Breaking News
Home / ਪੰਜਾਬ / ਕਰਤਾਰਪੁਰ ਲਾਂਘੇ ਲਈ ਨਿਮਾਣੇ ਸਿੱਖ ਵਜੋਂ ਫਰਜ਼ ਨਿਭਾਅ ਰਿਹਾ ਹਾਂ : ਨਵਜੋਤ ਸਿੱਧੂ

ਕਰਤਾਰਪੁਰ ਲਾਂਘੇ ਲਈ ਨਿਮਾਣੇ ਸਿੱਖ ਵਜੋਂ ਫਰਜ਼ ਨਿਭਾਅ ਰਿਹਾ ਹਾਂ : ਨਵਜੋਤ ਸਿੱਧੂ

ਕਿਹਾ – ਪਾਕਿ ਵਲੋਂ ਇਕ ਸਾਲ ਤੋਂ ਪਹਿਲਾਂ ਹੀ ਪੂਰਾ ਹੋ ਜਾਵੇਗਾ ਨਿਰਮਾਣ ਦਾ ਕੰਮ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਲਈ ਉਹ ਇਕ ਨਿਮਾਣੇ ਸਿੱਖ ਵਜੋਂ ਫਰਜ਼ ਨਿਭਾਅ ਰਹੇ ਹਨ ਅਤੇ ਆਪਣੇ ਸਿਰਫ ਕੋਈ ਵੀ ਸਿਹਰਾ ਨਹੀਂ ਲੈਣਾ ਚਾਹੁੰਦੇ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਵਲੋਂ ਪਾਕਿ ਸਰਕਾਰ ਨੂੰ ਸਿਫ਼ਾਰਸ਼ ਭੇਜੀ ਗਈ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਦਾ ਸਮਾਂ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਹਕੂਮਤ ਵਲੋਂ ਜਿਸ ਰਫ਼ਤਾਰ ਨਾਲ ਇਸ ਸਬੰਧੀ ਕਦਮ ਚੁੱਕੇ ਜਾ ਰਹੇ ਹਨ ਉਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਕ ਸਾਲ ਤੋਂ ਪਹਿਲਾਂ ਹੀ ਲਾਂਘੇ ਦੇ ਨਿਰਮਾਣ ਦਾ ਕੰਮ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀਂ ਇਕ ਕਦਮ ਚੁੱਕਦੇ ਹਾਂ ਤਾਂ ਪਾਕਿਸਤਾਨੀ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੋ ਕਦਮ ਚੁੱਕ ਰਹੇ ਹਨ, ਜਿਸ ਲਈ ਉਹ ਜਿਥੇ ਉਨ੍ਹਾਂ ਦਾ ਧੰਨਵਾਦ ਕਰਦੇ ਹਨ ਉਥੇ ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਚੁੱਕੇ ਕਦਮ ਦਾ ਵੀ ਸਵਾਗਤ ਅਤੇ ਧੰਨਵਾਦ ਕਰਦੇ ਹਨ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 500 ਸ਼ਰਧਾਲੂ ਰੋਜ਼ਾਨਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ-ਦੀਦਾਰੇ ਕਰ ਸਕਣਗੇ ਅਤੇ ਪਾਕਿਸਤਾਨ ਸਮੇਤ ਭਾਰਤ ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮਾਂ ਨਾਲ ਕਰੋੜਾਂ ਸਿੱਖ ਸ਼ਰਧਾਲੂਆਂ ਦੀ 71 ਸਾਲਾਂ ਦੀ ਅਰਦਾਸ ਨੂੰ ਬੂਰ ਪੈਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 12 ਕਾਊਂਟਰਾਂ ਦਾ ਨਿਰਮਾਣ ਕੀਤਾ ਜਾਵੇਗਾ, ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆ ਸਕੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਸਿਆਸੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ, ਕਿਉਂਕਿ ਇਸ ਨਾਲ ਕਰੋੜਾਂ ਲੋਕਾਂ ਦੀ ਸ਼ਰਧਾ ਜੁੜੀ ਹੋਈ ਹੈ ਅਤੇ ਲਾਂਘਾ ਖੁੱਲ੍ਹਣ ਨਾਲ ਦੋਵੇਂ ਦੇਸ਼ਾਂ ਵਿਚ ਸੰਪਰਕ ਵੀ ਵਧੇਗਾ ਅਤੇ ਪਿਆਰ ਵੀ। ਉਨ੍ਹਾਂ ਕਿਹਾ ਕਿ ਵਪਾਰਕ ਪੱਖੋਂ ਵੀ ਪੰਜਾਬ ਨੂੰ ਲਾਂਘੇ ਦਾ ਵੱਡਾ ਫ਼ਾਇਦਾ ਪੁੱਜੇਗਾ, ਕਿਉਂਕਿ ਉਸ ਇਲਾਕੇ ਵਿਚ ਜਿਥੇ ਜ਼ਮੀਨਾਂ ਦੇ ਭਾਅ ਵਧਣਗੇ, ਉਥੇ 25 -25 ਏਕੜ ਹੋਟਲਾਂ ਲਈ ਜਗ੍ਹਾ ਦਿੱਤੀ ਜਾਣੀ ਹੈ, ਜਿਸ ਨਾਲ ਵਿਕਾਸ ਹੋਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਉਹ ਹਰ ਉਸ ਸ਼ਖ਼ਸ ਦਾ ਧੰਨਵਾਦ ਕਰਨਾ ਚਾਹੁੰਦੇ ਹਨ, ਜਿਸ ਨੇ ਸਕਾਰਾਤਮਕ ਕਦਮ ਚੁੱਕੇ, ਜਦਕਿ ਇਸ ਮਾਮਲੇ ‘ਚ ਅੜਿੱਕਾ ਬਣਨ ਵਾਲੇ ਭਵਿੱਖ ਵਿਚ ਕੱਖ ਦੇ ਵੀ ਨਹੀਂ ਰਹਿਣਗੇ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਉਸ ਜਗ੍ਹਾ ਉਨ੍ਹਾਂ ਵਲੋਂ ਬਿਤਾਏ 4 ਘੰਟੇ ਉਹ ਤਾਉਮਰ ਨਹੀਂ ਭੁੱਲ ਸਕਦੇ। ਸਿੱਧੂ ਨੇ ਕਿਹਾ ਕਿ ਸਾਰਾ ਲਾਂਘਾ ਪਾਕਿਸਤਾਨ ਵਿਚ ਹੀ ਹੈ ਅਤੇ ਇਸ ਨਾਲ ਸਬੰਧਿਤ ਸਾਰੇ ਕਦਮ ਪਾਕਿਸਤਾਨੀ ਹਕੂਮਤ ਨੇ ਹੀ ਚੁੱਕਣੇ ਹਨ, ਜਦਕਿ ਭਾਰਤ ਸਰਕਾਰ ਵਲੋਂ ਇਸ ਸਬੰਧੀ ਦਿੱਤੀ ਆਗਿਆ ਵੀ ਇਕ ਵੱਡਾ ਕਦਮ ਸੀ। ਉਨ੍ਹਾਂ ਕਿਹਾ ਕਿ ਸਾਢੇ ਚਾਰ ਕਿਲੋਮੀਟਰ ਲਾਂਘਾ ਪਾਕਿਸਤਾਨ ਵਾਲੇ ਪਾਸੇ ਹੀ ਹੈ ਜਿਥੇ ਪੁਲਾਂ ਦਾ ਨਿਰਮਾਣ ਹੋਣਾ ਹੈ। ਉਸ ਨੂੰ ਰਾਵੀ ਨਾਲ ਜੋੜ ਕੇ ਉਸ ਪੁਲ ਤੋਂ ਅੱਗੇ ਜਾਣਾ ਅਤੇ ਉਸ ਨਾਲ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਨੂੰ ਜੋੜਨਾ ਇਕ ਵੱਡਾ ਦੂਰ-ਅੰਦੇਸ਼ੀ ਵਾਲਾ ਕਦਮ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਸੀ ਜਿਥੇ ਸਿੱਖਾਂ ਦੇ ਗੁਰੂ ਹਨ ਉਥੇ ਮੁਸਲਿਮ ਭਾਈਚਾਰੇ ਦੇ ਪੀਰ ਵੀ ਹਨ, ਜਿਸ ਦੇ ਚਲਦੇ ਸਭ ਧਰਮਾਂ ਵਲੋਂ ਇਸ ਕਦਮ ਦਾ ਸਵਾਗਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 12 ਕਰੋੜ ਸ਼ਰਧਾਲੂਆਂ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਅਤੇ ਸ਼ਰਧਾਲੂਆਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਹੈ।

ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਜ਼ਮੀਨ ਤਬਾਦਲੇ ਦੀ ਦਲੀਲ ਨੂੰ ਠੁਕਰਾਇਆ
ਪੰਜਾਬ ਵਿਧਾਨ ਸਭਾ ‘ਚ ਵੀ ਰੱਖਿਆ ਗਿਆ ਸੀ ਮਤਾ
ਚੰਡੀਗੜ੍ਹ : ਪਾਕਿਸਤਾਨ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਜ਼ਮੀਨ ਦੇ ਤਬਾਦਲੇ ਲਈ ਭਾਰਤੀ ਪੰਜਾਬ ਦੀ ਦਲੀਲ ਨੂੰ ਠੁਕਰਾ ਦਿੱਤਾ ਹੈ। ਇਹ ਜਾਣਕਾਰੀ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਦਿੱਤੀ। ਉਹਨਾਂ ਕਿਹਾ ਕਿ ਕਰਤਾਰਪੁਰ ਲਾਂਘਾ ਦੇਣ ਦਾ ਫੈਸਲਾ ਸਿੱਖ ਭਾਈਚਾਰੇ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਕੀਤਾ ਗਿਆ, ਜਿਸ ਲਈ ਉਹ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ ਤਾਂ ਕਿ ਉਨ੍ਹਾਂ ਦੇ ਅਹਿਮ ਧਾਰਮਿਕ ਸਥਾਨ ਤੱਕ ਵੀਜ਼ਾ ਮੁਕਤ ਪਹੁੰਚ ਸੰਭਵ ਹੋ ਸਕੇ।
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਨੇ ਇਕ ਮਤਾ ਪਾਸ ਕਰਕੇ ਮੰਗ ਕੀਤੀ ਸੀ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਭਾਰਤ ਨੂੰ ਦੇ ਦਿੱਤਾ ਜਾਵੇ ਅਤੇ ਇਸ ਬਦਲੇ ਭਾਰਤੀ ਹਿੱਸੇ ਦੀ ਕੁਝ ਜ਼ਮੀਨ ਪਾਕਿਸਤਾਨ ਨੂੰ ਦੇ ਦਿੱਤੀ ਜਾਵੇ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਇਕ ਮਤਾ ਬਣਾ ਕੇ ਕੇਂਦਰ ਸਰਕਾਰ ਨੂੰ ਭੇਜਣਾ ਸੀ ਜਿਸ ਮੁਤਾਬਕ ਭਾਰਤ ਦੀ 11 ਹਜ਼ਾਰ ਏਕੜ ਜ਼ਮੀਨ ਬਦਲੇ ਪਾਕਿਸਤਾਨ ‘ਚ ਰਾਵੀ ਕੰਢੇ ਵਾਲੀ ਕਰਤਾਰਪੁਰ ਸਾਹਿਬ ਦੀ ਜ਼ਮੀਨ ਨਾਲ ਤਬਾਦਲਾ ਕੀਤਾ ਜਾਣਾ ਸੀ। ਪਰ ਇਸ ਤੋਂ ਪਹਿਲਾਂ ਹੀ ਪਾਕਿਸਤਾਨ ਨੇ ਆਪਣਾ ਪੱਖ ਰੱਖਦਿਆਂ ਸਾਫ ਨਾਂਹ ਕਰ ਦਿੱਤੀ ਹੈ।
ਪਾਕਿ ਫੌਜ ਮੁਖੀ ਨੇ ਇਮਰਾਨ ਦੀ ਸ਼ਾਂਤੀ ਪਹਿਲ ਦਾ ਕੀਤਾ ਸਮਰਥਨ
ਕਰਾਚੀ : ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਸ਼ਾਂਤੀ ਦੀਆਂ ਕੀਤੀਆਂ ਕੋਸ਼ਿਸ਼ਾਂ ਦਾ ਸਮਰਥਨ ਕੀਤਾ ਹੈ। ਬਾਜਵਾ ਨੇ ਕਿਹਾ ਕਿ ਨਵੀਂ ਸਰਕਾਰ ਨੇ ਭਾਰਤ ਵੱਲ ਪੂਰੀ ਇਮਾਨਦਾਰ ਨਾਲ ਹੱਥ ਵਧਾਇਆ ਹੈ, ਪਰ ਇਸ ਨੂੰ ਪਾਕਿਸਤਾਨ ਦੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਭਾਰਤ-ਪਾਕਿ ਸਬੰਧਾਂ ਵਿਚ ਵੀ ਸੁਧਾਰ ਹੋਵੇਗਾ। ਜਲ ਸੈਨਾ ਅਕਾਦਮੀ ਵਿਚ ਜਵਾਨਾਂ ਦੀ ਪਾਸਿੰਗ ਆਊਟ ਪਰੇਡ ਨੂੰ ਸੰਬੋਧਨ ਕਰਦਿਆਂ ਜਨਰਲ ਬਾਜਵਾ ਨੇ ਕਿਹਾ, ”ਪਾਕਿਸਤਾਨ ਸ਼ਾਂਤੀ ਪਸੰਦ ਮੁਲਕ ਹੈ ਅਤੇ ਸ਼ਾਂਤੀ ਵਿਚ ਵਿਸ਼ਵਾਸ ਰੱਖਦਾ ਹੈ।” ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਅਤੇ ਭਾਰਤ ਵਿਚਕਾਰ ਸ਼ਾਂਤੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਥਲ ਸੈਨਾ ਮੁਖੀ ਨੇ ਕਿਹਾ ਕਿ ਸ਼ਾਂਤੀ ਦਾ ਹਰ ਕਿਸੇ ਨੂੰ ਫਾਇਦਾ ਹੁੰਦਾ ਹੈ ਅਤੇ ਇਕ-ਦੂਜੇ ਖ਼ਿਲਾਫ਼ ਲੜਨ ਦੀ ਬਜਾਏ ਹੁਣ ਅਜਿਹਾ ਵੇਲਾ ਹੈ ਜਦੋਂ ਬਿਮਾਰੀਆਂ, ਗਰੀਬੀ ਅਤੇ ਅਨਪੜ੍ਹਤਾ ਨਾਲ ਜੂਝਿਆ ਜਾਵੇ। ਜਨਰਲ ਬਾਜਵਾ ਨੇ ਕਿਹਾ ਕਿ ਜੰਗਾਂ ਨਾਲ ਲੋਕਾਂ ਨੂੰ ਮੌਤ, ਤਬਾਹੀ ਅਤੇ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਰੇ ਮੁੱਦਿਆਂ ਦਾ ਹੱਲ ਗੱਲਬਾਤ ਦੀ ਮੇਜ਼ ‘ਤੇ ਹੋ ਸਕਦਾ ਹੈ। ਇਸ ਕਰਕੇ ਅਸੀਂ ਅਫ਼ਗਾਨਿਸਤਾਨ ਵਿਚ ਸ਼ਾਂਤੀ ਬਹਾਲੀ ਲਈ ਹਰ ਕਿਸੇ ਨੂੰ ਹਮਾਇਤ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦ ਜਾਂ ਸਾਬੋਤਾਜ ਦੀਆਂ ਘਟਨਾਵਾਂ ਨਾਲ ਟਾਕਰਾ ਕਰਨਾ ਪੈ ਰਿਹਾ ਹੈ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …