2.6 C
Toronto
Friday, November 7, 2025
spot_img
Homeਹਫ਼ਤਾਵਾਰੀ ਫੇਰੀਮੱਧ ਪ੍ਰਦੇਸ਼ 'ਚ ਸਿੱਖਾਂ ਨੂੰ ਜਬਰੀ ਉਜਾੜਨ ਦਾ ਮਾਮਲਾ ਆਇਆ ਸਾਹਮਣੇ

ਮੱਧ ਪ੍ਰਦੇਸ਼ ‘ਚ ਸਿੱਖਾਂ ਨੂੰ ਜਬਰੀ ਉਜਾੜਨ ਦਾ ਮਾਮਲਾ ਆਇਆ ਸਾਹਮਣੇ

ਸ਼੍ਰੋਮਣੀ ਕਮੇਟੀ ਦਾ ਤਿੰਨ ਮੈਂਬਰੀ ਵਫਦ ਜਾਵੇਗਾ ਮੱਧ ਪ੍ਰਦੇਸ਼
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਸਿਓਪੁਰ ਦੀ ਤਹਿਸੀਲ ਕਰਹਾਲ ਵਿਚ ਪੈਂਦੇ ਪਿੰਡਾਂ ਵਿਚੋਂ ਸਿੱਖਾਂ ਨੂੰ ਉਜਾੜਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਥਾਨਕ ਪ੍ਰਸ਼ਾਸਨ ਵਲੋਂ ਸਿੱਖਾਂ ਦੇ ਘਰ ਢਾਹੁਣ ਅਤੇ ਉਨ੍ਹਾਂ ਦੀ ਫਸਲ ਉਜਾੜ ਕੇ ਜ਼ਮੀਨਾਂ ‘ਤੇ ਕਬਜ਼ਾ ਕਰਨ, ਸਿੱਖਾਂ ਨੂੰ ਦਬਾਉਣ ਦੀ ਕੋਝੀ ਹਰਕਤ ਕਰਾਰ ਦਿੰਦਿਆਂ ਕਿਹਾ ਕਿ ਇਹ ਬੇਹੱਦ ਨਿੰਦਣਯੋਗ ਹੈ ਅਤੇ ਸ਼੍ਰੋਮਣੀ ਕਮੇਟੀ ਪੀੜਤ ਸਿੱਖ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਮੇਟੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਪਹੁੰਚ ਕਰੇਗੀ। ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਮਾਮਲੇ ਦੀ ਮੁਕੰਮਲ ਜਾਣਕਾਰੀ ਲਈ ਜਾ ਰਹੀ ਹੈ ਤਾਂ ਜੋ ਪ੍ਰਭਾਵਿਤ ਸਿੱਖ ਪਰਿਵਾਰਾਂ ਦੀ ਮੱਦਦ ਕੀਤੀ ਜਾ ਸਕੇ। ਸ਼੍ਰੋਮਣੀ ਕਮੇਟੀ ਵਲੋਂ ਸਬ ਕਮੇਟੀ ਗਠਿਤ ਕਰ ਦਿੱਤੀ ਗਈ ਹੈ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਇੰਦਰਮੋਹਨ ਸਿੰਘ ਲਖਮੀਰ ਵਾਲਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ ਸ਼ਾਮਲ ਹਨ। ਸ਼੍ਰੋਮਣੀ ਕਮੇਟੀ ਦਾ ਇਹ 3 ਮੈਂਬਰੀ ਵਫਦ ਜਲਦ ਹੀ ਮੱਧ ਪ੍ਰਦੇਸ਼ ਜਾਵੇਗਾ।
ਲੌਂਗੋਵਾਲ ਨੇ ਕਿਹਾ ਕਿ ਪਿਛਲੇ 30 ਸਾਲਾਂ ਤੋਂ ਮੱਧ ਪ੍ਰਦੇਸ਼ ਦੇ ਪਿੰਡਾਂ ਵਿਚ ਰਹਿ ਰਹੇ ਸਿੱਖਾਂ ਨੂੰ ਦਬਾਉਣ ਨਾਲ ਉਥੋਂ ਦੀ ਸਰਕਾਰ ਅਤੇ ਖਾਸ ਕਰਕੇ ਮੁੱਖ ਮੰਤਰੀ ਕਮਲ ਨਾਥ ਦਾ ਸਿੱਖ ਵਿਰੋਧੀ ਚਿਹਰਾ ਇਕ ਵਾਰ ਫਿਰ ਨੰਗਾ ਹੋਇਆ ਹੈ। ਇਸ ਤੋਂ ਪਹਿਲਾਂ 1984 ਦੇ ਸਿੱਖ ਕਤਲੇਆਮ ਸਮੇਂ ਵੀ ਕਮਲ ਨਾਥ ਨੇ ਹੈਵਾਨੀਅਤ ਦਾ ਨੰਗਾ ਨਾਚ ਕਰਕੇ ਮਨੁੱਖਤਾ ਵਿਰੋਧੀ ਹੋਣ ਦਾ ਪ੍ਰਮਾਣ ਦਿੱਤਾ ਸੀ। ਲੌਂਗੋਵਾਲ ਨੇ ਕਿਹਾ ਕਿ ਦੇਸ਼ ਦੇ ਕਿਸੇ ਵੀ ਸੂਬੇ ਵਿਚ ਵਸਦੇ ਘੱਟ ਗਿਣਤੀ ਸਿੱਖਾਂ ਦੀ ਹਿਫਾਜ਼ਤ ਕਰਨਾ ਭਾਰਤ ਸਰਕਾਰ ਦੇ ਨਾਲ-ਨਾਲ ਸਥਾਨਕ ਸੂਬਾ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਹੈ, ਪਰ ਮੱਧ ਪ੍ਰਦੇਸ਼ ਦੀ ਮੌਜੂਦਾ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟਿਆ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਮੱਧ ਪ੍ਰਦੇਸ਼ ਸਰਕਾਰ ਵਲੋਂ ਸਿੱਖਾਂ ‘ਤੇ ਕੀਤੇ ਜਬਰ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਸਿੱਖਾਂ ਨੂੰ ਇਨਸਾਫ ਦਿਵਾਇਆ ਜਾਵੇ।

RELATED ARTICLES
POPULAR POSTS