ਬਹਿਬਲ ਕਲਾਂ ਕਾਂਡ ਤੋਂ ਬਾਅਦ ਬਾਦਲ ਨੂੰ ਕਿਹਾ ਸੀ ਡੀਜੀਪੀ ਸੈਣੀ ਨੂੰ ਬਦਲੋ, ਪ੍ਰੰਤੂ ਉਹ ਨਹੀਂ ਮੰਨੇ
ਪੰਥ ਦੇ ਕੰਮਾਂ ਦੀ ਬਜਾਏ ਬਾਦਲ ਪਰਿਵਾਰ ਚਮਕਾਉਂਦਾ ਰਿਹਾ ਆਪਣੀ ਰਾਜਨੀਤੀ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਇਕ ਵਾਰ ਫਿਰ ਤੋਂ ਬਾਦਲ ਪਰਿਵਾਰ ‘ਤੇ ਹਮਲਾ ਬੋਲਿਆ ਹੈ। ਢੀਂਡਸਾ ਨੇ ਆਰੋਪ ਲਗਾਇਆ ਕਿ ਬਹਿਬਲ ਕਲਾਂ ਗੋਲੀ ਕਾਂਡ ਤੋਂ ਬਾਅਦ ਸੂਬੇ ‘ਚ ਪੈਦਾ ਹੋਏ ਰੋਸ ਤੋਂ ਬਾਅਦ ਮੈਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਡੀਜੀਪੀ ਸੁਮੇਧ ਸੈਣੀ ਨੂੰ ਬਦਲਣ ਦੇ ਲਈ ਕਿਹਾ ਸੀ ਕਿਉਂਕਿ ਸਭ ਕੁਝ ਗਲਤ ਹੋ ਰਿਹਾ ਸੀ। ਪ੍ਰੰਤੂ ਉਨ੍ਹਾਂ ਨੇ ਮੇਰੀ ਗੱਲੀ ਨਹੀਂ ਮੰਨੀ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਵੀ ਉਥੇ ਮੌਜੂਦ ਸਨ ਪ੍ਰੰਤੂ ਉਸ ਸਮੇਂ ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਸੀ ਕਿ ਢੀਂਡਸਾ ਸਾਹਿਬ ਅੱਜ ਜੇਕਰ ਅਸੀਂ ਡੀਜੀਪੀ ਨੂੰ ਬਦਲ ਦੇਵਾਂਗੇ ਤਾਂ ਪੰਜਾਬ ਪੁਲਿਸ ਅਤੇ ਸੂਬੇ ਦੇ ਹਾਲਾਤ ਖਰਾਬ ਹੋ ਜਾਣਗੇ। ਰਾਜ ਨੂੰ ਸੈਣੀ ਦੀ ਜ਼ਰੂਰਤ ਹੈ। ਇਸ ਲਈ ਅਸੀਂ ਉਨ੍ਹਾਂ ਨੂੰ ਅਜੇ ਨਹੀਂ ਬਦਲ ਸਕਦੇ। ਲਿਹਾਜ਼ਾ ਉਦੋਂ ਦਾ ਪੈਦਾ ਹੋਇਆ ਵਿਵਾਦ ਅੱਜ ਤੱਕ ਜਾਰੀ ਹੈ। ਰੇਤ, ਬਜਰੀ ਅਤੇ ਚਿੱਟਾ ਵੇਚਣ ਵਾਲੇ ਮਾਫ਼ੀਆ ‘ਤੇ ਵੀ ਮੁੱਖ ਮੰਤਰੀ ਬਾਦਲ ਨੇ ਮੇਰੀ ਗੱਲ ਸੁਣਨ ਦੀ ਬਜਾਏ ਉਸ ਨੂੰ ਅਣਸੁਣਿਆ ਕਰ ਦਿੱਤਾ।
ਫਰੀਦਕੋਟ ਰੈਲੀ ਤੋਂ ਰੋਕਿਆ ਸੀ ਪ੍ਰੰਤੂ ਬਾਦਲ ਨਹੀਂ ਮੰਨੇ : ਬਹਿਬਲ ਕਲਾਂ ਗੋਲੀ ਕਾਂਡ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਫਰੀਦਕੋਟ ਰੈਲੀ ਕੀਤੀ ਸੀ ਤਾਂ ਮੈਂ ਬਾਦਲ ਨੂੰ ਰੋਕਿਆ ਸੀ ਕਿ ਇਸ ਵਕਤ ਰੈਠੀ ਠੀਕ ਨਹੀਂ ਤਾਂ ਬਾਦਲ ਨੇ ਕਿਹਾ ਕਿ ਢੀਂਡਸਾ ਜੀ ਤੁਹਾਨੂੰ ਰਾਜ ਦੇ ਹਾਲਾਤ ਬਾਰੇ ਨਹੀਂ ਪਤਾ। ਅਬੋਹਰ ਰੈਲੀ ‘ਚ ਕਿੰਨੇ ਲੋਕ ਪਹੁੰਚੇ ਸਨ ਪਤਾ ਹੈ ਨਾ।
ਹਰਸਿਮਰਤ ਦੱਸਣ ਮਜੀਠੀਆ ਪਰਿਵਾਰ ਨੇ ਪੰਥ ਲਈ ਕੀ ਕੀਤਾ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਉਠਾਏ ਗਏ ਸਵਾਲ ‘ਤੇ ਢੀਂਡਸਾ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਕਦੇ ਵੀ ਪਾਰਟੀ ਮੀਟਿੰਗ ‘ਚ ਨਹੀਂ ਆਈ ਪ੍ਰੰਤੂ ਇਸ ਦੇ ਬਾਵਜੂਦ ਉਨ੍ਹਾਂ ਨੂੰ ਅਕਾਲੀ ਦਲ ਨੇ ਮੰਤਰੀ ਬਣਾਇਆ। ਉਹ ਮੇਰੀ ਉਪਲਬਧੀ ‘ਤੇ ਸਵਾਲ ਚੁੱਕ ਰਹੀ ਹੈ, ਮੈਂ ਉਨ੍ਹਾਂ ਤੋਂ ਪੁੱਛਦਾ ਹਾਂ ਕਿ ਉਹ ਦੱਸਣ ਕਿ ਮਜੀਠੀਆ ਪਰਿਵਾਰ ਨੇ ਪਾਰਟੀ ਅਤੇ ਪੰਥ ਲਈ ਹੁਣ ਤੱਕ ਕੀ ਕੀਤਾ ਹੈ।
ਪਹਿਲਾਂ ਢੀਂਡਸਾ ਦੱਸਣ, ਉਨ੍ਹਾਂ ਪਾਰਟੀ ਲਈ ਕੀ ਕੀਤਾ : ਚੀਮਾ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਸਨਮਾਨ ਦਿੰਦੀ ਆਈ ਹੈ। ਉਹ ਬੇਸ਼ੱਕ ਚੋਣ ਹਾਰੇ ਜਾਂ ਜਿੱਤੇ, ਪਾਰਟੀ ਨੇ ਹਮੇਸ਼ਾ ਉਨ੍ਹਾਂ ਨੂੰ ਸਨਮਾਨ ਦਿੱਤਾ। ਉਨ੍ਹਾਂ ਦੇ ਪੁੱਤਰ ਪਰਮਿੰਦਰ ਢੀਂਡਸਾ ਨੂੰ ਵਿੱਤ ਮੰਤਰੀ ਦਾ ਅਹੁਦਾ ਦਿੱਤਾ। ਢੀਂਡਸਾ ਨੇ ਪਾਰਟੀ ਦੇ ਲਈ ਕੁੱਝ ਨਹੀਂ ਕੀਤਾ।
ਮੈਂ ਪਾਰਟੀ ਅਤੇ ਬਾਦਲਾਂ ਨੂੰ ਮਜ਼ਬੂਤ ਕਰਨ ਲਈ ਜੇਲ੍ਹ ਤੱਕ ਕੱਟੀ
ਸੁਖਦੇਵ ਢੀਂਡਸਾ ਨੇ ਕਿਹਾ ਕਿ ਮੇਰੇ ਉਪਰ ਉਂਗਲੀ ਚੁੱਕਣ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਪਾਰਟੀ ਦੇ ਲਈ ਪੂਰਾ ਜੀਵਨ ਦਿੱਤਾ। ਪਾਰਟੀ ਲਈ ਮੈਂ ਜੇਲ੍ਹ ਵੀ ਗਿਆ। ਜੋ ਸਵਾਲ ਉਠਾ ਕਰਹੇ ਹਨ ਉਹ ਤਾਂ ਸ਼ਾਇਦ ਉਦੋਂ ਪੈਦਾ ਵੀ ਨਾ ਹੋਏ ਹੋਣ। ਲੌਂਗੋਵਾਲ ਨੂੰ ਵੀ ਮੇਰੇ ਬਾਰੇ ‘ਚ ਪਤਾ ਹੀ ਕੀ ਹੈ। ਇਹ ਉਹ ਵਿਅਕਤੀ ਹੈ ਜੋ 195 ਦੇ ਬਲੈਕ ਥੰਡਰ ਦੇ ਵਕਤ ਸੁਰਜੀਤ ਸਿੰਘ ਬਰਨਾਲਾ ਦੇ ਪਿੱਛੇ ਖੜ੍ਹਿਆ ਸੀ।
ਪੰਥ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ, ਮੈਂ ਹੁਣ ਨਹੀਂ ਲੜਾਂਗਾ ਚੋਣ
ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਹੁਣ ਪੰਥ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ, ਪੰਥ ਮਜ਼ਬੂਤ ਹੋਵੇਗਾ ਤਾਂ ਪਾਰਟੀ ਆਪਣੇ ਆਪ ਮਜ਼ਬੂਤ ਹੋ ਜਾਵੇਗੀ। ਹੁਣ ਮੈਂ ਤਹਿ ਕੀਤਾ ਹੈ ਕਿ ਮੈਂ ਅਕਾਲੀ ਦਲ ਦੇ ਸਿਧਾਂਤਾਂ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰਾਂਗਾ। ਮੈਂ ਰਾਜਨੀਤੀ ਦੇ ਲਈ ਨਹੀਂ ਕੇਵਲ ਪੰਥ ਦੇ ਲਈ ਕੰਮ ਕਰਾਂਗਾ। ਸਿੱਖਾਂ ਦੀ ਸਰਵਉਚ ਮੰਨੀ ਜਾਣ ਵਾਲੀ ਸੰਸਥਾ ਐਸਜੀਪੀਸੀ ਨੂੰ ਪੰਥ ਦੇ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਹੈ। ਮੈਂ ਖੁਦ ਹੁਣ ਕੋਈ ਰਾਜਨੀਤਿਕ ਚੋਣ ਨਹੀਂ ਲੜਾਂਗਾ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …