ਹਰੀਸ਼ ਰਾਵਤ ਕਹਿੰਦੇ – ਬਦਲਾਖੋਰੀ ਨਾ ਕਰੋ
ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਬੁੱਧਵਾਰ ਨੂੰ ਪੰਜ ਘੰਟੇ ਤਕ ਹੋਈ ਮੁਲਾਕਾਤ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ਵਿਚ ਫੇਰਬਦਲ ਦੀ ਇਕ ਸੂਚੀ ਰਾਵਤ ਨੂੰ ਸੌਂਪੀ ਪਰ ਰਾਵਤ ਨੇ ਇਸ ਤਜਵੀਜ਼ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਦੋਵਾਂ ਆਗੂਆਂ ਵਿਚ ਬੇਅਦਬੀ, ਡਰੱਗਸ, ਟਰਾਂਸਪੋਰਟ, ਬਿਜਲੀ ਸਮਝੌਤੇ, ਖੇਤੀ ਕਾਨੂੰਨਾਂ ਆਦਿ ਮੁੱਦਿਆਂ ‘ਤੇ ਚਰਚਾ ਹੋਈ। ਮੀਟਿੰਗ ਤੋਂ ਬਾਅਦ ਰਾਵਤ ਸੰਤੁਸ਼ਟ ਨਜ਼ਰ ਆਏ ਅਤੇ ਕਈ ਮੁੱਦਿਆਂ ‘ਤੇ ਕੈਪਟਨ ਦੇ ਸੁਰ ਵਿਚ ਸੁਰ ਵੀ ਮਿਲਾਇਆ।
ਜਾਣਕਾਰੀ ਮੁਤਾਬਕ ਕੈਪਟਨ ਨੇ ਦੋ ਮੰਤਰੀਆਂ ਨੂੰ ਬਦਲਣ ਦੀ ਗੱਲ ਕਹੀ ਤਾਂ ਰਾਵਤ ਨੇ ਇਸਨੂੰ ਬਦਲਾਖੋਰੀ ਵਾਲੀ ਸਿਆਸੀ ਦੱਸਦੇ ਹੋਏ ਕਿਹਾ ਕਿ ਇਸ ਨਾਲ ਪਾਰਟੀ ਵਿਚ ਗਲਤ ਸੰਦੇਸ਼ ਜਾਵੇਗਾ। ਰਾਵਤ ਨੇ ਕੈਪਟਨ ਨੂੰ ਮੰਤਰੀਆਂ ਦੇ ਖਦਸ਼ਿਆਂ ਬਾਰੇ ਜਾਣੂ ਕਰਵਾਉਂਦੇ ਹੋਏ ਨਾਰਾਜ਼ ਮੰਤਰੀਆਂ ਨੂੰ ਅਹਿਮ ਵਿਭਾਗ ਦੇਣ ਦਾ ਸੁਝਾਅ ਦਿੱਤਾ। ਦੱਸਿਆ ਗਿਆ ਹੈ ਕਿ ਕੈਪਟਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਮੰਤਰੀ ਮੰਡਲ ਵਿਚੋਂ ਹਟਾਉਣਾ ਚਾਹੁੰਦੇ ਹਨ। ਇਹ ਦੋਵੇਂ ਉਨ੍ਹਾਂ ਚਾਰ ਮੰਤਰੀਆਂ ਵਿਚ ਸ਼ਾਮਲ ਹਨ, ਜਿਨ੍ਹਾਂ ਨੇ ਪਿਛਲੇ ਦਿਨੀਂ ਕੈਪਟਨ ਦੇ ਖ਼ਿਲਾਫ਼ ਅਵਿਸ਼ਵਾਸ ਪ੍ਰਗਟਾਇਆ ਸੀ। ਧਿਆਨ ਰਹੇ ਕਿ ਕੈਪਟਨ-ਸਿੱਧੂ ਵਿਵਾਦ ਨੂੰ ਸੁਲਝਾਉਣ ਵਿਚ ਵੀ ਰਾਵਤ ਨਾਕਾਮ ਸਾਬਤ ਹੋਏ ਹਨ। ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰੀਸ਼ ਰਾਵਤ ਦਾ ਕਹਿਣਾ ਹੈ ਕਿ ਸਾਡੀ ਪੰਜਾਬ ਵਜ਼ਾਰਤ ‘ਚ ਫੇਰਬਦਲ ਨੂੰ ਲੈ ਕੋਈ ਚਰਚਾ ਨਹੀਂ ਹੋਈ।
ਕੈਪਟਨ ਅਮਰਿੰਦਰ, ਸੁੱਖ ਸਰਕਾਰੀਆ ਦਾ ਵਿਭਾਗ ਆਪਣੇ ਕਰੀਬੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਦੇਣਾ ਚਾਹੁੰਦੇ ਹਨ ਅਤੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਮੰਤਰੀ ਮੰਡਲ ਵਿਚ ਲਿਆਉਣਾ ਚਾਹੁੰਦੇ ਹਨ। ਕੈਪਟਨ ਪਹਿਲਾਂ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਬਦਲਣਾ ਚਾਹੁੰਦੇ ਸਨ ਪਰ ਹੁਣ ਉਨ੍ਹਾਂ ਨੇ ਇਹ ਵਿਚਾਰ ਤਿਆਗ ਦਿੱਤਾ ਹੈ।
ਉੱਧਰ, ਸਿੱਧੂ ਤੇ ਕੁਝ ਇਕ ਮੰਤਰੀਆਂ ਵੱਲੋਂ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਚੁੱਕੇ ਗਏ ਸਵਾਲਾਂ ‘ਤੇ ਸਥਿਤੀ ਸਪੱਸ਼ਟ ਕਰਨ ਲਈ ਕੈਪਟਨ ਨੇ ਡੀਜੀਪੀ ਦਿਨਕਰ ਗੁਪਤਾ, ਐੱਸਟੀਐੱਫ ਪ੍ਰਮੁੱਖ ਹਰਪ੍ਰੀਤ ਸਿੱਧੂ ਅਤੇ ਐਡਵੋਕੇਟ ਅਤੁਲ ਨੰਦਾ ਦੀ ਹਰੀਸ਼ ਰਾਵਤ ਨਾਲ ਮੁਲਾਕਾਤ ਕਰਵਾਈ। ਅਧਿਕਾਰੀਆਂ ਨੇ ਵੱਖ-ਵੱਖ ਮੁੱਦਿਆਂ ‘ਤੇ ਕਾਨੂੰਨੀ ਤੇ ਤਕਨੀਕੀ ਪਹਿਲੂਆਂ ਦੀ ਜਾਣਕਾਰੀ ਦਿੱਤੀ। ਮੀਟਿੰਗ ਤੋਂ ਬਾਅਦ ਰਾਵਤ ਨੇ ਕਿਹਾ ਕਿ ਕਾਨੂੰਨੀ ਪਹਿਲੂਆਂ ਦੇ ਕਾਰਨ ਨਿੱਜੀ ਥਰਮਲ ਪਲਾਂਟਾਂ ਦੇ ਨਾਲ ਹੋਏ ਸਮਝੌਤੇ ਰੱਦ ਨਹੀਂ ਕੀਤੇ ਜਾ ਸਕਦੇ। ਪਾਣੀ ਦਾ ਸਮਝੌਤਾ ਦੋ ਰਾਜਾਂ ਵਿਚ ਸੀ ਜਦਕਿ ਬਿਜਲੀ ਸਮਝੌਤੇ ਵਿਚ ਕੇਂਦਰ ਤੇ ਰਾਜ ਸਰਕਾਰ ਅਤੇ ਨਿੱਜੀ ਕੰਪਨੀਆਂ ਤਿੰਨ ਧਿਰਾਂ ਸ਼ਾਮਲ ਹਨ। ਸਰਕਾਰ ਨੂੰ ਕੁਝ ਪ੍ਰਸਤਾਵ ਰੱਦ ਕਰ ਕੇ ਲੋਕਾਂ ਨੂੰ ਸਸਤੀ ਬਿਜਲੀ ਦੇਣੀ ਚਾਹੀਦੀ।
ਰਾਵਤ ਨੇ ਕਿਹਾ ਕਿ ਸਰਕਾਰ ਨੂੰ ਹਾਈ ਕੋਰਟ ਵਿਚ ਡਰੱਗਜ਼ ਮਾਮਲੇ ਨੂੰ ਲੈ ਕੇ ਦਿੱਤੀ ਗਈ ਰਿਪੋਰਟ ਜਲਦੀ ਤੋਂ ਜਲਦੀ ਖੁੱਲ੍ਹਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਉੱਥੇ ਬੇਅਦਬੀ ਸੰਵੇਦਨਸ਼ੀਲ ਮਾਮਲਾ ਹੈ। ਸਰਕਾਰ ਇਸ ਮਾਮਲੇ ਨੂੰ ਪੂਰੀ ਸੰਜੀਦਗੀ ਨਾਲ ਹੱਲ ਕਰ ਕੇ ਲੋਕਾਂ ਦੇ ਨਾਲ ਕੀਤਾ ਗਿਆ ਵਾਅਦਾ ਪੂਰਾ ਕਰੇ। ਖੇਤੀ ਕਾਨੂੰਨਾਂ ‘ਤੇ ਰਾਵਤ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਾਨੂੰਨ ਰੱਦ ਕਰਨ ਲਈ ਵਿਧਾਨ ਸਭਾ ਵਿਚ ਬਿੱਲ ਪਾਸ ਕੀਤੇ ਹਨ। ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਤਿੰਨੋਂ ਕਾਨੂੰਨ ਰੱਦ ਹੋਣੇ ਚਾਹੀਦੇ। ਟਰਾਂਸਪੋਰਟ ਦੇ ਮੁੱਦੇ ‘ਤੇ ਕੈਪਟਨ ਨੇ ਰਾਵਤ ਨੂੰ ਦੱਸਿਆ ਕਿ ਟਰਾਂਸਪੋਰਟ ਪਰਮਿਟ ਨੂੰ ਲੈ ਕੇ ਕਾਨੂੰਨੀ ਰਾਏ ਲਈ ਜਾ ਰਹੀ ਹੈ। ਜਲਦੀ ਹੀ ਇਸ ਦਾ ਹੱਲ ਕਰ ਦਿੱਤਾ ਜਾਵੇਗਾ।
ਕਾਂਗਰਸ, ਅਕਾਲੀ ਦਲ ਤੇ ‘ਆਪ’ ਵਿਚ ਕਲੇਸ਼
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਛੇ ਕੁ ਮਹੀਨੇ ਦਾ ਸਮਾਂ ਰਹਿ ਗਿਆ ਹੈ ਅਤੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਿਚ ਕਲੇਸ਼ ਹੀ ਚੱਲ ਰਿਹਾ ਹੈ। ਇਹ ਚਾਹੇ ਕਾਂਗਰਸ ਪਾਰਟੀ ਹੋਵੇ, ਸ਼੍ਰੋਮਣੀ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਕੈਬਨਿਟ ਵਿਚ ਬਦਲਾਅ ਕਰਕੇ ਅਤੇ ਦੋ ਬਾਗੀ ਮੰਤਰੀਆਂ ਦੀ ਛੁੱਟੀ ਕਰਨਾ ਚਾਹੁੰਦੇ ਹਨ। ਕੈਪਟਨ ਦੀ ਇੱਛਾ ਹੈ ਕਿ ਰਾਣਾ ਕੇ.ਪੀ. ਸਿੰਘ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਵੇ।
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵਿਚ ਵੀ ਕਲੇਸ਼ ਹੀ ਚੱਲ ਰਿਹਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਦੀ 100 ਦਿਨਾ ਯਾਤਰਾ ਸ਼ੁਰੂ ਕੀਤੀ ਹੋਈ ਹੈ ਅਤੇ ਉਹ ਨਾਲੋ-ਨਾਲ ਪਾਰਟੀ ਦੇ ਉਮੀਦਵਾਰਾਂ ਦੇ ਨਾਵਾਂ ਐਲਾਨ ਵੀ ਕਰੀ ਜਾ ਰਹੇ ਹਨ। ਇਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਮੌੜ ਹਲਕੇ ਤੋਂ ਜਗਮੀਤ ਸਿੰਘ ਬਰਾੜ ਨੂੰ ਦਿੱਤੀ ਗਈ ਹੈ ਅਤੇ ਉਥੋਂ ਸਿਕੰਦਰ ਸਿੰਘ ਮਲੂਕਾ ਚੋਣ ਲੜਨ ਦੇ ਚਾਹਵਾਨ ਸਨ, ਜਿਸ ਨੂੰ ਲੈ ਕੇ ਹੁਣ ਮਲੂਕਾ ਨਰਾਜ਼ ਹੋ ਗਏ ਹਨ ਅਤੇ ਕਹਿੰਦੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਦੇ ਕੰਮ ਕਰਨ ਵਿਚ ਬਹੁਤ ਫਰਕ ਹੈ। ਇਹੀ ਹਾਲ ਆਮ ਆਦਮੀ ਪਾਰਟੀ ਦਾ ਹੈ। ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਵੀ ਨਰਾਜ਼ ਚੱਲ ਰਹੇ ਹਨ। ਜਿਸ ਸਬੰਧੀ ਖਬਰਾਂ ਵੀ ਆਮ ਹੀ ਸੁਣਨ ਨੂੰ ਮਿਲ ਰਹੀਆਂ ਹਨ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਿਚ ਜੋ ਖਿੱਚੋਤਾਣ ਦੇਖੀ ਜਾ ਰਹੀ ਹੈ ਉਸ ਤੋਂ ਲਗਦਾ ਹੈ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਹੋਣਗੇ।
Check Also
ਮਾਰਕ ਕਾਰਨੀ ਬਣੇ ਕੈਨੇਡਾ ਦੇ ਪ੍ਰਧਾਨ ਮੰਤਰੀ, ਨਵੇਂ ਮੰਤਰੀਆਂ ਨੇ ਚੁੱਕੀ ਸਹੁੰ
ਭਾਰਤੀ ਮੂਲ ਦੀ ਅਨੀਤਾ ਅਨੰਦ ਵਿਦੇਸ਼ ਮੰਤਰੀ, ਮਨਿੰਦਰ ਸਿੱਧੂ ਵਪਾਰ ਮੰਤਰੀ, ਰਣਦੀਪ ਸਿੰਘ ਸਰਾਏ ਤੇ …