ਵਿਦੇਸ਼ਾਂ ’ਚ ਲੈਣ-ਦੇਣ ਦੇ ਮਾਮਲੇ ਵਿਚ ਹੋ ਰਹੀ ਈਡੀ ਦੀ ਕਾਰਵਾਈ
ਲੁਧਿਆਣਾ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਲੁਧਿਆਣਾ ਸਥਿਤ ਘਰ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਰੇਡ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਈਡੀ ਦੀ ਇਹ ਕਾਰਵਾਈ ਵਿਦੇਸ਼ਾਂ ਵਿਚ ਲੈਣ-ਦੇਣ ਨੂੰ ਲੈ ਕੇ ਹੋਈ ਹੈ। ਇਸ ਮਾਮਲੇ ਵਿਚ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਸ਼ੋਸ਼ਲ ਮੀਡੀਆ ’ਤੇ ਜਾਣਕਾਰੀ ਦਿੱਤੀ ਹੈ ਅਤੇ ਕਿਹਾ ਕਿ ਮੈਂ ਇਕ ਇੱਜ਼ਤਦਾਰ ਨਾਗਰਿਕ ਹਾਂ। ਸਾਡੇ ਘਰ ਦੀ ਤਲਾਸ਼ੀ ਕਿਉਂ ਲਈ ਜਾ ਰਹੀ ਹੈ, ਇਸ ਬਾਰੇ ਕੁਝ ਨਹੀਂ ਪਤਾ ਲੱਗ ਰਿਹਾ। ਅਰੋੜਾ ਨੇ ਕਿਹਾ ਕਿ ਮੈਂ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਾਂਗਾ ਅਤੇ ਉਨ੍ਹਾਂ ਦੇ ਹਰ ਸਵਾਲ ਦਾ ਜਵਾਬ ਵੀ ਦਿਆਂਗਾ। ਉਧਰ ਦੂੁਜੇ ਪਾਸੇ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਇਸ ਮਾਮਲੇ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਦੀ ਜੰਮ ਕੇ ਆਲੋਚਨਾ ਕੀਤੀ ਹੈ ਅਤੇ ਕਿਹਾ ਕਿ ਅੱਜ ਫਿਰ ਮੋਦੀ ਜੀ ਨੇ ਆਪਣੇ ਤੋਤੇ-ਮੈਨਾ ਨੂੰ ਖੁੱਲ੍ਹਾ ਛੱਡ ਦਿੱਤਾ ਹੈ। ਧਿਆਨ ਰਹੇ ਕਿ ਈਡੀ ਨੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀਆਂ ਦੇ ਘਰ ਵੀ ਛਾਪੇ ਮਾਰੇ ਹਨ।