ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਕਾਂਗਰਸ ਨੇ ਵੀ ਖੋਲ੍ਹਿਆ ਮੋਰਚਾ, ਗ੍ਰਿਫਤਾਰੀ ਹੋ ਰਹੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਅਗਵਾਲੀ ਵਾਲੀ ਭਗਵੰਤ ਮਾਨ ਸਰਕਾਰ ‘ਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਇਕ ਨੌਜਵਾਨ ਨਾਲ ਜਿਨਸ਼ੀ ਸ਼ੋਸ਼ਣ ਦੇ ਮਾਮਲੇ ਵਿਚੋਂ ਸਾਫ ਨਿਕਲ ਜਾਣ ਤੋਂ ਬਾਅਦ ਨਵੇਂ ਵਿਵਾਦ ਵਿਚ ਘਿਰ ਗਏ ਹਨ। ਇਸ ਵਾਰ ਮੰਤਰੀ ਕਟਾਰੂਚੱਕ ‘ਤੇ ਪਠਾਨਕੋਟ ਜ਼ਿਲ੍ਹੇ ਵਿਚ ਕਰੀਬ 100 ਏਕੜ ਪੰਚਾਇਤੀ ਜ਼ਮੀਨ ਨਿੱਜੀ ਵਿਅਕਤੀਆਂ ਦੇ ਨਾਮ ਕਰਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਦਾ ਆਰੋਪ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਇਸੇ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਟਾਰੂਚੱਕ ਦੇ ਅਸਤੀਫੇ ਅਤੇ ਪੂਰੇ ਮਾਮਲੇ ਦੀ ਕੇਂਦਰੀ ਏਜੰਸੀ ਤੋਂ ਨਿਰਪੱਖ ਜਾਂਚ ਕਰਾਉਣ ਦੀ ਮੰਗ ਕੀਤੀ ਹੈ।
ਬਾਜਵਾ ਨੇ ਇਕ ਰਿਪੋਰਟ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਕਟਾਰੂਚੱਕ ਹੀ ਸਨ, ਜਿਨ੍ਹਾਂ ਨੇ ਕਥਿਤ ਤੌਰ ‘ਤੇ ਘੁਟਾਲੇ ਵਿਚ ਸ਼ਾਮਲ ਦਾਗੀ ਡੀਡੀਪੀਓ ਕੁਲਦੀਪ ਸਿੰਘ ਨੂੰ ਏਡੀਸੀ ਪਠਾਨਕੋਟ ਦੇ ਅਹੁਦੇ ‘ਤੇ ਤੈਨਾਤ ਕਰਨ ਵਿਚ ਮੱਦਦ ਕੀਤੀ। ਇਸਦੇ ਲਈ ਕਟਾਰੂਚੱਕ ਨੇ ਤੱਤਕਾਲੀਨ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਇਕ ਅਰਧ ਸਰਕਾਰੀ (ਡੀਓ) ਪੱਤਰ ਲਿਖਿਆ। ਇਸ ਤਰ੍ਹਾਂ ਕੁਲਦੀਪ ਸਿੰਘ ਨੇ ਰਿਟਾਇਰਮੈਂਟ ਤੋਂ ਸਿਰਫ ਇਕ ਦਿਨ ਪਹਿਲਾਂ 734 ਕਨਾਲ 1 ਮਰਲਾ (91.75 ਏਕੜ) ਸ਼ਾਮਲਾਤ ਜ਼ਮੀਨ ਨਿੱਜੀ ਵਿਅਕਤੀਆਂ ਦੇ ਹੱਕ ਵਿਚ ਲਿਖ ਦਿੱਤੀ।
ਇਹ ਹੈ ਮਾਮਲਾ : ਪੰਜਾਬ ਦੇ ਬਲਾਕ ਨਰੋਟ ਜੈਮਲ ਸਿੰਘ ਦੇ ਅਧੀਨ ਆਉਂਦੇ ਪਿੰਡ ਗੋਲ ਵਿਚ ਏਡੀਸੀ ਕੁਲਦੀਪ ਸਿੰਘ ਵਲੋਂ 6 ਪ੍ਰਾਈਵੇਟ ਪਾਰਟੀਆਂ ਦੇ ਨਾਮ ਜ਼ਮੀਨ ਦਾ ਫੈਸਲਾ ਕਰਨ ਦੀ ਜਾਣਕਾਰੀ ਪਿੰਡ ਗੋਲ ਦੇ ਮੋਹਤਵਰ ਵਿਅਕਤੀ ਨੂੰ ਮਿਲੀ, ਤਾਂ ਦੋ ਮਾਰਚ ਨੂੰ ਤੱਤਕਾਲੀਨ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨੂੰ ਸ਼ਿਕਾਇਤ ਕੀਤੀ। ਇਸ ਦੌਰਾਨ ਧਾਲੀਵਾਲ ਦਾ ਵਿਭਾਗ ਬਦਲਣ ਕਰਕੇ ਮਾਮਲਾ ਅਟਕ ਗਿਆ, ਪਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਨਿਰਦੇਸ਼ਕ ਨੇ ਆਦੇਸ਼ ‘ਤੇ ਸਟੇਅ ਲਗਾਉਂਦੇ ਹੋਏ ਪੂਰੇ ਮਾਮਲੇ ਵਿਚ ਰਿਟਾਇਰਡ ਏਡੀਸੀ ਕੁਲਦੀਪ ਸਿੰਘ ਦੀ ਭੂਮਿਕਾ ਦੀ ਜਾਂਚ ਕਰਵਾਈ ਤਾਂ ਮਾਮਲਾ ਖੁੱਲ੍ਹਿਆ। ਮੁੱਖ ਸਕੱਤਰ ਅਨੁਰਾਗ ਵਰਮਾ ਨੇ ਜਾਂਚ ਰਿਪੋਰਟ ‘ਤੇ ਪਹਿਲਾਂ ਤਾਂ ਜ਼ਮੀਨ ਟਰਾਂਸਫਰ ਦੇ ਫੈਸਲੇ ‘ਤੇ ਸਟੇਅ ਲਗਾਇਆ ਅਤੇ ਐਫਆਈਆਰ ਦੇ ਲਈ ਪੇਂਡੂ ਵਿਕਾਸ ਵਿਭਾਗ ਨੂੰ ਆਦੇਸ਼ ਦਿੱਤਾ।
ਪੰਜਾਬ ਦੇ 2-3 ਮੰਤਰੀਆਂ ਦੀ ਹੋ ਸਕਦੀ ਹੈ ਛਾਂਟੀ
ਆਉਂਦੇ ਦਿਨਾਂ ‘ਚ ਪੰਜਾਬ ਕੈਬਨਿਟ ‘ਚ ਫੇਰਬਦਲ ਦੀ ਸੰਭਾਵਨਾ
ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ‘ਚ ਜਲਦ ਹੀ ਕੋਈ ਫੇਰਬਦਲ ਹੋ ਸਕਦਾ ਹੈ ਅਤੇ 2-3 ਮੰਤਰੀਆਂ ਦੀ ਛਾਂਟੀ ਵੀ ਹੋ ਸਕਦੀ ਹੈ। ਇਸ ਸਬੰਧੀ ਪੰਜਾਬ ਸਿਵਲ ਸਕੱਤਰੇਤ ‘ਚ ਅਟਕਲਾਂ ਦਾ ਬਜ਼ਾਰ ਗਰਮ ਰਿਹਾ। ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਵੀ ਹੋਈ ਹੈ। ਚਰਚਾ ਇਹ ਵੀ ਚੱਲਦੀ ਰਹੀ ਕਿ ਪਠਾਨਕੋਟ ਵਿਖੇ 100 ਏਕੜ ਬਹੁ-ਕੀਮਤੀ ਜ਼ਮੀਨ ਦੀ ਹੋਈ ਅਲਾਟਮੈਂਟ ਜੋ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਜਿਸ ਸਬੰਧੀ ਸਰਕਾਰ ਵਲੋਂ ਜਾਂਚ ਹੁਣ ਵਿਜੀਲੈਂਸ ਨੂੰ ਵੀ ਦੇਣ ਦਾ ਫੈਸਲਾ ਕੀਤਾ ਗਿਆ ਹੈ, ਇਸ ਨੂੰ ਲੈ ਕੇ ਪਾਰਟੀ ਹਾਈਕਮਾਨ ਵੀ ਕਾਫੀ ਨਿਰਾਸ਼ ਹੈ। ਇਸੇ ਤਰ੍ਹਾਂ ਇਕ ਜਾਂ ਦੋ ਮੰਤਰੀਆਂ ਦੀ ਕਾਰਗੁਜ਼ਾਰੀ ਵੀ ਚਰਚਾ ਵਿਚ ਹੈ। ਹਾਲਾਂਕਿ ਸਰਕਾਰੀ ਤੌਰ ‘ਤੇ ਮੁੱਖ ਮੰਤਰੀ ਇਸ ਦਿੱਲੀ ਫੇਰੀ ਸਬੰਧੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ, ਪਰ ਸਮਝਿਆ ਜਾ ਰਿਹਾ ਹੈ ਕਿ ਜੇ ਮੰਤਰੀ ਮੰਡਲ ਵਿਚੋਂ ਕੋਈ ਛਾਂਟੀ ਹੁੰਦੀ ਹੈ ਤਾਂ ਮੰਤਰੀਆਂ ਦੇ ਵਿਭਾਗਾਂ ਵਿਚ ਵੀ ਫੇਰਬਦਲ ਹੋ ਸਕਦਾ ਹੈ। ਚਰਚਾ ਇਹ ਵੀ ਸੀ ਕਿ ਪਠਾਨਕੋਟ ਜ਼ਮੀਨ ਅਲਾਟਮੈਂਟ ਸਕੈਂਡਲ ਨਾਲ ਸਬੰਧਤ ਦੋ ਮੰਤਰੀਆਂ ਤੋਂ ਇਲਾਵਾ ਸੰਗਰੂਰ ਦੇ ਇਕ ਕੈਬਨਿਟ ਮੰਤਰੀ ਤੋਂ ਵੀ ਮੁੱਖ ਮੰਤਰੀ ਖੁਸ਼ ਨਹੀਂ ਹਨ। ਹਾਲਾਂਕਿ ਉਕਤ ਮੰਤਰੀ ਵਿਰੁੱਧ ਕੋਈ ਸ਼ਿਕਾਇਤ ਵੀ ਨਹੀਂ ਹੈ। ਮੀਡੀਆ ਹਲਕਿਆਂ ਵਿਚ ਚਰਚਾ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਪੰਜਾਬ, ਦਿੱਲੀ ਤੇ ਚੰਡੀਗੜ੍ਹ ਦੀਆਂ 21 ਸੰਸਦੀ ਸੀਟਾਂ ‘ਤੇ ਮਿਲ ਕੇ ਚੋਣਾਂ ਲੜਨ ਸਬੰਧੀ ਹੋਈ ਮੁੱਢਲੀ ਸਹਿਮਤੀ, ਜਿਸ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਉਤਸੁਕ ਹਨ, ਨੂੰ ਲੈ ਕੇ ਬਦਲ ਰਹੀਆਂ ਸਿਆਸੀ ਲੋੜਾਂ ਤੇ ਮਜ਼ਬੂਰੀਆਂ ਦਾ ਮਾਮਲਾ ਵੀ ਸ਼ਾਇਦ ਮੁੱਖ ਮੰਤਰੀ ਨਾਲ ਵਿਚਾਰਿਆ ਜਾਵੇ। ਕਿਉਂਕਿ ਕਾਂਗਰਸ ਹਾਈਕਮਾਨ ‘ਤੇ ਪੰਜਾਬ ਕਾਂਗਰਸ ਦੇ ਆਗੂਆਂ ਦਾ ਕੁਝ ਮੁੱਦਿਆਂ ਨੂੰ ਲੈ ਕੇ ਕਾਫੀ ਦਬਾਅ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਆਪਣੀ ਪਾਰਟੀ ਦੇ ਨਵੇਂ ਅਹੁਦੇਦਾਰਾਂ ਨਾਲ ਮੀਟਿੰਗ ਦੌਰਾਨ ਕੀਤੀ ਗੱਲਬਾਤ ਦੌਰਾਨ ਇਹ ਖੁੱਲ੍ਹ ਕੇ ਕਿਹਾ ਸੀ ਕਿ ਪਾਰਟੀ ਦੀਆਂ ਕੌਮੀ ਪੱਧਰ ਦੀਆਂ ਲੋੜਾਂ ਵੀ ਉਨ੍ਹਾਂ ਲਈ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਬਚਾਉਣਾ ਵੀ ਸਮੇਂ ਦੀ ਲੋੜ ਹੈ। ਹਾਲਾਂਕਿ ਪਹਿਲਾਂ ਉਹ ਕਾਂਗਰਸ ਨਾਲ ਪਾਰਟੀ ਦੇ ਗਠਜੋੜ ਦਾ ਵਿਰੋਧ ਵੀ ਕਰ ਚੁੱਕੇ ਹਨ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਤੋਂ ਰਾਜ ਸਭਾ ਰਾਘਵ ਚੱਢਾ ਨੂੰ ਕੇਂਦਰ ਸਰਵਾਰ ਵਲੋਂ ਇਕ ਮਾਮਲੇ ਨਾਲ ਜੋੜ ਕੇ ਉਨ੍ਹਾਂ ਦੀ ਰਾਜ ਸਭਾ ਦੀ ਮੈਂਬਰੀ ਖਤਮ ਕਰਨ ਦੀਆਂ ਕੋਸ਼ਿਸ਼ਾਂ ਦੇ ਜਨਤਕ ਪੱਧਰ ‘ਤੇ ਵਿਰੋਧ ਦਾ ਮਾਮਲਾ ਵੀ ਪਾਰਟੀ ਪੱਧਰ ‘ਤੇ ਵਿਚਾਰਿਆ ਜਾ ਰਿਹਾ ਹੈ।
ਜੈ ਕਿਸ਼ਨ ਰੋੜੀ ਵੀ ਵਿਵਾਦਾਂ ‘ਚ ਘਿਰੇ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਰੋੜੀ ਵਿਵਾਦਾਂ ਵਿਚ ਘਿਰ ਗਏ ਹਨ। ਉਨ੍ਹਾਂ ਖਿਲਾਫ ਆਪਣੇ ਅਹੁਦੇ ਅਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਸਬੰਧ ‘ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਕੀਤੀ ਗਈ। ਇਹ ਸ਼ਿਕਾਇਤ ਨਵਾਂਸ਼ਹਿਰ ਦੇ ਇਕ ਵਿਅਕਤੀ ਨੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਵਿਜੀਲੈਂਸ ਡੀਜੀਪੀ ਨੂੰ ਵੀ ਦਿੱਤੀ ਹੈ। ਸ਼ਿਕਾਇਤਕਰਤਾ ਨੇ ਪੰਜਾਬ ਸਰਕਾਰ ਕੋਲੋਂ ਡਿਪਟੀ ਸਪੀਕਰ ਨੂੰ ਅਹੁਦੇ ਤੋਂ ਹਟਾ ਕੇ ਵਿਜੀਲੈਂਸ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ‘ਚ ਜੈ ਕਿਸ਼ਨ ਰੋੜੀ ਵਿਰੋਧੀ ਧਿਰ ਦੇ ਆਗੂ ਹੋਣ ਦੇ ਨਾਤੇ ਆਪਣੇ ਇਲਾਕੇ ‘ਚ ਪ੍ਰਦੂਸ਼ਣ ਅਤੇ ਗੈਰਕਾਨੂੰਨੀ ਮਾਈਨਿੰਗ ਸਮੇਤ ਹੋਰ ਮੁੱਦਿਆਂ ‘ਤੇ ਬੋਲਦੇ ਦੇਖੇ ਜਾਂਦੇ ਸਨ ਪ੍ਰੰਤੂ ਆਪਣੇ ਮੌਜੂਦਾ ਕਾਰਜਕਾਲ ਦੌਰਾਨ ਉਹ ਬਿਲਕੁਲ ਚੁੱਪ ਹਨ। ਸ਼ਿਕਾਇਤ ਕਰਤਾ ਨੇ ਅੱਗੇ ਕਿਹਾ ਕਿ ਵਿਧਾਇਕ ਨੇ ਮਾਰਕੀਟ ਕਮੇਟੀ ਦੇ ਇਕ ਕਰਮਚਾਰੀ ਕੋਲੋਂ ਬਦਲੀ ਕਰਵਾਉਣ ਦੇ ਬਦਲੇ ਉਸ ਕੋਲੋਂ ਕਥਿਤ ਤੌਰ ‘ਤੇ ਪੰਜ ਲੱਖ ਰੁਪਏ ਲਏ ਸਨ। ਇਕ ਹੋਰ ਵਿਅਕਤੀ ਵੱਲੋਂ ਮੁੱਖ ਮੰਤਰੀ ਦਫ਼ਤਰ ਨੂੰ ਭੇਜੀ ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਜੈ ਕਿਸ਼ਨ ਰੋੜੀ ਨੇ ਇਕ ਕਾਨੂੰਨੀ ਕੰਮ ਕਰਵਾਉਣ ਬਦਲੇ ਉਸ ਕੋਲੋਂ ਪੰਜ ਲੱਖ ਰੁਪਏ ਰਿਸ਼ਵਤ ਮੰਗੀ ਸੀ। ਸ਼ਿਕਾਇਤ ਕਰਤਾ ਅਨੁਸਾਰ ਉਨ੍ਹਾਂ ਨੂੰ ਆਰਟੀਆਈ ਤੋਂ ਪਤਾ ਲੱਗਿਆ ਕਿ ਜੈ ਕਿਸ਼ਨ ਰੋੜੀ ਨੂੰ ਨਾ ਤਾਂ ਆਪਣੇ ਅਹੁਦੇ ਦੀ ਗਰਿਮਾ ਦਾ ਅਹਿਸਾਸ ਹੈ ਨਾ ਹੀ ਹਾਈ ਕੋਰਟ ਦੇ ਹੁਕਮਾਂ ਦੀ ਪਰਵਾਹ।