Breaking News
Home / ਭਾਰਤ / ਵਿਰੋਧੀ ਧਿਰ ਦਾ ਹਰ ਬੋਲ ਸਰਕਾਰ ਲਈ ‘ਕੀਮਤੀ’ : ਪ੍ਰਧਾਨ ਮੰਤਰੀ

ਵਿਰੋਧੀ ਧਿਰ ਦਾ ਹਰ ਬੋਲ ਸਰਕਾਰ ਲਈ ‘ਕੀਮਤੀ’ : ਪ੍ਰਧਾਨ ਮੰਤਰੀ

ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਸਮੇਤ 23 ਰਾਜਾਂ ਤੇ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ਦੇ ਸੰਸਦ ਮੈਂਬਰਾਂ ਨੇ ਚੁੱਕੀ ਸਹੁੰ

ਨਵੀਂ ਦਿੱਲੀ/ਬਿਊਰੋ ਨਿਊਜ਼

ਮੌਨਸੂਨ ਇਜਲਾਸ ਦੇ ਪਹਿਲੇ ਦਿਨ ਸੋਮਵਾਰ ਨੂੰ ਵਿਰੋਧੀ ਪਾਰਟੀਆਂ ਤਕ ਰਸਾਈ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਹਾਲੀਆ ਲੋਕ ਸਭਾ ਚੋਣਾਂ ਵਿੱਚ ਮਿਲੇ ਨੰਬਰਾਂ (ਸੀਟਾਂ) ਦੀ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਉਨ੍ਹਾਂ ਦਾ ਕਿਹਾ ਹਰੇਕ ਬੋਲ ਸਰਕਾਰ ਲਈ ‘ਕੀਮਤੀ’ ਹੈ। ਉਨ੍ਹਾਂ ਸਾਰੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸਦਨ ਵਿੱਚ ਧੜੇਬੰਦੀ ਤੋਂ ਉਪਰ ਉੱਠ ਕੇ ਵਿਚਰਨ ਤੇ ਰਾਸ਼ਟਰ ਦੇ ਵਡੇਰੇ ਹਿੱਤਾਂ ਨਾਲ ਜੁੜੇ ਮੁੱਦਿਆਂ ਨੂੰ ਮੁਖਾਤਿਬ ਹੋਣ। ਇਸ ਦੌਰਾਨ 17ਵੀਂ ਲੋਕ ਸਭਾ ਦਾ ਪਲੇਠਾ ਇਜਲਾਸ ਜੋਸ਼ ਨਾਲ ਭਰੇ ਭਾਜਪਾ ਸੰਸਦ ਮੈਂਬਰਾਂ ਵੱਲੋਂ ‘ਜੈ ਸ੍ਰੀ ਰਾਮ ਤੇ ਭਾਰਤ ਮਾਤਾ ਕੀ ਜੈ’ ਦੇ ਨਾਅਰਿਆਂ ਨਾਲ ਸ਼ੁਰੂ ਹੋ ਗਿਆ। ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਹੋਰਨਾਂ ਨੇ ਸੰਸਦ ਮੈਂਬਰਾਂ ਵਜੋਂ ਹਲਫ਼ ਲਿਆ। ਪੁਰਸ਼ਾਂ ਵਿਚੋਂ ਪ੍ਰਧਾਨ ਮੰਤਰੀ ਮੋਦੀ ਜਦੋਂਕਿ ਮਹਿਲਾਵਾਂ ਵਿਚੋਂ ਹਰਸਿਮਰਤ ਕੌਰ ਬਾਦਲ ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ। ਹਲਫ਼ ਲੈਣ ਵਾਲੇ ਹੋਰਨਾਂ ਉੱਘੇ ਮੈਂਬਰਾਂ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ, ਆਵਾਜਾਈ ਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਸ਼ਾਮਲ ਸਨ। ਇਥੇ ਲੋਕ ਸਭਾ ਦੇ ਪਲੇਠੇ ਇਜਲਾਸ ਦੀ ਸ਼ੁਰੂਆਤ ਤੋਂ ਪਹਿਲਾਂ ਸੰਸਦ ਦੇ ਬਾਹਰ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਮੋਦੀ ਨੇ ਕਿਹਾ, ‘ਜਦੋਂ ਅਸੀਂ ਸੰਸਦ ਵਿੱਚ ਆਈਏ, ਸਾਨੂੰ ਸੱਤਾਧਾਰੀ ਤੇ ਵਿਰੋਧੀ ਧਿਰ ਬਾਰੇ ਭੁੱਲ ਜਾਣਾ ਚਾਹੀਦਾ ਹੈ। ਸਾਨੂੰ ਨਿਰਪੱਖ ਰਹਿ ਕੇ ਮੁੱਦਿਆਂ ਬਾਰੇ ਸੋਚਣਾ ਚਾਹੀਦਾ ਹੈ ਤੇ ਰਾਸ਼ਟਰ ਦੇ ਵਡੇਰੇ ਹਿੱਤਾਂ ਲਈ ਕੰਮ ਕਰਨਾ ਚਾਹੀਦਾ ਹੈ।’ ਸੰਸਦੀ ਲੋਕਤੰਤਰ ਵਿੱਚ ਸਰਗਰਮ ਵਿਰੋਧੀ ਧਿਰ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਮੋਦੀ ਨੇ ਕਿਹਾ, ‘ਮੈਨੂੰ ਆਸ ਹੈ ਕਿ ਵਿਰੋਧੀ ਧਿਰ ‘ਸਦਨ ਵਿੱਚ ਸਰਗਰਮ ਹੋ ਕੇ ਬੋਲੇਗੀ ਤੇ ਸਦਨ ਦੀ ਕਾਰਵਾਈ ਵਿੱਚ ਸ਼ਮੂਲੀਅਤ ਕਰੇਗੀ੩ ਮੈਨੂੰ ਪੂਰੀ ਉਮੀਦ ਹੈ ਕਿ ਇਹ ਇਜਲਾਸ ਫਲਦਾਇਕ ਰਹੇਗਾ।’ ਉਨ੍ਹਾਂ ਕਿਹਾ, ‘ਵਿਰੋਧੀ ਪਾਰਟੀਆਂ ਨੂੰ ਨੰਬਰਾਂ ਦੀ ਫ਼ਿਕਰ ਕਰਨ ਦੀ ਲੋੜ ਨਹੀਂ। ਉਨ੍ਹਾਂ ਦਾ ਹਰੇਕ ਬੋਲ, ਹਰੇਕ ਭਾਵਨਾ ਸਾਡੇ ਲਈ ਕੀਮਤੀ ਹੈ।’ ਪ੍ਰੋ-ਟੈੱਮ ਸਪੀਕਰ ਡਾ. ਵੀਰੇਂਦਰ ਕੁਮਾਰ ਨੇ ਲੋਕ ਸਭਾ ਲਈ ਚੁਣੇ ਗਏ ਕੇਂਦਰੀ ਮੰਤਰੀਆਂ ਤੋਂ ਇਲਾਵਾ 23 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਚੁਣੇ ਹੋਏ ਸੰਸਦ ਮੈਂਬਰਾਂ ਨੂੰ ਹਲਫ਼ ਦਿਵਾਇਆ।

Check Also

ਸੁਪਰੀਮ ਕੋਰਟ ਨੇ ਕਰੋਨਾ ਵੈਕਸੀਨ ਦੇ ਸਾਈਡ ਇਫੈਕਟਾਂ ਦੇ ਆਰੋਪਾਂ ਵਾਲੀ ਪਟੀਸ਼ਨ ਕੀਤੀ ਖਾਰਜ

ਕਿਹਾ : ਜੇਕਰ ਕਰੋਨਾ ਵੈਕਸੀਨ ਨਾ ਲੈਂਦੇ ਤਾਂ ਸਾਡਾ ਕੀ ਹਾਲ ਹੁੰਦਾ ਨਵੀਂ ਦਿੱਲੀ/ਬਿਊਰੋ ਨਿਊਜ਼ …