23.8 C
Toronto
Sunday, June 21, 2026
spot_img
Homeਪੰਜਾਬਨਵਜੋਤ ਸਿੱਧੂ ਪੰਜਾਬ ਦਾ ਸਭ ਤੋਂ ਹਰਮਨ ਪਿਆਰਾ ਆਗੂ

ਨਵਜੋਤ ਸਿੱਧੂ ਪੰਜਾਬ ਦਾ ਸਭ ਤੋਂ ਹਰਮਨ ਪਿਆਰਾ ਆਗੂ

ਸਿੱਧੂ ਜਿਹੜੀ ਪਾਰਟੀ ‘ਚ ਜਾਵੇਗਾ ਸਰਕਾਰ ਉਸੇ ਦੀ ਬਣੇਗੀ : ਬ੍ਰਹਮਪੁਰਾ
ਜਲੰਧਰ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਨੂੰ ਦੇਸ਼ ਲਈ ਸਭ ਤੋਂ ਵੱਡਾ ਖਤਰਾ ਦੱਸਦਿਆਂ ਕਿਹਾ ਕਿ ਇਸ ਨੇ ਭਾਰਤ ਦੇ ਸੰਵਿਧਾਨ ਦੀ ਧਰਮ ਨਿਰਪੱਖਤਾ ਦੀ ਮੂਲ ਭਾਵਨਾ ਨੂੰ ਸੱਟ ਮਾਰੀ ਹੈ। ਪਾਰਟੀ ਦੀ ਕੋਰ ਕਮੇਟੀ ਵੱਲੋਂ ਕੀਤੀ ਗਈ ਮੀਟਿੰਗ ਦੌਰਾਨ ਜਿਹੜੇ ਸੱਤ ਮਤੇ ਪਾਸ ਕੀਤੇ ਗਏ, ਉਨ੍ਹਾਂ ਵਿਚ ਪਹਿਲਾ ਮਤਾ ਇਸ ਕਾਨੂੰਨ ਦੇ ਵਿਰੋਧ ਵਿਚ ਸੀ। ਸਰਕਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦਾ ਸਭ ਤੋਂ ਵੱਧ ਹਰਮਨਪਿਆਰਾ ਆਗੂ ਹੈ।
ਉਸ ਦੀ ਇਹ ਹਰਮਨਪਿਆਰਤਾ ਏਨੀ ਜ਼ਿਆਦਾ ਹੈ ਕਿ ਉਹ ਜਿਸ ਵੀ ਪਾਰਟੀ ਵੱਲ ਜਾਵੇਗਾ ਸਰਕਾਰ ਉਸ ਦੀ ਹੀ ਬਣੇਗੀ। ਜਦੋਂ ਉਨ੍ਹਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਪਹਿਲਾਂ ਇਹ ਬਿਆਨਬਾਜ਼ੀ ਵੀ ਕੀਤੀ ਸੀ ਕਿ ਜੇਕਰ ਸਿੱਧੂ ਉਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਹੁੰਦਾ ਹੈ ਤਾਂ ਉਹ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਹੋਵੇਗਾ, ਤਾਂ ਬ੍ਰਹਮਪੁਰਾ ਨੇ ਕਿਹਾ ਕਿ ਇਹ ਪੁਰਾਣਾ ਬਿਆਨ ਹੈ, ਕਿਉਂਕਿ ਹੁਣ ਦੂਜੀਆਂ ਧਿਰਾਂ ਵੀ ਉਨ੍ਹਾਂ ਦੇ ਨਾਲ ਹਨ ਤੇ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਸ ਬਾਰੇ ਕੋਈ ਫੈਸਲਾ ਲਿਆ ਜਾ ਸਕਦਾ ਹੈ। ਜਦੋਂ ਉਨ੍ਹਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਿੱਲੀ ਦੇ ਸਿੱਖਾਂ ਨੂੰ ਕਿਹੜੀ ਧਿਰ ਨੂੰ ਵੋਟ ਪਾਉਣ ਲਈ ਅਪੀਲ ਕਰੇਗਾ ਤਾਂ ਉਨ੍ਹਾਂ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਬਾਰੇ ਫੈਸਲਾ ਵੀ 2 ਫਰਵਰੀ ਤੋਂ ਬਾਅਦ ਹੋਣ ਵਾਲੀ ਮੀਟਿੰਗ ਵਿਚ ਹੀ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਫਗਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਆਉਣ ਵਾਲੇ ਜਿਹੜੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਲਈ ਕਾਨੂੰਨ ਬਣਾਇਆ ਹੈ, ਉਸ ਵਿਚ ਮੁਸਲਿਮ ਭਾਈਚਾਰੇ ਨੂੰ ਬਾਹਰ ਰੱਖਣ ਨਾਲ ਭਾਜਪਾ ਨੇ ਵੱਡਾ ਗੁਨਾਹ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਮੁਸਲਿਮ ਭਾਈਚਾਰੇ ਦੇ ਸ਼ਰਨਾਰਥੀਆਂ ਨੂੰ ਵੀ ਇਸ ਵਿਚ ਸ਼ਾਮਲ ਕਰਨ ਲਈ ਸੋਧ ਕੀਤੀ ਜਾਵੇ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਪੰਜਾਬ ਵਿਚ ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹਰਾਉਣ ਲਈ ਤੀਜਾ ਫਰੰਟ ਬਣਾਇਆ ਦੀ ਅਪੀਲ ਕੀਤੀ। ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ 2 ਫਰਵਰੀ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਤੇ ਰਵੀਇੰਦਰ ਸਿੰਘ ਨਾਲ ਵੀ ਮੀਟਿੰਗ ਕੀਤੀ ਜਾਵੇਗੀ।
ਇਕ ਹੋਰ ਮਤੇ ਰਾਹੀਂ ਪਾਰਟੀ ਨੇ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਪਰਿਵਾਰ ਤੋਂ ਅਜ਼ਾਦ ਕਰਾਉਣ ਲਈ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਈਆਂ ਜਾਣ।
ਕਾਂਗਰਸ ਸਿੱਧੂ ਨੂੰ ਸੌਂਪ ਸਕਦੀ ਹੈ ਅਹਿਮ ਜ਼ਿੰਮੇਵਾਰੀ
ਚੰਡੀਗੜ੍ਹ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇਕ ਵਾਰ ਫਿਰ ਸਿਆਸੀ ਗਲਿਆਰਿਆਂ ਵਿਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਮੰਤਰੀਆਂ ਵਿਚ ਹੀ ਨਹੀਂ ਬਲਕਿ ਵਿਧਾਇਕਾਂ ਅਤੇ ਵਿਰੋਧੀ ਦਲਾਂ ਵਿਚ ਸਿੱਧੂ ਬਾਰੇ ਚਰਚਾ ਚੱਲ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਰਾਜ਼ਗੀ ਤੋਂ ਬਾਅਦ ਕਾਂਗਰਸ ਦਾ ਇਕ ਧੜਾ ਨਰਾਜ਼ ਹੋ ਗਿਆ ਸੀ। ਇਸ ਵਾਰ ਸਿੱਧੂ ਨੂੰ ਲੈ ਕੇ ਚਰਚਾ ਹੈ ਕਿ ਦਿੱਲੀ ਚੋਣਾਂ ਤੋਂ ਬਾਅਦ ਪਾਰਟੀ ਹਾਈਕਮਾਨ ਸਿੱਧੂ ਨੂੰ ਪੰਜਾਬ ਵਿਚ ਹੀ ਕੋਈ ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਹੈ। ਕਈ ਵਿਧਾਇਕ ਪੰਜਾਬ ਕਾਂਗਰਸ ਦੀ ਕਾਰਜਕਾਰਨੀ ਮੰਗ ਹੋਣ ਨੂੰ ਵੀ ਇਸੇ ਨਾਲ ਜੋੜ ਕੇ ਦੇਖ ਰਹੇ ਹਨ। ਲੰਘੇ ਸਾਲ ਜੁਲਾਈ ਵਿਚ ਕੈਬਨਿਟ ਵਿਚੋਂ ਅਸਤੀਫਾ ਦੇ ਕੇ ਹਾਸ਼ੀਏ ‘ਤੇ ਗਏ ਸਿੱਧੂ ‘ਤੇ ਹਾਈਕਮਾਨ ਨੇ ਉਮੀਦ ਨਹੀਂ ਛੱਡੀ। ਸੂਤਰਾਂ ਨੇ ਦੱਸਿਆ ਕਿ ਸਿੱਧੂ ਨੇ ਰਾਹੁਲ ਅਤੇ ਪ੍ਰਿਅੰਕਾ ਨਾਲ ਮੁਲਾਕਾਤ ਵੀ ਕੀਤੀ ਹੈ।
ਸਿੱਖ ਜਰਨੈਲ ਹਰੀ ਸਿੰਘ ਨਲੂਆ ‘ਤੇ ਫ਼ਿਲਮ ਬਣਾਉਣਗੇ ਆਮੀਰ ਖਾਨ
ਅੰਮ੍ਰਿਤਸਰ : ਬਾਲੀਵੁੱਡ ਸਟਾਰ, ਨਿਰਮਾਤਾ ਅਤੇ ਨਿਰਦੇਸ਼ਕ ਆਮੀਰ ਖਾਨ ਸਿੱਖ ਇਤਿਹਾਸ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ‘ਤੇ ਫ਼ਿਲਮ ਬਣਾਉਣਗੇ। ਆਮੀਰ ਖਾਨ ਨੇ ਐਸਜੀਪੀਸੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਜਰਨੈਲ ਹਰੀ ਸਿੰਘ ਨਲੂਆ ਦੇ ਇਤਿਹਾਸ ਬਾਰੇ ‘ਚ ਜਾਣਕਾਰੀ ਦੇਣ ਦੀ ਬੇਨਤੀ ਕੀਤੀ ਸੀ। ਡਾ. ਰੂਪ ਸਿੰਘ ਨੇ ਹਰੀ ਸਿੰਘ ਨਲੂਆ ਦੇ ਇਤਿਹਾਸ ਨਾਲ ਸਬੰਧਤ ਦੋ ਪੁਸਤਕਾਂ ਅਮੀਰ ਖਾਨ ਨੂੰ ਸੌਂਪੀਆਂ।
ਡਾ. ਰੂਪ ਸਿੰਘ ਸੋਮਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਨਾਲ ਹੋਣ ਵਾਲੇ ਇਕ ਸਮਝੌਤੇ ਦੇ ਸਬੰਧ ‘ਚ ਮੁੰਬਈ ਸਥਿਤ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਗਏ ਸਨ। ਇਸ ਦੌਰਾਨ ਡਾ. ਰੂਪ ਸਿੰਘ ਨੇ ਇਹ ਪੁਸਤਕਾਂ ਅਮੀਰ ਖਾਨ ਨੂੰ ਭੇਂਟ ਕੀਤੀਆਂ। ਡਾ. ਰੂਪ ਸਿੰਘ ਨੇ ਦੱਸਿਆ ਕਿ ਲੰਘੇ ਸਾਲ ਆਮੀਰ ਖਾਨ ਇਕ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਸਨ। ਇਸ ਮੌਕੇ ‘ਤੇ ਉਨ੍ਹਾਂ ਨੇ ਆਮੀਰ ਖਾਨ ਤੋਂ ਸਿੱਖ ਇਤਿਹਾਸ ਦੇ ਮਹਾਨ ਯੋਧਿਆਂ ਜਿਨ੍ਹਾਂ ‘ਚ ਜਰਨੈਲ ਹਰੀ ਸਿੰਘ ਨਲੂਆ ਦਾ ਵਿਸ਼ੇਸ਼ ਰੂਪ ਨਾਲ ਜ਼ਿਕਰ ਕੀਤਾ ਗਿਆ ਸੀ। ਉਨ੍ਹਾਂ ਨੇ ਇਸ ‘ਤੇ ਇਕ ਫ਼ਿਲਮ ਦਾ ਨਿਰਮਾਣ ਕਰਨ ਦੀ ਪੇਸ਼ਕਸ਼ ਕੀਤੀ ਸੀ।

RELATED ARTICLES
POPULAR POSTS