ਮੁਹਾਲੀ/ਬਿਊਰੋ ਨਿਊਜ਼
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਸਮੇਤ ਦੇਸ਼ ਭਰ ਦੀਆਂ 32 ਤੋਂ ਵੱਧ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਐਤਵਾਰ ਨੂੰ ਸਾਂਝੇ ਤੌਰ ’ਤੇ ਚੰਡੀਗੜ੍ਹ ਦੇ ਜਗਤਪੁਰਾ ਟੀ-ਪੁਆਇੰਟ ਉੱਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼ਨਿੱਚਰਵਾਰ ਸ਼ਾਮ ਨੂੰ ਹੀ ਕਿਸਾਨ ਕਾਫ਼ਲਿਆਂ ਦੇ ਰੂਪ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸਨ। ਮੁਹਾਲੀ ਨੇੜਲੇ ਪਿੰਡ ਜਗਤਪੁਰਾ ਅਤੇ ਸੈਕਟਰ-48 ਨੂੰ ਵੰਡਦੀ ਮੁੱਖ ਸੜਕ ਉੱਤੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਸਟੇਜ ਲਗਾਈ ਗਈ। ਇਹ ਸੜਕ ਮੁਹਾਲੀ ਤੋਂ ਟਿ੍ਰਬਿਊਨ ਚੌਕ ਨੂੰ ਜਾਂਦੀ ਹੈ। ਸਟੇਜ ਨੇੜੇ ਪੰਜਾਬ ਪੁਲਿਸ ਅਤੇ ਯੂਟੀ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ ਅਤੇ ਖ਼ੁਫ਼ੀਆ ਵਿੰਗ ਵੱਲੋਂ ਕਿਸਾਨ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਸੂਤਰ ਦੱਸਦੇ ਹਨ ਕਿ ਮੌਕਾ ਦੇਖ ਕੇ ਕਿਸਾਨ ਪੁਲਿਸ ਰੋਕਾਂ ਤੋੜ ਕੇ ਅੱਗੇ ਵੀ ਵਧ ਸਕਦੇ ਹਨ। ਇਹ ਕਿਸਾਨ ਅੰਦੋਲਨ ਜ਼ਿਆਦਾ ਦਿਨ ਜਾਰੀ ਰਹਿਣ ਦੇ ਵੀ ਆਸਾਰ ਹਨ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਬੈਨਰ ਹੇਠ ਕਿਸਾਨ, ਸਿੰਘ ਸ਼ਹੀਦਾਂ ਨੇੜਿਓਂ ਵੱਡੇ ਕਾਫਲੇ ਰਾਹੀਂ ਪਹੁੰਚੇ ਜਦੋਂਕਿ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਮੈਂਬਰ ਕਿਸਾਨ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਨੇੜੇ ਇਕੱਠੇ ਹੋਏ ਜਿੱਥੋਂ ਉਹ ਵੱਡੇ ਕਾਫਲੇ ਦੇ ਰੂਪ ਵਿੱਚ ਧਰਨਾ ਪ੍ਰਦਰਸ਼ਨ ਵਾਲੀ ਥਾਂ ਪਹੁੰਚੇ ਹਨ।