
ਮਾਮਲੇ ਦੀ ਅਗਲੀ ਸੁਣਵਾਈ ਹੁਣ 25 ਅਕਤੂਬਰ ਨੂੰ ਹੋਵੇਗੀ
ਨਵੀਂ ਦਿੱਲੀ/ਬਿਊਰੋ ਨਿਊਜ਼
ਨੌਕਰੀ ਬਦਲੇ ਜ਼ਮੀਨ ਮਨੀ ਲਾਂਡਰਿੰਗ ਮਾਮਲੇ ਵਿਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਰਾਸ਼ਟਰੀ ਜਨਤਾ ਦਲ ਦੇ ਨੇਤਾਵਾਂ ਲਾਲੂ ਪ੍ਰਸਾਦ ਯਾਦਵ, ਤੇਜ ਪ੍ਰਤਾਪ ਯਾਦਵ ਅਤੇ ਤੇਜੱਸਵੀ ਯਾਦਵ ਨੂੰ 1-1 ਲੱਖ ਰੁਪਏ ਦੇ ਜ਼ਮਾਨਤ ਬਾਂਡ ’ਤੇ ਜ਼ਮਾਨਤ ਦੇ ਦਿੱਤੀ ਹੈ। ਧਿਆਨ ਰਹੇ ਕਿ ਇਸ ਮਾਮਲੇ ਵਿਚ ਲਾਲੂ ਪ੍ਰਸਾਦ ਸਣੇ 9 ਵਿਅਕਤੀਆਂ ਨੂੰ ਜ਼ਮਾਨਤ ਮਿਲੀ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ ਹੁਣ 25 ਅਕਤੂਬਰ ਨੂੰ ਹੋਵੇਗੀ। ਅਦਾਲਤ ਨੇ ਇਨ੍ਹਾਂ ਸਾਰੇ 9 ਵਿਅਕਤੀਆਂ ਨੂੰ ਆਪਣੇ-ਆਪਣੇ ਪਾਸਪੋਰਟ ਜਮਾ ਕਰਵਾਉਣ ਦਾ ਨਿਰਦੇਸ਼ ਵੀ ਦਿੱਤਾ ਹੈ। ਇਸ ਮੌਕੇ ਤੇਜੱਸਵੀ ਯਾਦਵ ਨੇ ਕਿਹਾ ਕਿ ਕੇਂਦਰ ਸਰਕਾਰ ਏਜੰਸੀਆਂ ਦੀ ਦੁਰਵਰਤੋਂ ਕਰਦੀ ਹੈ ਅਤੇ ਇਸ ਕੇਸ ਵਿਚ ਕੋਈ ਦਮ ਨਹੀਂ ਹੈ ਤੇ ਸਾਡੀ ਜਿੱਤ ਪੱਕੀ ਹੈ। ਧਿਆਨ ਰਹੇ ਕਿ ਲਾਲੂ ਪ੍ਰਸਾਦ ਯਾਦਵ ’ਤੇ 2004 ਤੋਂ 2009 ਦਰਮਿਆਨ ਭਾਰਤ ਦਾ ਰੇਲ ਮੰਤਰੀ ਰਹਿੰਦਿਆਂ ਉਮੀਦਵਾਰਾਂ ਤੋਂ ਜ਼ਮੀਨ ਲੈ ਕੇ ਉਨ੍ਹਾਂ ਨੂੰ ਨੌਕਰੀਆਂ ਦੇਣ ਦਾ ਆਰੋਪ ਹੈ।