ਸਿੱਖਿਆ ਮੰਤਰੀ ਆਤਿਸ਼ੀ ਨੇ ਕੀਤਾ ਐਲਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਕੋਚਿੰਗ ਸੈਂਟਰਾਂ ਨੂੰ ਕੰਟਰੋਲ ਕਰਨ ਲਈ ਨਵਾਂ ਕਾਨੂੰਨ ਲਿਆ ਰਹੀ ਹੈ। ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਦਿੱਲੀ ਸਰਕਾਰ ਸ਼ਹਿਰ ਵਿਚ ਕੋਚਿੰਗ ਸੈਂਟਰਾਂ ਨੂੰ ਕੰਟਰੋਲ ਕਰਨ ਲਈ ਨਵਾਂ ਕਾਨੂੰਨ ਲਿਆਵੇਗੀ। ਆਤਿਸ਼ੀ ਨੇ ਕਿਹਾ ਕਿ ਸਰਕਾਰ ਕਾਨੂੰਨ ਬਣਾਉਣ ਲਈ ਸਰਕਾਰੀ ਅਧਿਕਾਰੀਆਂ ਅਤੇ ਵੱਖ-ਵੱਖ ਕੋਚਿੰਗ ਹੱਬਾਂ ਦੇ ਵਿਦਿਆਰਥੀਆਂ ਦੀ ਇਕ ਕਮੇਟੀ ਬਣਾਏਗੀ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਵਿੱਚ ਬੁਨਿਆਦੀ ਢਾਂਚੇ, ਅਧਿਆਪਕਾਂ ਦੀ ਯੋਗਤਾ, ਫੀਸ ਨਿਯਮ ਅਤੇ ਗੁੰਮਰਾਹਕੁਨ ਇਸ਼ਤਿਹਾਰਾਂ ’ਤੇ ਰੋਕ ਲਗਾਉਣ ਦੀ ਗੱਲ ਵੀ ਹੋਵੇਗੀ। ਧਿਆਨ ਰਹੇ ਕਿ ਪਿਛਲੇ ਦਿਨੀਂ ਦਿੱਲੀ ਦੇ ਓਲਡ ਰਾਜਿੰਦਰ ਨਗਰ ’ਚ ਇਕ ਕੋਚਿੰਗ ਸੈਂਟਰ ਦੀ ਬੇਸਮੈਂਟ ਵਿਚ ਮੀਂਹ ਦਾ ਪਾਣੀ ਭਰ ਗਿਆ ਸੀ ਅਤੇ ਇਸ ਪਾਣੀ ਵਿਚ 3 ਵਿਦਿਆਰਥੀ ਫਸ ਗਏ ਸਨ, ਜਿਨ੍ਹਾਂ ਦੀ ਮੌਤ ਹੋ ਗਈ ਸੀ। ਆਤਿਸ਼ੀ ਨੇ ਕਿਹਾ ਕਿ ਜਿਹੜੇ ਕੋਚਿੰਗ ਸੈਂਟਰਾਂ ਦੇ ਮਾਲਕਾਂ ਨੇ ਬੇਸਮੈਂਟਾਂ ਦੀ ਵਰਤੋਂ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ, ਉਨ੍ਹਾਂ ਖਿਲਾਫ ਦਿੱਲੀ ਨਗਰ ਨਿਗਮ ਨੇ ਕਾਰਵਾਈ ਵੀ ਕੀਤੀ ਹੈ।