Breaking News
Home / ਦੁਨੀਆ / ਭਾਰਤ ਅਤੇ ਪਾਕਿਸਤਾਨ ਦੇ ਸੀਨੀਅਰ ਫੌਜੀ ਅਧਿਕਾਰੀਆਂ ਵਿਚਾਲੇ ਹੋਈ ਗੱਲਬਾਤ

ਭਾਰਤ ਅਤੇ ਪਾਕਿਸਤਾਨ ਦੇ ਸੀਨੀਅਰ ਫੌਜੀ ਅਧਿਕਾਰੀਆਂ ਵਿਚਾਲੇ ਹੋਈ ਗੱਲਬਾਤ

ਕਸ਼ਮੀਰ ਨਾਲ ਲੱਗਦੀ ਸਰਹੱਦ ‘ਤੇ ਗੋਲੀਬਾਰੀ ਰੋਕਣ ਲਈ ਬਣੀ ਸਹਿਮਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਨੇ ਵੀਰਵਾਰ ਨੂੰ ਕਿਹਾ ਕਿ ਉਹ ਕਸ਼ਮੀਰ ਵਿੱਚ ਕੌਮਾਂਤਰੀ ਸਰਹੱਦ ‘ਤੇ ਗੋਲੀਬਾਰੀ ਰੋਕਣ ਲਈ ਸਹਿਮਤ ਹਨ, ਜਿਥੇ ਪਿਛਲੇ ਕੁਝ ਮਹੀਨਿਆਂ ਤੋਂ ਗੋਲੀਬਾਰੀ ਜਾਰੀ ਹੈ। ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਪੱਧਰ ਦੇ ਫੌਜੀ ਅਧਿਕਾਰੀਆਂ ਨੇ ਟੈਲੀਫੋਨ ਰਾਹੀਂ ਗੱਲਬਾਤ ਕੀਤੀ ਅਤੇ ਇੱਕ ਦੂਜੇ ਦੀਆਂ ਚਿੰਤਾਵਾਂ ‘ਤੇ ਵਿਚਾਰ ਕਰਨ ਲਈ ਸਹਿਮਤ ਹੋਏ। ਜਾਣਕਾਰੀ ਅਨੁਸਾਰ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਪਰਮਜੀਤ ਸਿੰਘ ਅਤੇ ਪਾਕਿ ਦੇ ਸੀਨੀਅਰ ਫੌਜੀ ਅਫਸਰਾਂ ਵਿਚਾਲੇ ਗੱਲਬਾਤ ਹੋਈ ਹੈ। ਇਸ ਗੱਲਬਾਤ ਦੌਰਾਨ ਗੋਲੀਬੰਦੀ ਦੀ ਉਲੰਘਣਾ ਅਤੇ ਕਸ਼ਮੀਰ ਸਬੰਧੀ ਮਾਮਲਿਆਂ ‘ਤੇ ਵੀ ਚਰਚਾ ਹੋਈ ਹੈ।
ਇਸੇ ਦੌਰਾਨ ਭਾਰਤੀ ਫੌਜ ਦਾ ਕਹਿਣਾ ਹੈ ਕਿ ਦੋਵੇਂ ਦੇਸ਼ਾਂ ਦੀ ਹੌਟਲਾਈਨ ‘ਤੇ ਗੱਲਬਾਤ ਵਿਚਕਾਰ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਦੇ ਖਿਲਾਫ਼ ਚਲਾਇਆ ਜਾ ਰਿਹਾ ਅਭਿਆਨ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ। ਇਸ ਵਿਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਕੀਤੀ ਜਾਵੇਗੀ। ਐਲਏਸੀ ਤੋਂ ਘੁਸਪੈਠ ਰੋਕਣ ਲਈ ਓਪਰੇਸ਼ਨ ਜਾਰੀ ਰਹੇਗਾ। ਧਿਆਨ ਰਹੇ ਕਿ ਗੋਲੀਬੰਦੀ ਦੀ ਉਲੰਘਣਾ ਦੇ ਮਾਮਲੇ ਵਿਚ ਪਾਕਿਸਤਾਨ ਨੇ ਪਿਛਲੇ ਸਾਲ 2020 ‘ਚ 17 ਸਾਲ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਇਸੇ ਸਾਲ ਪਾਕਿਸਤਾਨ ਵੱਲੋਂ 4100 ਤੋਂ ਜ਼ਿਆਦਾਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ। ਨਵੰਬਰ ‘ਚ 128 ਵਾਰ ਅਤੇ ਅਕਤੂਬਰ ਵਿਚ 394 ਵਾਰ ਪਾਕਿ ਵੱਲੋਂ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ। ਇਸ ਗੋਲੀਬੰਦੀ ਦੀ ਉਲੰਘਣਾ ਦੌਰਾਨ ਜੰਮੂ-ਕਸ਼ਮੀਰ ਦੇ 21 ਵਿਅਕਤੀਆਂ ਦੀ ਮੌਤ ਹੋਈ ਜਦਕਿ 70 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਵੀ ਹੋਏ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ 2019 ਵਿਚ 3233 ਵਾਰ ਪਾਕਿ ਵੱਲੋਂ ਵਾਅਦਾ ਤੋੜਿਆ ਗਿਆ ਸੀ।
ਧਿਆਨ ਰਹੇ ਕਿ ਪਿਛਲੇ ਦਿਨੀਂ ਸ੍ਰੀਲੰਕਾ ਦੌਰੇ ‘ਤੇ ਗਏ ਪਾਕਿਸਤਾਨ ਦੇ ਪ੍ਰਧਾਨ ਇਮਰਾਨ ਖਾਨ ਨੇ ਭਾਰਤ ਨਾਲ ਰਿਸ਼ਤਿਆਂ ਨੂੰ ਲੈ ਕੇ ਨਵਾਂ ਖੁਲਾਸਾ ਕੀਤਾ ਸੀ। ਇਮਰਾਨ ਨੇ ਕਿਹਾ ਕਿ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ ਨਰਿੰਦਰ ਮੋਦੀ ਨਾਲ ਸੰਪਰਕ ਕੀਤਾ ਪਰ ਕੋਈ ਹੁੰਗਾਰਾ ਨਹੀਂ ਮਿਲਿਆ। ਇਮਰਾਨ ਨੇ ਉਮੀਦ ਕੀਤੀ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਕਾਮਯਾਬੀ ਜ਼ਰੂਰ ਮਿਲੇਗੀ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …