Breaking News
Home / ਹਫ਼ਤਾਵਾਰੀ ਫੇਰੀ / ਲਖੀਮਪੁਰ ਘਟਨਾ ਖਿਲਾਫ਼ ਕਿਸਾਨਾਂ ਨੇ ਦੇਸ਼ ਭਰ ‘ਚ ਰੇਲਾਂ ਰੋਕੀਆਂ

ਲਖੀਮਪੁਰ ਘਟਨਾ ਖਿਲਾਫ਼ ਕਿਸਾਨਾਂ ਨੇ ਦੇਸ਼ ਭਰ ‘ਚ ਰੇਲਾਂ ਰੋਕੀਆਂ

ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰਕੇ ਗ੍ਰਿਫਤਾਰ ਕਰਨ ਦੀ ਮੰਗ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਦੇ ‘ਰੇਲ ਰੋਕੋ’ ਸੱਦੇ ‘ਤੇ ਪੰਜਾਬ ਤੇ ਹਰਿਆਣਾ ਸਣੇ ਦੇਸ਼ ਭਰ ਵਿੱਚ ਕਿਸਾਨਾਂ ਨੇ ਸੋਮਵਾਰ ਨੂੰ ਛੇ ਘੰਟਿਆਂ ਲਈ ਰੇਲਵੇ ਟਰੈਕਾਂ ਤੇ ਪਲੈਟਫਾਰਮਾਂ ‘ਤੇ ਧਰਨੇ ਲਾਏ। ਮੋਰਚੇ ਨੇ ਮੰਗ ਕੀਤੀ ਕਿ ਲਖੀਮਪੁਰ ਖੀਰੀ ਵਿੱਚ ਚਾਰ ਕਿਸਾਨਾਂ ਦੇ ਕਤਲੇਆਮ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਮੋਦੀ ਵਜ਼ਾਰਤ ‘ਚੋਂ ਬਰਖ਼ਾਸਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ ਕਿਉਂਕਿ ਉਨ੍ਹਾਂ ਦੇ ਅਹੁਦੇ ‘ਤੇ ਬਣੇ ਰਹਿਣ ਤੱਕ ਲਖੀਮਪੁਰ ਖੀਰੀ ਹਿੰਸਾ ਕੇਸ ‘ਚ ਇਨਸਾਫ਼ ਮਿਲਣਾ ਮੁਸ਼ਕਲ ਹੈ। ਇਸ ਦੌਰਾਨ ਯੂਪੀ ਤੇ ਮੱਧ ਪ੍ਰਦੇਸ਼ ਸਮੇਤ ਹੋਰ ਕਈ ਥਾਵਾਂ ‘ਤੇ ਕਿਸਾਨਾਂ ਨੇ ਗ੍ਰਿਫ਼ਤਾਰੀਆਂ ਵੀ ਦਿੱਤੀਆਂ। ਮੀਂਹ ਦੇ ਬਾਵਜੂਦ ਕਿਸਾਨ ਰੇਲ ਪੱਟੜੀਆਂ ‘ਤੇ ਡਟੇ ਰਹੇ। ਮੋਰਚੇ ਨੇ ਚਿਤਾਵਨੀ ਦਿੱਤੀ ਕਿ ਜੇ ਲਖੀਮਪੁਰ ਖੀਰੀ ਕਤਲੇਆਮ ਵਿੱਚ ਇਨਸਾਫ ਲਈ ਉਸ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਵਿਰੋਧ ਪ੍ਰਦਰਸ਼ਨ ਹੋਰ ਤੇਜ਼ ਕੀਤੇ ਜਾਣਗੇ। 26 ਨਵੰਬਰ ਨੂੰ ਮੋਰਚੇ ਦੇ ਇਕ ਸਾਲ ਪੂਰਾ ਹੋਣ ‘ਤੇ ਲਖਨਊ ਦੀ ਮਹਾਂਪੰਚਾਇਤ ਮਗਰੋਂ ਸੰਘਰਸ਼ ਦੇ ਅਗਲੇ ਪੜਾਅ ਦੀ ਰੂਪ-ਰੇਖਾ ਤੈਅ ਕੀਤੀ ਜਾਵੇਗੀ। ‘ਰੇਲ ਰੋਕੋ’ ਦਾ ਸੱਦਾ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਪੱਛਮੀ ਬੰਗਾਲ, ਰਾਜਸਥਾਨ, ਮੱਧ ਪ੍ਰਦੇਸ਼, ਕਰਨਾਟਕ, ਤਿਲੰਗਾਨਾ ਆਦਿ ਰਾਜਾਂ ਵਿੱਚ ਸਫ਼ਲ ਰਹਿਣ ਦੀਆਂ ਰਿਪੋਰਟਾਂ ਹਨ।
ਕਿਸਾਨਾਂ ਨੇ ਸਵੇਰੇ 10 ਵਜੇ ਤੋਂ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਝੰਡਿਆਂ ਸਮੇਤ ਰੇਲ ਪੱਟੜੀਆਂ ਉਪਰ ਧਰਨੇ ਦਿੱਤੇ। ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਵੱਖ ਵੱਖ ਥਾਈਂ ਰੇਲਾਂ ਨੂੰ ਰੋਕੀ ਰੱਖਿਆ। ਮੋਰਚੇ ਨੇ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਮਰਦ ਤੇ ਔਰਤਾਂ ‘ਰੇਲ ਰੋਕੋ’ ਸੱਦੇ ਨੂੰ ਲਾਗੂ ਕਰਨ ਲਈ ਬਾਹਰ ਆਏ ਤੇ ਕਈ ਥਾਵਾਂ ‘ਤੇ ਭਾਰੀ ਮੀਂਹ ਦੇ ਬਾਵਜੂਦ ਕਿਸਾਨ ਡਟੇ ਰਹੇ। ਮੋਰਚੇ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਪੁਲਿਸ ਨੇ ਗੁਨਾ, ਗਵਾਲੀਅਰ, ਰੀਵਾ, ਬਾਮਨੀਆ (ਝਬੂਆ ਵਿੱਚ) ਅਤੇ ਹੋਰ ਥਾਵਾਂ ‘ਤੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ। ਤਿਲੰਗਾਨਾ ਦੇ ਕਾਚੇਗੁੜਾ (ਹੈਦਰਾਬਾਦ) ਵਿੱਚ ਵੀ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਦੇਸ਼ ਦੇ ਕਈ ਰਾਜਾਂ ਵਿੱਚ ਲਖੀਮਪੁਰ ਖੀਰੀ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਯਾਤਰਾਵਾਂ ਕੱਢੀਆਂ ਗਈਆਂ।
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਮਿਸਾਲ ਦਿੱਤੀ ਕਿ ਇਸ ਤੋਂ ਪਹਿਲਾਂ ਵੀ ਰੇਲਾਂ ਰੋਕੀਆਂ ਜਾਂਦੀਆਂ ਰਹੀਆਂ ਹਨ ਤੇ ਸਿਆਸੀ ਧਿਰਾਂ ਵੱਲੋਂ ਵੀ ਅਜਿਹਾ ਕੀਤਾ ਜਾਂਦਾ ਰਿਹਾ ਹੈ। ਸਿੰਘੂ ਬਾਰਡਰ ਕਤਲ ਕਾਂਡ ਦਾ ਜ਼ਿਕਰ ਕਰਦਿਆਂ ਟਿਕੈਤ ਨੇ ਕਿਹਾ ਕਿ ਇਸ ਕਤਲ ਵਿੱਚ ਗ੍ਰਿਫ਼ਤਾਰੀਆਂ ਹੋਈਆਂ ਹਨ, ਪਰ ਲਖੀਮਪੁਰ ਖੀਰੀ ਕਤਲ ਮਾਮਲੇ ਵਿੱਚ ਅਜੈ ਮਿਸ਼ਰਾ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ, ”ਇੱਕ ਪਾਸੇ ਲੋਕਾਂ ਨੂੰ ਉਲਝਾਓਗੇ ਤੇ ਦੂਜੇ ਪਾਸੇ ਹੋਰਨਾਂ ਨੂੰ ਬਚਾਓਗੇ, ਅਜਿਹਾ ਨਹੀਂ ਚੱਲੇਗਾ।”
ਭਾਜਪਾ ਦੀ ਹਾਰ ਯਕੀਨੀ : ਮਲਿਕ
ਮੇਘਾਲਿਆ ਦੇ ਰਾਜਪਾਲ ਸਤਿਆ ਪਾਲ ਮਲਿਕ ਨੇ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਅਸਤੀਫਾ ਮੰਗਿਆ ਹੈ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਘਟਨਾ ਤੋਂ ਬਾਅਦ ਉਸ ਨੂੰ ਆਪਣੇ ਅਹੁਦੇ ‘ਤੇ ਰਹਿਣ ਦਾ ਕੋਈ ਹੱਕ ਨਹੀਂ ਹੈ। ਰਾਜਪਾਲ ਨੇ ਇਹ ਵੀ ਕਿਹਾ ਕਿ ਜੇ ਭਾਜਪਾ ਨੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਗੱਲ ਨਾ ਸੁਣੀ ਤਾਂ ਭਾਜਪਾ ਦੁਬਾਰਾ ਸੱਤਾ ਵਿਚ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਜੇ ਕੇਂਦਰ ਕਿਸਾਨਾਂ ਨੂੰ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਦੇਣ ਲਈ ਸਹਿਮਤ ਹੋਵੇ ਤਾਂ ਉਹ ਕੇਂਦਰ ਤੇ ਕਿਸਾਨਾਂ ਦਰਮਿਆਨ ਵਿਚੋਲਗੀ ਕਰਨ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦਾ ਦਰਦ ਨਹੀਂ ਸਮਝ ਰਹੀ।

 

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …