ਦੂਜੀ ਸੂਚੀ ਜਾਰੀ ਕਰਨ ਅਤੇ ਨਵੇਂ ਨੋਟੀਫਿਕੇਸ਼ਨ ਵਿੱਚ ਉਮਰ ਹੱਦ ਵਧਾਉਣ ਦੀ ਮੰਗ
ਸੰਗਰੂਰ : ਪੰਜਾਬ ਪੁਲਿਸ ਵਿਭਾਗ ਵਿੱਚ ਵੱਖ-ਵੱਖ ਅਸਾਮੀਆਂ ਦੇ ਉਮੀਦਵਾਰਾਂ ਨੇ ਸੰਗਰੂਰ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਰੋਸ ਧਰਨਾ ਦਿੰਦਿਆਂ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਇਸ ਮੌਕੇ ਪੁਲਿਸ ਭਰਤੀ ਦੀ ਦੂਜੀ ਸੂਚੀ ਜਾਰੀ ਕਰਨ ਅਤੇ ਨਵੇਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਉਮਰ ਹੱਦ ਵਧਾਉਣ ਦੀ ਮੰਗ ਕਰ ਰਹੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਹੀ ਭਰਤੀ ਦੇ ਉਮੀਦਵਾਰ ਸਥਾਨਕ ਪਟਿਆਲਾ ਰੋਡ ‘ਤੇ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਥੋਂ ਰੋਸ ਮਾਰਚ ਕਰਦੇ ਹੋਏ ਉਹ ਮੁੱਖ ਮੰਤਰੀ ਦੀ ਕੋਠੀ ਵੱਲ ਵਧੇ। ਇੱਥੇ ਤਾਇਨਾਤ ਪੁਲਿਸ ਬਲ ਨੇ ਨਾਕਾਬੰਦੀ ਕਰ ਕੇ ਧਰਨਾਕਾਰੀਆਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ, ਜਿਸ ਮਗਰੋਂ ਧਰਨਾਕਾਰੀਆਂ ਨੇ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਸਾਹਮਣੇ ਵਾਲੀ ਮੁੱਖ ਸੜਕ ‘ਤੇ ਆਵਾਜਾਈ ਰੋਕ ਕੇ ਧਰਨਾ ਲਗਾ ਦਿੱਤਾ।
ਇਸ ਮੌਕੇ ਪੰਜਾਬ ਪੁਲਿਸ ਭਰਤੀ ਉਮੀਦਵਾਰ ਯੂਨੀਅਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਲ 2021 ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵਿੱਚ ਸਿਪਾਹੀ, ਹੌਲਦਾਰ, ਸਬ-ਇੰਸਪੈਕਟਰ ਤੇ ਟੈਕਨੀਕਲ ਸਪੋਰਟ ਸਰਵਿਸ ਆਦਿ ਦੀਆਂ ਵੱਖ-ਵੱਖ ਅਸਾਮੀਆਂ ਦੇ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਸਨ। ਇਨ੍ਹਾਂ ਅਸਾਮੀਆਂ ਦੀ ਭਰਤੀ ਪ੍ਰਕਿਰਿਆ ‘ਆਪ’ ਦੀ ਸਰਕਾਰ ਬਣਨ ਮਗਰੋਂ ਸ਼ੁਰੂ ਹੋਈ ਸੀ, ਜਿਸ ਤਹਿਤ ਭਰਤੀ ਕੀਤੇ 4358 ਸਿਪਾਹੀਆਂ ‘ਚੋਂ ਹਾਲੇ ਤੱਕ ਸਿਰਫ਼ 3270 ਉਮੀਦਵਾਰ ਹੀ ਜੁਆਇਨ ਕਰ ਸਕੇ ਹਨ। ਵਿਭਾਗਾਂ ਵਿੱਚ ਭਰਤੀ ਇਕੱਠਿਆਂ ਨਾ ਕਰਵਾਏ ਜਾਣ ਕਾਰਨ ਬਾਕੀ ਦੇ ਉਮੀਦਵਾਰ ਹਾਲੇ ਵੀ ਜੁਆਇਨ ਕਰਵਾਏ ਜਾਣ ਦੀ ਉਡੀਕ ਵਿੱਚ ਹਨ।
ਉਨ੍ਹਾਂ ਕਿਹਾ ਕਿ ‘ਆਪ’ ਆਗੂਆਂ ਨੇ ਸੱਤਾ ‘ਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਦੂਜੀ ਸੂਚੀ ਤੁਰੰਤ ਜਾਰੀ ਕੀਤੀ ਜਾਵੇਗੀ। ਇਸ ਸਬੰਧੀ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨੂੰ ਮੰਗ ਪੱਤਰ ਵੀ ਦਿੱਤੇ ਗਏ ਹਨ, ਪਰ ਸੂਚੀ ਜਾਰੀ ਕਰਨ ਦੀ ਥਾਂ ਭਰਤੀ ਦੇ ਨਵੇਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਗਏ ਹਨ। ਧਰਨਾਕਾਰੀਆਂ ਨੇ ਮੰਗ ਕੀਤੀ ਹੈ ਕਿ ਪੁਲਿਸ ਭਰਤੀ ਦੀ ਦੂਜੀ ਸੂਚੀ ਜਾਰੀ ਕੀਤੀ ਜਾਵੇ ਅਤੇ ਭਰਤੀ ਦੇ ਨਵੇਂ ਨੋਟੀਫਿਕੇਸ਼ਨ ਵਿੱਚ ਉਮਰ ਦੀ 28 ਤੋਂ ਵਧਾ ਕੇ 30 ਸਾਲ ਕੀਤੀ ਜਾਵੇ।