਲ ਮੈਦਾਨ ‘ਚ ਉੱਤਰੇ ਅਤੇ ਉਹਨਾਂ ਨੇ 19 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਹਾਸਲ ਕਰਵਾਈ। ਜਦਕਿ ਅਈਅਰ ਨੇ ਵੀ ਸ਼ਾਨਦਾਰ 53 ਦੌੜਾਂ ਬਣਾਈਆਂ ਅਤੇ ਉਹ ਨਾਬਾਦ ਰਹੇ।