2.8 C
Toronto
Saturday, January 10, 2026
spot_img
Homeਹਫ਼ਤਾਵਾਰੀ ਫੇਰੀਪਤੀ ਨੇ 45 ਲੱਖ ਖਰਚ ਕੇ ਭੇਜਿਆ ਕੈਨੇਡਾ, ਵਿਦੇਸ਼ ਪਹੁੰਚਦੇ ਹੀ ਬਦਲ...

ਪਤੀ ਨੇ 45 ਲੱਖ ਖਰਚ ਕੇ ਭੇਜਿਆ ਕੈਨੇਡਾ, ਵਿਦੇਸ਼ ਪਹੁੰਚਦੇ ਹੀ ਬਦਲ ਗਿਆ ਇਰਾਦਾ

ਵਿਦੇਸ਼ ਪਹੁੰਚ ਕੇ ਭੇਜਿਆ ਤਲਾਕ ਦਾ ਨੋਟਿਸ
ਚੰਡੀਗੜ੍ਹ/ਬਿਊਰੋ ਨਿਊਜ਼ : ਸਹੁਰਿਆਂ ਦੇ 45 ਲੱਖ ਰੁਪਏ ਖਰਚ ਕਰਵਾ ਕੇ ਕੈਨੇਡਾ ਪਹੁੰਚੀ ਪਤਨੀ ਨੇ ਪਤੀ ਨੂੰ ਪੀਆਰ ਕਰਵਾਉਣ ਦੀ ਬਜਾਏ ਉਸ ਨੂੰ ਤਲਾਕ ਦਾ ਨੋਟਿਸ ਭਿਜਵਾ ਦਿੱਤਾ। ਪਤੀ ਦੇ ਕੈਨੇਡਾ ਪਹੁੰਚਣ ਦੇ 10 ਦਿਨਾਂ ਬਾਅਦ ਉਸਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ ਅਤੇ ਘਰ ਦਾ ਸਾਰਾ ਸਮਾਨ ਵੀ ਨਾਲ ਲੈ ਗਈ।
ਲੁਧਿਆਣਾ ਦੇ ਪਿੰਡ ਢੈਪਈ ਨਿਵਾਸੀ ਗੁਰਚਰਨ ਸਿੰਘ ਨੇ ਬੇਟੇ ਤੇਜਿੰਦਰ ਸਿੰਘ ਨੂੰ ਕੈਨੇਡਾ ਦੀ ਪੀਆਰ ਦਿਵਾਉਣ ਦੇ ਲਈ ਨੂੰਹ ਦਾਨ ਕੌਰ ਨੂੰ 45 ਲੱਖ ਰੁਪਏ ਖਰਚ ਕਰਕੇ ਕੈਨੇਡਾ ਭੇਜਿਆ ਸੀ।
ਪਰੇਸ਼ਾਨ ਹੋ ਕੇ ਗੁਰਚਰਨ ਸਿੰਘ ਨੇ ਜ਼ਿਲ੍ਹਾ ਲੁਧਿਆਣਾ ਖੇਤਰੀ ਪੁਲਿਸ ਮੁਖੀ ਨਵਨੀਤ ਸਿੰਘ ਬੈਂਸ ਨੂੰ ਮਾਮਲੇ ਸਬੰਧੀ ਸ਼ਿਕਾਇਤ ਦਿੱਤੀ। ਸ਼ਿਕਾਇਤ ਦੀ ਜਾਂਚ ਵਿਚ ਗੁਰਚਰਨ ਸਿੰਘ ਦੇ ਆਰੋਪ ਸਹੀ ਪਾਏ ਗਏ ਅਤੇ ਪੁਲਿਸ ਨੇ ਦਾਨ ਕੌਰ, ਉਸਦੀ ਮਾਂ ਸਰਬਜੀਤ ਕੌਰ ਵਾਸੀ ਖੋਖਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਦਾਨ ਕੌਰ ਦੇ ਫੁੱਫੜ ਜਸਬੀਰ ਸਿੰਘ ਵਾਸੀ ਪਿੰਡ ਬਧਾਈ ਦੇ ਖਿਲਾਫ 45 ਲੱਖ ਰੁਪਏ ਦੀ ਠੱਗੀ ਕਰਨ ਦਾ ਕੇਸ ਦਰਜ ਕੀਤਾ ਹੈ।
ਥਾਣਾ ਜੋਧਾਂ ਦੇ ਪੁਲਿਸ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਦਾਨ ਕੌਰ ਕੈਨੇਡਾ ਵਿਚ ਹੈ, ਉਸਦੀ ਮਾਂ ਸਰਬਜੀਤ ਕੌਰ ਅਤੇ ਫੁੱਫੜ ਜਸਬੀਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਕਾਨੂੰਨੀ ਨੋਟਿਸ ਭੇਜੇ ਜਾ ਰਹੇ ਹਨ। ਦਾਨ ਕੌਰ ਦੇ ਖਿਲਾਫ ਕਾਰਵਾਈ ਦੇ ਲਈ ਕੈਨੇਡਾ ਸਥਿਤ ਭਾਰਤੀ ਦੂਤਾਵਾਸ ਅਤੇ ਭਾਰਤ ਸਥਿਤ ਕੈਨੇਡਾ ਦੂਤਾਵਾਸ ਨੂੰ ਵੀ ਲਿਖਿਆ ਜਾ ਰਿਹਾ ਹੈ। ਦਾਨ ਕੌਰ ਦੀ ਐਲਓਸੀ ਸਬੰਧੀ ਵੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਵਿਆਹ ਤੋਂ 15 ਦਿਨ ਬਾਅਦ ਕੈਨੇਡਾ ਚਲੀ ਗਈ ਸੀ ਦਾਨ ਕੌਰ
ਪੀੜਤ ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਢੈਪਈ ਦੇ ਵਿਚੋਲੀਏ ਦੇ ਮਾਧਿਅਮ ਨਾਲ 9 ਅਗਸਤ 2023 ਨੂੰ ਆਪਣੇ ਬੇਟੇ ਤੇਜਿੰਦਰ ਸਿੰਘ ਦਾ ਵਿਆਹ ਦਾਨ ਕੌਰ ਨਾਲ ਕੀਤਾ ਸੀ। ਦਾਨ ਕੌਰ ਨੂੰ ਕੈਨੇਡਾ ਭੇਜਣ ਤੋਂ ਲੈ ਕੇ ਵਿਆਹ ‘ਤੇ ਆਉਣ ਵਾਲਾ ਸਾਰਾ ਖਰਚਾ ਕੀਤਾ। ਵਿਆਹ ਤੋਂ ਪਹਿਲਾਂ ਬਕਾਇਦਾ ਇਕ ਐਗਰੀਮੈਂਟ ਕੀਤਾ ਗਿਆ ਸੀ, ਜਿਸ ਵਿਚ ਉਨ੍ਹਾਂ ਦੇ ਬੇਟੇ ਤੇਜਿੰਦਰ ਸਿੰਘ ਨੂੰ ਕੈਨੇਡਾ ਦੀ ਪੀਆਰ ਦਿਵਾਉਣ ਦੀ ਸ਼ਰਤ ਰੱਖੀ ਗਈ ਸੀ। ਵਿਆਹ ਦੇ 15 ਦਿਨ ਬਾਅਦ ਦਾਨ ਕੌਰ ਕੈਨੇਡਾ ਚਲੀ ਗਈ। 11 ਮਾਰਚ 2024 ਨੂੰ ਉਸਦਾ ਬੇਟਾ ਤੇਜਿੰਦਰ ਸਿੰਘ ਵੀ ਕੈਨੇਡਾ ਚਲਾ ਗਿਆ। ਤੇਜਿੰਦਰ ਦੇ ਕੈਨੇਡਾ ਪਹੁੰਚਣ ਦੇ 10 ਦਿਨ ਬਾਅਦ ਹੀ ਦਾਨ ਕੌਰ ਉਸ ਨੂੰ ਛੱਡ ਕੇ ਚਲੀ ਗਈ ਅਤੇ ਸਾਰਾ ਸਮਾਨ ਵੀ ਸਮੇਟ ਕੇ ਲੈ ਗਈ। ਦਾਨ ਕੌਰ ਨੇ ਤੇਜਿੰਦਰ ਨੂੰ ਪੀਆਰ ਕਰਵਾਉਣ ਦੀ ਬਜਾਏ ਉਸ ਨੂੰ ਤਲਾਕ ਦਾ ਨੋਟਿਸ ਭਿਜਵਾ ਦਿੱਤਾ।
ਵਿਚੋਲੇ ‘ਤੇ ਵੀ ਦਰਜ ਹੋਵੇ ਕੇਸ : ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਮਾਮਲੇ ਵਿਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਗੁਰਚਰਨ ਸਿੰਘ ਦੀ ਮੰਗ ਹੈ ਕਿ ਦਾਨ ਕੌਰ ਉਨ੍ਹਾਂ ਦੇ ਬੇਟੇ ਤੇਜਿੰਦਰ ਸਿੰਘ ਨੂੰ ਕੈਨੇਡਾ ਵਿਚ ਪੀਆਰ ਕਰਵਾਏ ਨਹੀਂ ਤਾਂ ਉਨ੍ਹਾਂ ਦੇ 45 ਲੱਖ ਰੁਪਏ ਵਾਪਸ ਕਰੇ। ਗੁਰਚਰਨ ਸਿੰਘ ਨੇ ਵਿਚੋਲੇ ਨੂੰ ਵੀ ਮੁਕੱਦਮੇ ਵਿਚ ਨਾਮਜ਼ਦ ਕਰਨ ਦੀ ਮੰਗ ਕੀਤੀ ਹੈ।

RELATED ARTICLES
POPULAR POSTS